ਭਾਜਪਾ ਬਠਿੰਡਾ ’ਚ ਕਰਵਾਏਗੀ PM ਮੋਦੀ ਦੀ ਰੈਲੀ, ਦੀਵਾਲੀ ਤੋਂ ਬਾਅਦ ਪੰਜਾਬ ਆਉਣ ਦੀ ਤਿਆਰੀ
ਪੰਜਾਬ ਵਿੱਚ ਸਿਆਸੀ ਸਰਗਰਮੀਆਂ ਤੇਜ਼ ਕਰਨ ਲਈ ਭਾਜਪਾ ਵੱਲੋਂ ਦੀਵਾਲੀ ਤੋਂ ਬਾਅਦ ਬਠਿੰਡਾ ਅਤੇ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਭਾਜਪਾ ਨੇ ਕੁਝ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਸਿਆਸੀ ਰੈਲੀਆਂ ਲਈ ਸਮਾਂ ਮੰਗਿਆ ਸੀ।
ਭਾਜਪਾ ਪਹਿਲਾਂ ਹੀ ਮਾਲਵੇ ਵਿੱਚ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਬਣਾ ਰਹੀ ਸੀ, ਪਰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਦੇ ਮੱਦੇਨਜ਼ਰ ਪਾਰਟੀ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
ਮਾਲਵੇ ਦੀਆਂ 69 ਵਿਧਾਨ ਸਭਾ ਸੀਟਾਂ ’ਤੇ ਭਾਜਪਾ ਦੀ ਨਜ਼ਰ
117 ਮੈਂਬਰੀ ਪੰਜਾਬ ਵਿਧਾਨ ਸਭਾ ਦੀਆਂ 69 ਸੀਟਾਂ ਮਾਲਵਾ ਖੇਤਰ ਵਿੱਚ ਹਨ। ਇਸ ਇਲਾਕੇ ਨੂੰ ਕਿਸਾਨ ਜਥੇਬੰਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਦਿੱਲੀ ਕਿਸਾਨ ਅੰਦੋਲਨ ਵਿੱਚ ਵੀ ਇਸ ਖੇਤਰ ਵਿੱਚੋਂ ਸਭ ਤੋਂ ਵੱਧ ਲੋਕ ਪਹੁੰਚੇ ਸਨ।
ਸੂਤਰਾਂ ਮੁਤਾਬਕ, ਜੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਗੱਲ ਸਿਰੇ ਚੜ੍ਹ ਜਾਂਦੀ ਹੈ ਤਾਂ ਬਠਿੰਡਾ ਵਿੱਚ ਮੋਦੀ ਦੀ ਰੈਲੀ ਰਾਹੀਂ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।
ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਜੁੜੇ ਮਾਮਲੇ ’ਤੇ ਵੀ ਨਜ਼ਰ
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 20 ਅਕਤੂਬਰ ਨੂੰ ਪੰਜਾਬ ਦੌਰੇ ਦੌਰਾਨ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ। ਇਨ੍ਹਾਂ ਵਿੱਚ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਪਰਿਵਾਰ ਵੀ ਸ਼ਾਮਲ ਸੀ।
ਬੀਤੇ ਦਿਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਵੱਲੋਂ ਰਾਹੁਲ ਗਾਂਧੀ ਨੂੰ ਮਿਲਣ ਤੋਂ ਇਨਕਾਰ ਕਰਨ ਨੂੰ ਭਾਜਪਾ ਸੁਖਾਵੇਂ ਸੰਕੇਤ ਵਜੋਂ ਦੇਖ ਰਹੀ ਹੈ।
ਹਾਲੇ ਰੈਲੀ ਦੀ ਤਰੀਕ ਤੈਅ ਨਹੀਂ: ਕੇਵਲ ਢਿੱਲੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਠਿੰਡਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਕਰਵਾਉਣਾ ਤੈਅ ਹੈ, ਪਰ ਅਜੇ ਇਸ ਦੀ ਤਰੀਕ ਨਿਰਧਾਰਤ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਦੋਆਬੇ ਤੋਂ ਬਾਅਦ ਹੁਣ ਮਾਲਵੇ ਵਿੱਚ ਪ੍ਰਧਾਨ ਮੰਤਰੀ ਦੇ ਵੱਡੇ ਸਮਾਗਮ ਕਰਵਾਏ ਜਾਣਗੇ। ਪ੍ਰਧਾਨ ਮੰਤਰੀ ਦਫ਼ਤਰ ਤੋਂ ਸਿਆਸੀ ਰੈਲੀ ਲਈ ਸਮਾਂ ਮਿਲਦੇ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
```