Punjab Infoline

ਪੰਜਾਬੀ

ਪੰਜਾਬ ’ਚ ‘ਆਪ’ ਨੇ ਚੋਣਾਂ ਲਈ ਖੋਲ੍ਹੇ ਪੱਤੇ, ਪੰਜਾਬ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ

31 Oct, 2026 04:25 PM

ਆਮ ਆਦਮੀ ਪਾਰਟੀ (AAP) ਨੇ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਚੋਣ ਲੜਨਗੇ। ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿੱਚ ਮੌਜੂਦਾ ਵਿਧਾਇਕਾਂ ’ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਮੁੜ ਉਮੀਦਵਾਰ ਬਣਾਇਆ ਹੈ।

ਸੂਚੀ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਵੀ ਲੁਧਿਆਣਾ ਪੱਛਮੀ ਤੋਂ ਮੁੜ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚਾਰ ਮੌਜੂਦਾ ਮਹਿਲਾ ਵਿਧਾਇਕਾਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਨ੍ਹਾਂ ਵਿੱਚ ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ, ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਬਲਾਚੌਰ ਤੋਂ ਸੰਤੋਸ਼ ਕਟਾਰੀਆ ਅਤੇ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਸ਼ਾਮਲ ਹਨ।

ਪਹਿਲੀ ਸੂਚੀ ਵਿੱਚ ਮਾਝਾ ਖੇਤਰ ਦੀਆਂ 5, ਦੁਆਬੇ ਦੀਆਂ 8 ਅਤੇ ਮਾਲਵਾ ਖੇਤਰ ਦੀਆਂ 27 ਵਿਧਾਨ ਸਭਾ ਸੀਟਾਂ ਲਈ ਉਮੀਦਵਾਰ ਐਲਾਨੇ ਗਏ ਹਨ।

ਭਗਵੰਤ ਮਾਨ ਮੁੜ ਧੂਰੀ ਤੋਂ ਲੜਨਗੇ ਚੋਣ

ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਧੂਰੀ ਤੋਂ ਉਮੀਦਵਾਰ ਐਲਾਨੇ ਜਾਣ ਨਾਲ ਉਨ੍ਹਾਂ ਸਿਆਸੀ ਚਰਚਾਵਾਂ ’ਤੇ ਵਿਰਾਮ ਲੱਗ ਗਿਆ ਹੈ, ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਆਪਣਾ ਵਿਧਾਨ ਸਭਾ ਹਲਕਾ ਬਦਲਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਸਨ।

ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਧੂਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

ਕੇਜਰੀਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸੂਚੀ ਨੂੰ ਮਨਜ਼ੂਰੀ

ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਮਨਜ਼ੂਰੀ ਦਿੱਤੀ ਗਈ।

ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੌਜੂਦ ਸਨ। ਇਸ ਤੋਂ ਪਹਿਲਾਂ ਲੰਘੇ ਦਿਨ ਪਾਰਟੀ ਵੱਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।

ਪਹਿਲੀ ਸੂਚੀ ਵਿੱਚ ਸੰਜੀਵ ਅਰੋੜਾ ਨੂੰ ਛੱਡ ਕੇ ਬਾਕੀ ਕੈਬਨਿਟ ਮੰਤਰੀਆਂ ਦੇ ਨਾਂ ਸ਼ਾਮਲ ਨਹੀਂ ਕੀਤੇ ਗਏ ਹਨ। ਸੰਜੀਵ ਅਰੋੜਾ ਇਸ ਸਮੇਂ ਜੇਲ੍ਹ ਵਿੱਚ ਹਨ।

ਪੰਜ ਵਿਧਾਇਕਾਂ ਨੂੰ ਤੀਜੀ ਵਾਰ ਮਿਲੀ ਟਿਕਟ

ਪਾਰਟੀ ਨੇ ਪੰਜ ਮੌਜੂਦਾ ਵਿਧਾਇਕਾਂ ਨੂੰ ਤੀਜੀ ਵਾਰ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿੱਚ ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ ਅਤੇ ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ ਰੋੜੀ ਦੇ ਨਾਂ ਸ਼ਾਮਲ ਹਨ।

ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮੌਜੂਦਾ 35 ਵਿਧਾਇਕ ਦੂਜੀ ਵਾਰ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ।

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਕਰੀਬ 19 ਹਲਕਾ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਦੂਜੀ ਸੂਚੀ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸਮੇਂ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ 94 ਵਿਧਾਇਕ ਹਨ।

ਲੋਕ ਸਰਵੇਖਣ ਦੇ ਆਧਾਰ ’ਤੇ ਚੁਣੇ ਉਮੀਦਵਾਰ: ਭਗਵੰਤ ਮਾਨ

ਪਾਰਟੀ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਲੋਕ ਸਰਵੇਖਣ ਦੇ ਆਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਮੁਤਾਬਕ, ਜਿਸ ਉਮੀਦਵਾਰ ਨੂੰ ਹਲਕੇ ਦੇ ਲੋਕਾਂ ਵੱਲੋਂ ਵੱਧ ਸਮਰਥਨ ਮਿਲਿਆ, ਉਸ ਨੂੰ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਮੁੱਖ ਮੰਤਰੀ ਨੇ ਐਲਾਨੇ ਗਏ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵੱਲੋਂ ਨਵੇਂ ਚਿਹਰਿਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਉਮੀਦਵਾਰ ਐਲਾਨਣ ਨਾਲ ਨਵੇਂ ਉਮੀਦਵਾਰਾਂ ਨੂੰ ਲੋਕਾਂ ਤੱਕ ਪਹੁੰਚਣ ਲਈ ਵਧੇਰੇ ਸਮਾਂ ਮਿਲੇਗਾ।

ਭਗਵੰਤ ਮਾਨ ਨੇ ਕਾਂਗਰਸ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਬਗਾਵਤ ਦੇ ਡਰ ਕਾਰਨ ਕਾਂਗਰਸ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਦੇਰੀ ਕਰਦੀ ਹੈ।

 

 

Latest News