Punjab Infoline

ਪੰਜਾਬੀ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਮੰਤਰੀ ਮੰਡਲ ਵਿੱਚ 7 ਪੰਜਾਬੀ ਸ਼ਾਮਲ, ਜਾਣੋ ਕਿਸ ਨੂੰ ਮਿਲਿਆ ਕਿਹੜਾ ਅਹੁਦਾ

21 Nov, 2026 09:07 AM

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੱਧਕਾਲੀ ਚੋਣਾਂ ਦੌਰਾਨ ਵੱਡੀ ਜਿੱਤ ਹਾਸਲ ਕਰਨ ਤੋਂ ਕਰੀਬ ਇੱਕ ਮਹੀਨੇ ਬਾਅਦ ਕੰਜ਼ਰਵੇਟਿਵ ਪਾਰਟੀ ਨੇ ਆਪਣੀ ਸਰਕਾਰ ਦਾ ਗਠਨ ਕਰ ਲਿਆ ਹੈ। ਮੁੱਖ ਮੰਤਰੀ ਲੌਰਨ ਡੌਰਕਸਨ ਦੀ ਅਗਵਾਈ ਹੇਠ ਹੋਏ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਸਮੇਤ 24 ਮੰਤਰੀਆਂ ਅਤੇ 12 ਪਾਰਲੀਮਾਨੀ ਸਕੱਤਰਾਂ ਨੇ ਸਹੁੰ ਚੁੱਕੀ। ਨਵੀਂ ਸਰਕਾਰ ਵਿੱਚ ਸੱਤ ਪੰਜਾਬੀਆਂ ਨੂੰ ਥਾਂ ਮਿਲੀ ਹੈ, ਜਿਨ੍ਹਾਂ ਵਿੱਚ ਤਿੰਨ ਮੰਤਰੀ ਅਤੇ ਚਾਰ ਪਾਰਲੀਮਾਨੀ ਸਕੱਤਰ ਸ਼ਾਮਲ ਹਨ।

ਤਿੰਨ ਪੰਜਾਬੀਆਂ ਨੂੰ ਮੰਤਰੀ ਅਤੇ ਚਾਰ ਨੂੰ ਪਾਰਲੀਮਾਨੀ ਸਕੱਤਰ ਬਣਾਇਆ

ਵਿਭਾਗਾਂ ਦੀ ਵੰਡ ’ਤੇ ਨਜ਼ਰ ਮਾਰੀਏ ਤਾਂ ਪੰਜਾਬੀ ਮੂਲ ਦੇ ਆਗੂਆਂ ਨੂੰ ਮੁੱਖ ਵਿਭਾਗਾਂ ਤੋਂ ਕੁਝ ਦੂਰ ਰੱਖਿਆ ਗਿਆ ਹੈ। ਜੈਸੀ ਸਹੋਤਾ ਨੂੰ ਸੌਲਿਸਟਰ ਜਨਰਲ ਅਤੇ ਲੋਕ ਸੁਰੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜੀਸ਼ਨ ਵਾਹਲਾ ਨੂੰ ਹਾਊਸਿੰਗ ਵਿਭਾਗ ਦਾ ਰਾਜ ਮੰਤਰੀ ਅਤੇ ਹਰਮਨ ਭੰਗੂ ਨੂੰ ਕਿਰਤ ਵਿਭਾਗ ਦਾ ਰਾਜ ਮੰਤਰੀ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਚਾਰ ਪਾਰਲੀਮਾਨੀ ਸਕੱਤਰਾਂ ਵਿੱਚ ਸਟੀਵ ਕੂਨਰ ਨੂੰ ਇੰਸ਼ੋਰੈਂਸ ਨਿਗਮ ਦੀ ਨਿਗਰਾਨੀ ਸੌਂਪੀ ਗਈ ਹੈ। ਮਨਦੀਪ ਧਾਲੀਵਾਲ ਨੂੰ ਖੇਡਾਂ ਅਤੇ ਸੱਭਿਆਚਾਰਕ ਮਾਮਲਿਆਂ ਨਾਲ ਜੋੜਿਆ ਗਿਆ ਹੈ, ਜਦਕਿ ਜੋਡੀ ਤੂਰ ਨੂੰ ਸੈਰ-ਸਪਾਟਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਰਜ ਧਾਲੀਵਾਲ ਨੂੰ ਸਰਕਾਰੀ ਟਰਾਂਸਪੋਰਟ ਵਿਭਾਗ ਟਰਾਂਸਲਿੰਕ ਦੀ ਨਿਗਰਾਨੀ ਸੌਂਪੀ ਗਈ ਹੈ।

