ਸ਼ੀਸ਼ ਮਹਿਲ ਦੇ ਅੰਦਰੂਨੀ ਵੇਰਵੇ ਜਨਤਕ, 58.83 ਕਰੋੜ ਰੁਪਏ ਦੇ ਖਰਚ ਅਤੇ ਮਹਿੰਗੀਆਂ ਸਹੂਲਤਾਂ ’ਤੇ ਚਰਚਾ ਤੇਜ਼
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਰਹੇ 6, ਫਲੈਗਸਟਾਫ ਰੋਡ ਸਥਿਤ ਬੰਗਲੇ ਦੇ ਅੰਦਰੂਨੀ ਵੇਰਵੇ ਜਨਤਕ ਹੋਣ ਤੋਂ ਬਾਅਦ ਇਸ ’ਤੇ ਸਿਆਸੀ ਚਰਚਾ ਮੁੜ ਤੇਜ਼ ਹੋ ਗਈ ਹੈ। ਭਾਜਪਾ ਵੱਲੋਂ ‘ਸ਼ੀਸ਼ ਮਹਿਲ’ ਦਾ ਨਾਮ ਦਿੱਤੇ ਗਏ ਇਸ ਬੰਗਲੇ ਵਿੱਚ 5.80 ਲੱਖ ਰੁਪਏ ਦਾ ਪਾਊਡਰ ਰੂਮ, 41.16 ਲੱਖ ਰੁਪਏ ਦੀ ਬੈਠਕ ਅਤੇ 7.58 ਲੱਖ ਰੁਪਏ ਦਾ ਲੌਬੀ ਖੇਤਰ ਦਿਖਾਇਆ ਗਿਆ ਹੈ।
ਦਿੱਲੀ ਸਰਕਾਰ ਨੇ ਬੰਗਲੇ ਨੂੰ ਮੀਡੀਆ ਲਈ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਅੰਦਰੂਨੀ ਹਿੱਸਾ ਦਿਖਾਉਣ ਲਈ ਲਗਪਗ 20 ਰੁਪਏ ਦੀ ਟਿਕਟ ਲੈਣ ਦੀ ਯੋਜਨਾ ਬਣਾਈ ਜਾ ਰਹੀ ਹੈ।
2015 ਤੋਂ ਅਕਤੂਬਰ 2024 ਤੱਕ ਕੇਜਰੀਵਾਲ ਅਤੇ ਉਨ੍ਹਾਂ ਦਾ ਪਰਿਵਾਰ ਇਸ ਬੰਗਲੇ ਵਿੱਚ ਰਹੇ ਸਨ। ਇਸ ਵਿੱਚ ਅੱਠ ਬੈੱਡਰੂਮ, 12 ਪਖਾਨੇ, ਜਕੂਜ਼ੀ ਬਾਥ, ਸਪਾ, ਮਹਿੰਗੇ ਗਲੀਚੇ ਅਤੇ ਪੰਜ ਓ ਐੱਲ ਈ ਡੀ (OLED) ਟੈਲੀਵਿਜ਼ਨ ਮੌਜੂਦ ਹਨ।
ਬੰਗਲੇ ਦੀ ਸਾਂਭ-ਸੰਭਾਲ ਹੁਣ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੇ ਅਧੀਨ ਹੈ। ਵਿਭਾਗ ਨੇ ਸਫਾਈ ਅਤੇ ਰੱਖ-ਰਖਾਅ ਲਈ ਲਗਪਗ 10 ਕਰਮਚਾਰੀ ਤਾਇਨਾਤ ਕੀਤੇ ਹਨ। ਹਾਲਾਂਕਿ, ਆਮ ਲੋਕਾਂ ਲਈ ਪ੍ਰਸਤਾਵਿਤ ਪ੍ਰਦਰਸ਼ਨੀ ਇੱਕ ਅਸਥਾਈ ਪ੍ਰਬੰਧ ਹੋ ਸਕਦੀ ਹੈ। ਸਰਕਾਰ ਸੀਮਤ ਸਮੇਂ ਲਈ ਲੋਕਾਂ ਨੂੰ ਇਹ ਥਾਂ ਦਿਖਾਉਣ ਤੋਂ ਬਾਅਦ ਜਾਇਦਾਦ ਇੱਕ ਨਿੱਜੀ ਪ੍ਰਾਹੁਣਚਾਰੀ ਕੰਪਨੀ ਨੂੰ ਸੌਂਪਣ ਬਾਰੇ ਵਿਚਾਰ ਕਰ ਰਹੀ ਹੈ। ਇਸ ਤੋਂ ਬਾਅਦ ਇੱਥੇ ਸਰਕਾਰੀ ਕਾਨਫਰੰਸਾਂ, ਮੀਟਿੰਗਾਂ ਅਤੇ ਦੁਪਹਿਰ ਦੇ ਖਾਣੇ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ।
ਸਰਕਾਰੀ ਸੂਤਰਾਂ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਆਖ਼ਰਕਾਰ ਇਹ ਜਾਇਦਾਦ ਸਟੇਟ ਗੈਸਟ ਹਾਊਸ ਵਜੋਂ ਪ੍ਰਾਹੁਣਚਾਰੀ ਦੇ ਸਥਾਨ ਵਿੱਚ ਤਬਦੀਲ ਹੋ ਸਕਦੀ ਹੈ।
ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬੰਗਲਾ ਖਾਲੀ ਕਰਨ ਤੋਂ ਬਾਅਦ ਪੀ.ਡਬਲਿਊ.ਡੀ. ਨੇ ਇਸ ਦੇ ਅੰਦਰੂਨੀ ਹਿੱਸੇ ਦਾ ਪੂਰੀ ਤਰ੍ਹਾਂ ਆਡਿਟ ਕੀਤਾ ਸੀ। ਪ੍ਰਸਤਾਵਿਤ ਟਿਕਟ ਪ੍ਰਣਾਲੀ ਰਾਹੀਂ ਲੋਕਾਂ ਨੂੰ ਜਾਇਦਾਦ ਦੇਖਣ ਦਾ ਮੌਕਾ ਮਿਲ ਸਕਦਾ ਹੈ। ਹਾਲਾਂਕਿ, ਸਰਕਾਰ ਵੱਲੋਂ ਅਜੇ ਬੁਕਿੰਗ ਪ੍ਰਬੰਧਾਂ, ਦੇਖਣ ਦੇ ਸਮੇਂ ਅਤੇ ਪ੍ਰਬੰਧਨ ਮਾਡਲ ਬਾਰੇ ਅੰਤਿਮ ਐਲਾਨ ਨਹੀਂ ਕੀਤਾ ਗਿਆ।
ਬੰਗਲੇ ਦੇ ਵੱਖ-ਵੱਖ ਹਿੱਸਿਆਂ ਦੀ ਲਾਗਤ ਦੇ ਵੇਰਵਿਆਂ ਮੁਤਾਬਕ, ਸਲਾਈਡਿੰਗ ਦਰਵਾਜ਼ੇ ਵਾਲੀ ਬੈਠਕ ਦੀ ਕੀਮਤ 41.16 ਲੱਖ ਰੁਪਏ, ਪਾਊਡਰ ਰੂਮ ਦੀ 5.80 ਲੱਖ ਰੁਪਏ ਅਤੇ ਲੌਬੀ ਖੇਤਰ ਦੀ 7.58 ਲੱਖ ਰੁਪਏ ਦੱਸੀ ਗਈ ਹੈ। ਇਸ ਤੋਂ ਇਲਾਵਾ ਰਸੋਈ ਵਿੱਚ ਲੱਗੇ ਡੰਬਵੇਟਰ, ਯਾਨੀ ਸਾਮਾਨ ਉੱਪਰ-ਹੇਠਾਂ ਲਿਜਾਣ ਵਾਲੀ ਛੋਟੀ ਲਿਫਟ, ਦੀ ਕੀਮਤ 7 ਲੱਖ ਰੁਪਏ ਦਰਸਾਈ ਗਈ ਹੈ।
