Punjab Infoline

ਪੰਜਾਬੀ

ਬਿਲਕਿਸ ਬਾਨੋ ਕੇਸ: ਦੋ ਦੋਸ਼ੀਆਂ ਨੂੰ ਜ਼ਮਾਨਤ ਮਿਲਣ ’ਤੇ ਛਲਕਿਆ ਦਰਦ, ਕਿਹਾ- ‘ਨਿਆਂ ਮਿਲਣ ਦੀ ਉਮੀਦ ਟੁੱਟਦੀ ਦਿਖ ਰਹੀ’

17 Nov, 2026 04:05 PM

Bilkis Bano Case: ਸੁਪਰੀਮ ਕੋਰਟ ਨੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਨ੍ਹਾਂ ਦੇ ਪਰਿਵਾਰ ਦੇ 7 ਮੈਂਬਰਾਂ ਦੇ ਕਤਲ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਰਾਹਤ ਦੇ ਦਿੱਤੀ ਹੈ। ਇਸ ਫੈਸਲੇ ’ਤੇ ਬਿਲਕਿਸ ਬਾਨੋ ਨੇ ਡੂੰਘਾ ਦੁੱਖ, ਸਦਮਾ ਅਤੇ ਅਵਿਸ਼ਵਾਸ ਪ੍ਰਗਟ ਕੀਤਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਕਿਵੇਂ ਮੁਅੱਤਲ ਕਰ ਦਿੱਤੀ ਗਈ।

ਮੀਡੀਆ ਨੂੰ ਜਾਰੀ ਬਿਆਨ ਵਿੱਚ ਬਿਲਕਿਸ ਬਾਨੋ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹੁਕਮ ਬਾਰੇ ਅਦਾਲਤ ਤੋਂ ਨਹੀਂ, ਸਗੋਂ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ। ਉਨ੍ਹਾਂ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਬੁਲਾਏ ਬਿਨਾਂ ਜਾਂ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਕੋਈ ਹੁਕਮ ਜਾਰੀ ਕੀਤਾ ਹੈ।

ਬਿਲਕਿਸ ਬਾਨੋ ਨੇ ਆਪਣੇ ਬਿਆਨ ਵਿੱਚ ਕਿਹਾ, "ਦਰਦ, ਸਦਮੇ ਅਤੇ ਅਵਿਸ਼ਵਾਸ ਦੇ ਵਿਚਕਾਰ ਮੇਰੇ ਕੋਲ ਸ਼ਬਦਾਂ ਦੀ ਘਾਟ ਹੈ। ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਦੂਜੀ ਵਾਰ, ਸੁਪਰੀਮ ਕੋਰਟ ਨੇ ਮੈਨੂੰ ਬੁਲਾਏ ਬਿਨ੍ਹਾਂ ਜਾਂ ਮੇਰੀ ਸੁਣਵਾਈ ਕੀਤੇ ਬਿਨਾਂ ਆਪਣਾ ਹੁਕਮ ਦੇ ਦਿੱਤਾ। ਮੈਨੂੰ ਇਸ ਬਾਰੇ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ।"

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨਾਲ ਇਹ ਘਟਨਾ ਵਾਪਰੀ ਸੀ, ਉਦੋਂ ਉਹ ਮਹਿਜ਼ 19 ਸਾਲ ਦੀ ਸੀ। ਉਸ ਸਮੇਂ ਉਨ੍ਹਾਂ ਦੀ ਛੋਟੀ ਧੀ, ਪਰਿਵਾਰ, ਘਰ ਅਤੇ ਇਨਸਾਨੀਅਤ ਤੋਂ ਉਨ੍ਹਾਂ ਦਾ ਭਰੋਸਾ ਹਮੇਸ਼ਾ ਲਈ ਟੁੱਟ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ 24 ਸਾਲਾਂ ਤੋਂ ਉਹ ਆਪਣੇ ਲਈ ਅਤੇ ਹੋਰ ਔਰਤਾਂ ਲਈ ਨਿਆਂ ਦੀ ਲੜਾਈ ਲੜ ਰਹੀ ਹੈ।

ਬਿਲਕਿਸ ਬਾਨੋ ਨੇ ਕਿਹਾ ਕਿ ਪਰਿਵਾਰ ਅਤੇ ਦੋਸਤਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਸੰਵਾਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤੀ ਨਾਲ ਜਿਉਣ ਦੀ ਉਮੀਦ ਦਿੱਤੀ। ਪਰ ਹੁਣ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਜਿਸ ਨਿਆਂ ਲਈ ਉਨ੍ਹਾਂ ਨੇ ਲੰਮੀ ਲੜਾਈ ਲੜੀ, ਉਹ ਮੁੜ ਉਨ੍ਹਾਂ ਤੋਂ ਖੋਹ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਉਨ੍ਹਾਂ ਦੇ ਪੁਰਾਣੇ ਡਰ ਨੂੰ ਮੁੜ ਜਗਾ ਦਿੱਤਾ ਹੈ। ਬਿਲਕਿਸ ਬਾਨੋ ਨੇ ਕਿਹਾ, "ਮੈਂ ਇੱਕ ਵਾਰ ਫਿਰ ਡਰੀ ਹੋਈ ਹਾਂ। ਮੈਨੂੰ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਆਪਣੇ ਬੱਚਿਆਂ ਲਈ ਡਰ ਹੈ। ਮੈਨੂੰ ਇਹ ਵੀ ਡਰ ਹੈ ਕਿ ਮੇਰਾ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਸਕਦਾ ਹੈ।"

