US Green Card: ਅਮਰੀਕਾ 'ਚ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਦੇ ਨਿਯਮ ਸਖ਼ਤ ਕਰਨ ਦੀ ਤਿਆਰੀ, ਵਿਦੇਸ਼ੀ ਕਾਮਿਆਂ ਦੀਆਂ ਵਧਣਗੀਆਂ ਮੁਸ਼ਕਲਾਂ
US Green Card Rules: ਅਮਰੀਕਾ ਨੇ ਵਿਦੇਸ਼ੀ ਕਾਮਿਆਂ ਲਈ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ (Employment-Based Green Cards) ਦੇ ਨਿਯਮ ਸਖ਼ਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਫਿਜ਼ੀਕਲ ਥੈਰੇਪਿਸਟਾਂ ਅਤੇ ਨਰਸਾਂ ਤੋਂ ਲੈ ਕੇ ਉੱਚ ਹੁਨਰਮੰਦ ਪੇਸ਼ੇਵਰਾਂ ਤੱਕ ਦੀਆਂ ਨੌਕਰੀਆਂ ਲਈ ਭਰਤੀ ਸਮੇਂ ਅਮਰੀਕੀ ਕਾਮਿਆਂ ਨੂੰ ਪਹਿਲ ਦਿੱਤੀ ਜਾਵੇ।
ਅਮਰੀਕਾ ਦੇ ਕਿਰਤ ਵਿਭਾਗ ਨੇ ਮੰਗਲਵਾਰ ਨੂੰ ਪ੍ਰੋਗਰਾਮ ਇਲੈਕਟ੍ਰਾਨਿਕ ਰਿਵਿਊ ਮੈਨੇਜਮੈਂਟ (PERM) ਇਮੀਗ੍ਰੈਂਟ ਵੀਜ਼ਾ ਪ੍ਰਕਿਰਿਆ ਤਹਿਤ ਲੇਬਰ ਮਾਰਕੀਟ ਟੈਸਟ ਨੂੰ ਆਧੁਨਿਕ ਬਣਾਉਣ ਲਈ ਨਵੇਂ ਨਿਯਮ ਦਾ ਪ੍ਰਸਤਾਵ ਪੇਸ਼ ਕੀਤਾ। ਪਿਛਲੇ 20 ਸਾਲਾਂ ਵਿੱਚ ਇਹ ਨਿਯਮਾਂ ਵਿੱਚ ਪਹਿਲੀ ਵੱਡੀ ਸੋਧ ਹੋਵੇਗੀ। ਪ੍ਰਸਤਾਵਿਤ ਤਬਦੀਲੀਆਂ ਤਹਿਤ ਰੁਜ਼ਗਾਰਦਾਤਾਵਾਂ ਨੂੰ ਵਿਦੇਸ਼ੀ ਕਾਮਿਆਂ ਦੇ ਅਨੁਕੂਲ ਨੌਕਰੀਆਂ ਦੀਆਂ ਸ਼ਰਤਾਂ ਤਿਆਰ ਕਰਨ ਤੋਂ ਰੋਕਿਆ ਜਾਵੇਗਾ।
ਪ੍ਰਸਤਾਵਿਤ ਨਿਯਮਾਂ ਅਨੁਸਾਰ, ਰੁਜ਼ਗਾਰਦਾਤਾਵਾਂ ਨੂੰ ਨੌਕਰੀਆਂ ਦੇ ਇਸ਼ਤਿਹਾਰ ਦੇਣ ਸਮੇਂ ਸਾਰੇ ਉਮੀਦਵਾਰਾਂ ਨੂੰ ਬਰਾਬਰ ਮੌਕੇ ਦੇਣ ਲਈ ਇੱਕੋ ਜਿਹੇ ਚੈਨਲਾਂ ਅਤੇ ਤਰੀਕਿਆਂ ਦੀ ਵਰਤੋਂ ਕਰਨੀ ਪਵੇਗੀ। ਇਸ ਤਹਿਤ ਰਵਾਇਤੀ ਪ੍ਰਿੰਟ ਇਸ਼ਤਿਹਾਰਾਂ ਦੀ ਬਜਾਏ ਰੁਜ਼ਗਾਰਦਾਤਾਵਾਂ ਦੀਆਂ ਵੈੱਬਸਾਈਟਾਂ, ਜੌਬ ਪੋਰਟਲਾਂ, ਸੋਸ਼ਲ ਮੀਡੀਆ ਪਲੇਟਫਾਰਮਾਂ, ਰੁਜ਼ਗਾਰ ਮੇਲਿਆਂ ਅਤੇ ਕੈਂਪਸ ਭਰਤੀ ਰਾਹੀਂ ਆਨਲਾਈਨ ਇਸ਼ਤਿਹਾਰ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਇਸ ਪ੍ਰਸਤਾਵ ਤਹਿਤ ਨੌਕਰੀਆਂ ਦੇ ਇਸ਼ਤਿਹਾਰ ਦੇਣ ਦੀ ਘੱਟੋ-ਘੱਟ ਮਿਆਦ ਮੌਜੂਦਾ 30 ਦਿਨਾਂ ਤੋਂ ਵਧਾ ਕੇ 90 ਕੈਲੰਡਰ ਦਿਨ ਕਰਨ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ, ਰੁਜ਼ਗਾਰਦਾਤਾਵਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਯੋਗ ਅਮਰੀਕੀ ਕਾਮਿਆਂ ਦੀ ਭਰਤੀ ਲਈ ਅਸਲ ਕੋਸ਼ਿਸ਼ਾਂ ਕੀਤੀਆਂ ਹਨ।
ਕਿਰਤ ਸਕੱਤਰ ਕੀਥ ਸੋਂਡਰਲਿੰਗ ਨੇ ਕਿਹਾ, "ਇਹ ਪ੍ਰਸਤਾਵਿਤ ਨਿਯਮ ਤਬਦੀਲੀ ਇਹ ਯਕੀਨੀ ਬਣਾਏਗੀ ਕਿ ਵਿਦੇਸ਼ੀ ਕਾਮਿਆਂ ਦੇ ਮੁਕਾਬਲੇ ਉੱਚ ਹੁਨਰਮੰਦ ਅਤੇ ਉੱਚ ਤਨਖ਼ਾਹ ਵਾਲੀਆਂ ਨੌਕਰੀਆਂ ਦੇ ਮੌਕਿਆਂ ਲਈ ਅਮਰੀਕੀ ਕਾਮੇ ਸਭ ਤੋਂ ਪਹਿਲੀ ਕਤਾਰ ਵਿੱਚ ਹੋਣ।"
ਵਿਭਾਗ ਨੇ ਉਸ ਪ੍ਰਸ਼ਾਸਕੀ ਛੋਟ ਨੂੰ ਖ਼ਤਮ ਕਰਨ ਦਾ ਵੀ ਪ੍ਰਸਤਾਵ ਰੱਖਿਆ ਹੈ, ਜਿਸ ਤਹਿਤ ਰੁਜ਼ਗਾਰਦਾਤਾਵਾਂ ਨੂੰ ਕੁਝ ਖ਼ਾਸ ਕਿੱਤਿਆਂ ਲਈ ਲਾਜ਼ਮੀ ਲੇਬਰ ਮਾਰਕੀਟ ਟੈਸਟ ਤੋਂ ਛੋਟ ਮਿਲਦੀ ਸੀ। ਸੋਧੇ ਹੋਏ ਢਾਂਚੇ ਤਹਿਤ ਫਿਜ਼ੀਕਲ ਥੈਰੇਪਿਸਟਾਂ, ਨਰਸਾਂ ਅਤੇ ਵਿਗਿਆਨ ਜਾਂ ਕਲਾ ਦੇ ਖੇਤਰ ਵਿੱਚ ਬੇਮਿਸਾਲ ਯੋਗਤਾ ਦੀ ਮੰਗ ਕਰਨ ਵਾਲੇ ਅਹੁਦਿਆਂ ਲਈ ਭਰਤੀ ਕਰਨ ਵਾਲੇ ਰੁਜ਼ਗਾਰਦਾਤਾਵਾਂ ਨੂੰ ਯੋਗ ਅਮਰੀਕੀ ਬਿਨੈਕਾਰਾਂ 'ਤੇ ਵੀ ਵਿਚਾਰ ਕਰਨਾ ਹੋਵੇਗਾ।
