ਕੁਲਗਾਮ ਐਨਕਾਊਂਟਰ ’ਚ ਲਸ਼ਕਰ ਕਮਾਂਡਰ ਲਤੀਫ ਭੱਟ ਢੇਰ, ਸਿਰ ’ਤੇ ਸੀ 15 ਲੱਖ ਰੁਪਏ ਦਾ ਇਨਾਮ
Kulgam Encounter: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਲਤੀਫ ਭੱਟ ਮਾਰਿਆ ਗਿਆ। ਉਸ ਦੇ ਸਿਰ ’ਤੇ 15 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਸੁਰੱਖਿਆ ਬਲਾਂ ਨੇ ਉਸ ਨੂੰ ਪਹਿਲਾਂ ਹੀ ਘੇਰ ਲਿਆ ਸੀ ਅਤੇ ਸਵੇਰ ਤੋਂ ਗੋਲੀਬਾਰੀ ਜਾਰੀ ਸੀ।
ਪੁਲਿਸ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੁਲਗਾਮ ਵਿੱਚ ਮੁਕਾਬਲਾ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੁਲਗਾਮ ਵਿੱਚ ਹੋਏ ਇੱਕ ਹੋਰ ਮੁਕਾਬਲੇ ਦੌਰਾਨ ਲਤੀਫ ਦਾ ਸਾਥੀ ਉਮਰ ਨਿਸਾਰ ਡਾਰ ਮਾਰਿਆ ਗਿਆ ਸੀ।
ਲਤੀਫ ਭੱਟ ’ਤੇ ਸੀ 15 ਲੱਖ ਰੁਪਏ ਦਾ ਇਨਾਮ
22 ਸਾਲਾ ਲਤੀਫ ਭੱਟ ਕੁਲਗਾਮ ਦੇ ਅਸ਼ਮੁਜੀ ਇਲਾਕੇ ਦੇ ਖਰੇਵਾਨ ਚਾਦਰ ਦਾ ਰਹਿਣ ਵਾਲਾ ਸੀ। ਉਹ ਕਈ ਅੱਤਵਾਦੀ ਗਤੀਵਿਧੀਆਂ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇਣ ਵਾਲੇ ਲਈ 15 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੋਇਆ ਸੀ।
11 ਨਵੰਬਰ ਦੇ ਹਮਲੇ ਤੋਂ ਪਹਿਲਾਂ ਕੀਤੀ ਸੀ ਕਈ ਥਾਵਾਂ ਦੀ ਰੇਕੀ
ਪੁਲਿਸ ਮੁਤਾਬਕ, 11 ਨਵੰਬਰ ਨੂੰ ਹੋਏ ਹਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਥਾਨਕ ਨਿਵਾਸੀ ਉਮਰ ਨਿਸਾਰ ਡਾਰ ਨੇ ਲਤੀਫ ਭੱਟ ਨਾਲ ਮਿਲ ਕੇ ਹਮਲੇ ਤੋਂ ਪਹਿਲਾਂ ਕਈ ਥਾਵਾਂ ਦੀ ਰੇਕੀ ਕੀਤੀ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, "10 ਨਵੰਬਰ ਨੂੰ ਉਮਰ ਨਿਸਾਰ ਡਾਰ ਨੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਲਤੀਫ ਭੱਟ ਨਾਲ ਮਿਲ ਕੇ ਮੀਰ ਬਾਜ਼ਾਰ, ਅਖਰਾਨ, ਹਬਲਿਸ਼ ਅਤੇ ਕਿਲਮ ਸਮੇਤ ਕਈ ਥਾਵਾਂ ਦੀ ਰੇਕੀ ਕੀਤੀ। ਇਸ ਦਾ ਮਕਸਦ ਸੰਭਾਵਿਤ ਨਿਸ਼ਾਨਿਆਂ ਦੀ ਪਛਾਣ ਕਰਨਾ ਅਤੇ ਸੁਰੱਖਿਆ ਬਲਾਂ ’ਤੇ ਹਮਲਿਆਂ ਦੀ ਯੋਜਨਾ ਬਣਾਉਣਾ ਸੀ।"
ਸੀਆਰਪੀਐਫ ਚੌਕੀ ’ਤੇ ਹਮਲੇ ਦਾ ਸੀ ਦੋਸ਼
ਪੁਲਿਸ ਅਧਿਕਾਰੀ ਮੁਤਾਬਕ, 11 ਨਵੰਬਰ ਨੂੰ ਡਾਰ ਅਤੇ ਭੱਟ ਨੇ ਅਖਰਾਨ ਵਿੱਚ ਸੀਆਰਪੀਐਫ ਦੀ ਇੱਕ ਚੌਕੀ ’ਤੇ ਹਮਲਾ ਕੀਤਾ ਅਤੇ ਉੱਥੋਂ ਫਰਾਰ ਹੋ ਗਏ। ਬਾਅਦ ਵਿੱਚ ਸੀਸੀਟੀਵੀ ਫੁਟੇਜ ਦੇ ਵਿਸ਼ਲੇਸ਼ਣ ਰਾਹੀਂ ਦੋਵਾਂ ਦੀ ਪਛਾਣ ