Punjab Infoline

ਪੰਜਾਬੀ

SIR ਵਿੱਚ ਇਤਰਾਜ਼ ਦਰਜ ਕਰਵਾਉਣ ਦੀ ਆਖਰੀ ਤਾਰੀਖ ਅੱਜ, ਨਵੇਂ ਵੋਟਰ ਵੀ ਅੱਜ ਕਰ ਸਕਣਗੇ ਰਜਿਸਟ੍ਰੇਸ਼ਨ

12 Sep, 2026 10:12 AM

ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਤਹਿਤ ਡਰਾਫਟ ਵੋਟਰ ਸੂਚੀ ਸਬੰਧੀ ਇਤਰਾਜ਼ ਦਰਜ ਕਰਵਾਉਣ ਅਤੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਅੱਜ ਆਖਰੀ ਦਿਨ ਹੈ। ਚੋਣ ਕਮਿਸ਼ਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਡਰਾਫਟ ਵੋਟਰ ਸੂਚੀ ਵਿੱਚ ਕਿਸੇ ਨਾਮ ਜਾਂ ਜਾਣਕਾਰੀ ਸਬੰਧੀ ਇਤਰਾਜ਼ ਹੈ ਤਾਂ ਉਹ ਅੱਜ ਹੀ ਆਪਣਾ ਇਤਰਾਜ਼ ਦਰਜ ਕਰਵਾਉਣ।

ਇਸ ਤੋਂ ਇਲਾਵਾ ਜਿਹੜੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ 1 ਅਕਤੂਬਰ 2026 ਤੱਕ 18 ਸਾਲ ਦੀ ਉਮਰ ਪੂਰੀ ਕਰ ਰਹੇ ਹਨ, ਉਹ ਵੀ ਅੱਜ ਹੀ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ। ਅੱਜ ਤੱਕ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਦੇ ਆਧਾਰ ’ਤੇ ਹੀ ਨਾਮ ਫਾਈਨਲ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾ ਸਕਣਗੇ।

ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੋਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਸ ਦੇ ਜਵਾਬ ਵਿੱਚ ਜਾਂ ਦਸਤਾਵੇਜ਼ਾਂ ਦੀ ਤਸਦੀਕ ਦੌਰਾਨ ਝੂਠੀ, ਫਰਜ਼ੀ ਜਾਂ ਮਨਘੜਤ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਵਿਅਕਤੀ ਵੋਟ ਬਣਵਾਉਣ ਲਈ BLO, ARO ਜਾਂ ERO ਨੂੰ ਗਲਤ ਜਾਣਕਾਰੀ ਦਿੰਦਾ ਹੈ ਤਾਂ ਉਸ ਖ਼ਿਲਾਫ਼ BNS ਦੀ ਧਾਰਾ 217 ਤਹਿਤ FIR ਦਰਜ ਹੋ ਸਕਦੀ ਹੈ। ਇਸ ਤਹਿਤ ਝੂਠੀ ਜਾਣਕਾਰੀ ਦੇਣ ’ਤੇ ਇੱਕ ਸਾਲ ਤੱਕ ਦੀ ਕੈਦ, 10 ਹਜ਼ਾਰ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਇਸੇ ਤਰ੍ਹਾਂ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਵਾਉਣ, ਕਟਵਾਉਣ ਜਾਂ ਸੋਧ ਲਈ ਝੂਠਾ ਹਲਫ਼ਨਾਮਾ ਜਾਂ ਘੋਸ਼ਣਾ ਪੱਤਰ ਦੇਣ ’ਤੇ ਵੀ ਇੱਕ ਸਾਲ ਤੱਕ ਦੀ ਸਜ਼ਾ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਚੋਣ ਵਿਭਾਗ ਵੱਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਸਬੰਧਤ ਵਿਭਾਗਾਂ ਰਾਹੀਂ ਕਰਾਸ-ਵੈਰੀਫਿਕੇਸ਼ਨ ਕਰਵਾਈ ਜਾਵੇਗੀ। ਜਾਂਚ ਦੌਰਾਨ ਜੇਕਰ ਕੋਈ ਦਸਤਾਵੇਜ਼ ਫਰਜ਼ੀ, ਜਾਅਲੀ ਜਾਂ ਮਨਘੜਤ ਪਾਇਆ ਗਿਆ ਤਾਂ ਸਬੰਧਤ ਵਿਅਕਤੀ ਖ਼ਿਲਾਫ਼ ਸਿੱਧਾ ਅਪਰਾਧਿਕ ਮਾਮਲਾ ਦਰਜ ਕੀਤਾ ਜਾ ਸਕਦਾ ਹੈ।

Posted By: Punjab Infoline Bureau

Latest News