ਪੰਜਾਬ ਕਾਂਗਰਸ ਪ੍ਰਧਾਨ ਦੀ ਦੌੜ ’ਚ ਵਿਜੈਇੰਦਰ ਸਿੰਗਲਾ ਸਭ ਤੋਂ ਅੱਗੇ, ਰਾਜਾ ਵੜਿੰਗ ਦੀ ਥਾਂ ਲੈਣ ਦੀ ਚਰਚਾ
ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਸੰਯੁਕਤ ਖ਼ਜ਼ਾਨਚੀ ਅਤੇ ਸੰਗਰੂਰ ਤੋਂ ਸਾਬਕਾ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਲੈਣ ਲਈ ਮੋਹਰੀ ਦਾਅਵੇਦਾਰ ਵਜੋਂ ਉੱਭਰ ਰਹੇ ਹਨ। ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਜਲਦ ਬਦਲੇ ਜਾਣ ਦੀਆਂ ਚਰਚਾਵਾਂ ਹਨ।
The Tribune ਦੀ ਰਿਪੋਰਟ ਮੁਤਾਬਕ, ਸਿੰਗਲਾ ਪਹਿਲਾਂ ਵੀ ਰਾਜਾ ਵੜਿੰਗ ਦੀ ਥਾਂ ਲੈਣ ਲਈ ਪਸੰਦੀਦਾ ਆਗੂ ਸਨ। ਹਾਲਾਂਕਿ, ਉਸ ਸਮੇਂ ਇਹ ਫ਼ੈਸਲਾ ਰੋਕ ਦਿੱਤਾ ਗਿਆ ਸੀ, ਜਦੋਂ ਪੰਜਾਬ ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਸੀ।
ਪੰਜਾਬ ਕਾਂਗਰਸ ਦੀ ਅਗਵਾਈ ’ਤੇ ਮੁੜ ਚਰਚਾ
ਰਿਪੋਰਟ ਮੁਤਾਬਕ, ਪੰਜਾਬ ਕਾਂਗਰਸ ਦੀ ਅਗਵਾਈ ਨੂੰ ਲੈ ਕੇ ਪਾਰਟੀ ਨੇ ਆਪਣੀ ਰਣਨੀਤੀ ’ਤੇ ਮੁੜ ਵਿਚਾਰ ਕੀਤਾ ਹੈ। ਇਹ ਚਰਚਾ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਇਕਾਈ ਦੀ ਅਗਵਾਈ ਵਿੱਚ ਬਦਲਾਅ ਦੀਆਂ ਸੰਭਾਵਨਾਵਾਂ ਦਰਮਿਆਨ ਹੋ ਰਹੀ ਹੈ।
ਤਾਜ਼ਾ ਰਿਪੋਰਟਾਂ ਮੁਤਾਬਕ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ, ਜਦਕਿ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਜਲਦ ਹੋਣ ਦੀਆਂ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਹਨ। ਵਿਜੈਇੰਦਰ ਸਿੰਗਲਾ ਤੋਂ ਇਲਾਵਾ ਪਰਗਟ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਨਾਮ ਵੀ ਚਰਚਾ ਵਿੱਚ ਹਨ।