ਉਨ੍ਹਾਂ ਸਵਾਲ ਕੀਤਾ ਕਿ ਦੋਸ਼ੀਆਂ ਦੀਆਂ ਸਜ਼ਾਵਾਂ ਮੁਅੱਤਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਆਵਾਜ਼ ਕਿਉਂ ਨਹੀਂ ਸੁਣੀ ਗਈ ਅਤੇ ਉਨ੍ਹਾਂ ਨੂੰ ਇਸ ਫੈਸਲੇ ਬਾਰੇ ਸੂਚਿਤ ਕਿਉਂ ਨਹੀਂ ਕੀਤਾ ਗਿਆ।

ਸੁਪਰੀਮ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣਗੇ ਬਿਲਕਿਸ ਬਾਨੋ

ਬਿਲਕਿਸ ਬਾਨੋ ਨੇ ਸਪੱਸ਼ਟ ਕੀਤਾ ਕਿ ਉਹ ਸੁਪਰੀਮ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਆਪਣੀ ਪੂਰੀ ਜ਼ਿੰਦਗੀ ਇਨ੍ਹਾਂ ਡਰਾਂ ਅਤੇ ਜ਼ਖ਼ਮਾਂ ਦੇ ਪਰਛਾਵੇਂ ਹੇਠ ਨਹੀਂ ਬਿਤਾਉਣੀ ਚਾਹੀਦੀ।

ਆਪਣੀ ਤਿੰਨ ਸਾਲ ਦੀ ਧੀ ਸਲੇਹਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਦੀ ਯਾਦ ਵਿੱਚ ਅਤੇ ਨਿਆਂ ਲਈ ਇਹ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀਆਂ ਹੋਰ ਔਰਤਾਂ ਲਈ ਵੀ ਇਹ ਸੰਘਰਸ਼ ਜਾਰੀ ਰੱਖਣਗੇ, ਤਾਂ ਜੋ ਕਿਸੇ ਵੀ ਔਰਤ ਜਾਂ ਪੀੜਤ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਨਿਆਂ ਲਈ ਸੰਘਰਸ਼ ਕਰਦਿਆਂ ਨਾ ਬਿਤਾਉਣੀ ਪਵੇ।

ਸੁਪਰੀਮ ਕੋਰਟ ਨੇ ਬਿਪਿਨ ਚੰਦਰ ਜੋਸ਼ੀ ਅਤੇ ਪ੍ਰਦੀਪ ਮੋਰਧੀਆ ਨੂੰ ਦਿੱਤੀ ਜ਼ਮਾਨਤ

ਸੁਪਰੀਮ ਕੋਰਟ ਦੇ ਜਸਟਿਸ ਐੱਮ.ਐੱਮ. ਸੁੰਦਰੇਸ਼ ਅਤੇ ਜਸਟਿਸ ਪੀ.ਬੀ. ਵਰਾਲੇ ਦੀ ਬੈਂਚ ਨੇ ਦੋਸ਼ੀ ਬਿਪਿਨ ਚੰਦਰ ਜੋਸ਼ੀ ਅਤੇ ਪ੍ਰਦੀਪ ਮੋਰਧੀਆ ਨੂੰ ਜ਼ਮਾਨਤ ਦੇ ਦਿੱਤੀ ਹੈ। 28 ਅਕਤੂਬਰ ਨੂੰ ਜਾਰੀ ਆਪਣੇ ਹੁਕਮ ਵਿੱਚ ਅਦਾਲਤ ਨੇ ਕਿਹਾ ਸੀ ਕਿ ਦੋਵਾਂ ਨੇ 17 ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਇਆ ਹੈ। ਇਨ੍ਹਾਂ ਵਿੱਚੋਂ ਇੱਕ ਦੋਸ਼ੀ ਗੰਭੀਰ ਰੂਪ ਵਿੱਚ ਅਪਾਹਜ ਵੀ ਹੈ।

ਬੈਂਚ ਨੇ ਕਿਹਾ ਕਿ ਅਪੀਲ ਵਿੱਚ ਤੱਥਾਂ ਅਤੇ ਕਾਨੂੰਨ ਨਾਲ ਜੁੜੇ ਕੁਝ ਅਜਿਹੇ ਮੁੱਦੇ ਹਨ, ਜਿਨ੍ਹਾਂ ’ਤੇ ਅਜੇ ਫੈਸਲਾ ਹੋਣਾ ਬਾਕੀ ਹੈ। ਇਨ੍ਹਾਂ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਨੇ ਦੋਵਾਂ ਦੀ ਸਜ਼ਾ ਮੁਅੱਤਲ ਕਰ ਦਿੱਤੀ ਅਤੇ ਸਬੰਧਤ ਹੇਠਲੀ ਅਦਾਲਤ ਵੱਲੋਂ ਤੈਅ ਕੀਤੀਆਂ ਸ਼ਰਤਾਂ ਦੇ ਆਧਾਰ ’ਤੇ ਜ਼ਮਾਨਤ ਦੇਣ ਦਾ ਹੁਕਮ ਜਾਰੀ ਕੀਤਾ।

Latest News