ਕੰਜ਼ਰਵੇਟਿਵ ਪਾਰਟੀ ਨੇ 92 ਵਿੱਚੋਂ ਜਿੱਤੀਆਂ 63 ਸੀਟਾਂ

ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ 92 ਮੈਂਬਰੀ ਵਿਧਾਨ ਸਭਾ ਵਿੱਚ 63 ਸੀਟਾਂ ਜਿੱਤ ਕੇ ਰਿਕਾਰਡ ਬਣਾਇਆ ਹੈ। ਪਿਛਲੇ 9 ਸਾਲਾਂ ਤੋਂ ਨਿਊ ਡੈਮੋਕ੍ਰੈਟਿਕ ਪਾਰਟੀ (NDP), ਗ੍ਰੀਨ ਪਾਰਟੀ ਦੇ ਦੋ ਵਿਧਾਇਕਾਂ ਦੇ ਸਹਿਯੋਗ ਨਾਲ ਘੱਟ ਬਹੁਮਤ ਵਾਲੀ ਸਰਕਾਰ ਚਲਾ ਰਹੀ ਸੀ। ਜੁਲਾਈ 2017 ਵਿੱਚ ਐੱਨਡੀਪੀ ਨੇ 12 ਸਾਲਾਂ ਤੋਂ ਸੱਤਾ ’ਤੇ ਕਾਬਜ਼ ਲਿਬਰਲ ਪਾਰਟੀ ਤੋਂ ਸੱਤਾ ਖੋਹੀ ਸੀ।

24 ਮੈਂਬਰੀ ਮੰਤਰੀ ਮੰਡਲ ਵਿੱਚ 8 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਐੱਨਡੀਪੀ ਦੀਆਂ ਪਿਛਲੀਆਂ ਸਰਕਾਰਾਂ ਵਿੱਚ ਔਰਤਾਂ ਅਤੇ ਮਰਦਾਂ ਵਿਚਾਲੇ ਸੰਤੁਲਨ ਬਣਾਇਆ ਜਾਂਦਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਐੱਨਡੀਪੀ ਆਗੂ ਡੇਵਿਡ ਈਬੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦਾ ਕਾਰਜਕਾਲ ਅਜੇ ਦੋ ਸਾਲ ਬਾਕੀ ਸੀ। ਪਰ ਡੇਵਿਡ ਈਬੀ ਨੇ ਦੋ ਸਾਲ ਦੇ ਵਾਧੇ ਦਾ ਲਾਹਾ ਲੈਣ ਲਈ ਵਿਧਾਨ ਸਭਾ ਭੰਗ ਕਰਕੇ ਮੱਧਕਾਲੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਸੀ। ਹਾਲਾਂਕਿ, ਉਨ੍ਹਾਂ ਦਾ ਇਹ ਦਾਅ ਪੁੱਠਾ ਪੈ ਗਿਆ ਅਤੇ ਦੋ ਸਾਲ ਹੋਰ ਰਾਜ ਕਰਨ ਦੀ ਕੋਸ਼ਿਸ਼ ਵਿੱਚ ਉਹ ਬਾਕੀ ਰਹਿੰਦੇ ਦੋ ਸਾਲਾਂ ਦਾ ਕਾਰਜਕਾਲ ਵੀ ਗਵਾ ਬੈਠੇ।

Latest News