ਜ਼ਿਕਰਯੋਗ ਹੈ ਕਿ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਇਸ ਬੰਗਲੇ ਦੀ ਸਜਾਵਟ ਅਤੇ ਹੋਰ ਕੰਮਾਂ ’ਤੇ ਬੇਲੋੜਾ ਤੇ ਭਾਰੀ ਖਰਚ ਕਰਨ ਦੇ ਦੋਸ਼ ਲਗਾਏ ਸਨ। ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਕੇਜਰੀਵਾਲ ਦੇ ਸਾਦਗੀ ਭਰੇ ‘ਆਮ ਆਦਮੀ’ ਵਾਲੇ ਅਕਸ ਦੇ ਉਲਟ ਦੱਸਿਆ ਸੀ।
ਇਸ ਜਾਇਦਾਦ ਦੀ ਦੇਖ-ਰੇਖ ਕਰਨ ਵਾਲੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪਰਵੇਸ਼ ਵਰਮਾ ਨੇ ਕਿਹਾ, “ਸਾਡਾ ਇੱਕੋ-ਇੱਕ ਮਕਸਦ ਇਹ ਹੈ ਕਿਉਂਕਿ ਇਸ ਵਿੱਚ ਜਨਤਾ ਦਾ ਪੈਸਾ—ਟੈਕਸਦਾਤਾਵਾਂ ਦਾ ਪੈਸਾ—ਲੱਗਿਆ ਹੈ, ਇਸ ਲਈ ਅਸੀਂ ਜਨਤਾ ਨੂੰ ਇੱਕ-ਇੱਕ ਪੈਸੇ ਦਾ ਹਿਸਾਬ ਦੇਣ ਲਈ ਜਵਾਬਦੇਹ ਹਾਂ। ਸਾਨੂੰ ਇਹ ਬਿਲਕੁਲ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਫੰਡ ਕਿੱਥੇ ਖਰਚ ਕੀਤੇ ਗਏ ਹਨ ਅਤੇ ਅਸਲ ਵਿੱਚ ਹਰ ਸਰਕਾਰ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ।”
ਦਿੱਲੀ ਦੇ ਸੱਭਿਆਚਾਰ ਮੰਤਰੀ ਕਪਿਲ ਮਿਸ਼ਰਾ ਨੇ ਵੀ ਕਿਹਾ ਕਿ ਅੱਜ ਤੋਂ ਦਿੱਲੀ ਅਤੇ ਦੇਸ਼ ਭਰ ਦੇ ਲੋਕ ਇਸ ‘ਸ਼ੀਸ਼ ਮਹਿਲ’ ਨੂੰ ਦੇਖ ਸਕਣਗੇ। ਉਨ੍ਹਾਂ ਕਿਹਾ, “ਅੱਜ ਇਸ ਨੂੰ ਮੀਡੀਆ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਤੁਹਾਡੇ ਕੈਮਰਿਆਂ ਰਾਹੀਂ ਪੂਰਾ ਦੇਸ਼ ਭ੍ਰਿਸ਼ਟਾਚਾਰ ਅਤੇ ਲੁੱਟ ਦੀ ਉਸ ਘਿਨਾਉਣੀ ਖੇਡ ਨੂੰ ਦੇਖੇਗਾ, ਜੋ ਕੇਜਰੀਵਾਲ ਨੇ ਉਸ ਸਮੇਂ ਖੇਡੀ ਸੀ ਜਦੋਂ ਕੋਵਿਡ-19 ਮਹਾਂਮਾਰੀ ਦੌਰਾਨ ਦਿੱਲੀ ਆਕਸੀਜਨ ਲਈ ਤਰਸ ਰਹੀ ਸੀ।”
ਫਿਲਹਾਲ, ਸ਼ੀਸ਼ ਮਹਿਲ ਵਿਵਾਦ ਸਿਆਸੀ ਬਿਆਨਬਾਜ਼ੀ ਤੋਂ ਅੱਗੇ ਵਧ ਕੇ ਇੱਕ ਅਜਿਹੀ ਜਾਇਦਾਦ ਤੱਕ ਪਹੁੰਚ ਗਿਆ ਹੈ, ਜਿਸ ਨੂੰ ਆਮ ਲੋਕ ਵੀ ਜਲਦੀ ਦੇਖ ਸਕਣਗੇ।