ਇਸ ਪ੍ਰਸਤਾਵ ਵਿੱਚ ਉਨ੍ਹਾਂ ਅਮਰੀਕੀ ਕਾਮਿਆਂ ਲਈ ਸੁਰੱਖਿਆ ਉਪਾਅ ਮਜ਼ਬੂਤ ਕਰਨ ਦੀ ਵੀ ਗੱਲ ਕੀਤੀ ਗਈ ਹੈ, ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। ਰੁਜ਼ਗਾਰਦਾਤਾਵਾਂ ਨੂੰ ਲੇਬਰ ਸਰਟੀਫਿਕੇਸ਼ਨ ਅਤੇ ਇਮੀਗ੍ਰੈਂਟ ਪਟੀਸ਼ਨ ਦੀ ਪ੍ਰਕਿਰਿਆ ਦੌਰਾਨ ਯੋਗਤਾ ਪੂਰੀ ਕਰਨ ਵਾਲੇ ਛਾਂਟੀ ਕੀਤੇ ਗਏ ਕਾਮਿਆਂ ਦੀਆਂ ਅਰਜ਼ੀਆਂ 'ਤੇ ਵਿਚਾਰ ਕਰਨਾ ਜਾਰੀ ਰੱਖਣਾ ਹੋਵੇਗਾ।
ਇਸ ਤੋਂ ਇਲਾਵਾ, ਪ੍ਰਸਤਾਵ ਕੁਝ ਅਜਿਹੇ ਰੁਜ਼ਗਾਰਦਾਤਾਵਾਂ ਨੂੰ ਉਸੇ ਜਾਂ ਮਿਲਦੇ-ਜੁਲਦੇ ਅਹੁਦਿਆਂ ਲਈ ਸਥਾਈ ਲੇਬਰ ਸਰਟੀਫਿਕੇਸ਼ਨ ਦੀ ਮੰਗ ਕਰਨ ਤੋਂ ਰੋਕੇਗਾ, ਜਿਨ੍ਹਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਅਮਰੀਕੀ ਕਾਮਿਆਂ ਦੀ ਛਾਂਟੀ ਕੀਤੀ ਹੈ। PERM ਲੇਬਰ ਸਰਟੀਫਿਕੇਸ਼ਨ ਅਮਰੀਕਾ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਦੇ ਚਾਹਵਾਨ ਜ਼ਿਆਦਾਤਰ ਰੁਜ਼ਗਾਰਦਾਤਾਵਾਂ ਲਈ ਪਹਿਲਾ ਕਦਮ ਹੁੰਦਾ ਹੈ।
ਕੀ ਹੈ ਮੌਜੂਦਾ ਗ੍ਰੀਨ ਕਾਰਡ ਪ੍ਰਕਿਰਿਆ?
ਮੌਜੂਦਾ ਪ੍ਰਕਿਰਿਆ ਤਹਿਤ ਰੁਜ਼ਗਾਰਦਾਤਾਵਾਂ ਨੂੰ ਅਮਰੀਕਾ ਦੇ ਘਰੇਲੂ ਲੇਬਰ ਮਾਰਕੀਟ ਦੀ ਜਾਂਚ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਇਹ ਸਾਬਤ ਕਰਨਾ ਹੁੰਦਾ ਹੈ ਕਿ ਸਬੰਧਤ ਅਹੁਦੇ ਲਈ ਕੋਈ ਵੀ ਸਮਰੱਥ, ਇੱਛੁਕ, ਯੋਗ ਅਤੇ ਉਪਲਬਧ ਅਮਰੀਕੀ ਕਾਮਾ ਅਰਜ਼ੀ ਦੇਣ ਲਈ ਅੱਗੇ ਨਹੀਂ ਆਇਆ।
ਕਿਰਤ ਵਿਭਾਗ ਅਨੁਸਾਰ, ਮੌਜੂਦਾ ਨਿਯਮ ਹੁਣ ਭਰਤੀ ਦੇ ਆਧੁਨਿਕ ਤਰੀਕਿਆਂ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦੇ। ਵਿਭਾਗ ਦਾ ਕਹਿਣਾ ਹੈ ਕਿ ਕੁਝ ਰੁਜ਼ਗਾਰਦਾਤਾਵਾਂ ਨੂੰ ਸਪਾਂਸਰ ਕੀਤੇ ਅਹੁਦਿਆਂ ਲਈ ਆਮ ਨੌਕਰੀਆਂ ਦੀ ਭਰਤੀ ਪ੍ਰਕਿਰਿਆ ਤੋਂ ਵੱਖਰੇ ਤਰੀਕੇ ਅਪਣਾਉਣ ਦੀ ਇਜਾਜ਼ਤ ਮਿਲ ਜਾਂਦੀ ਹੈ।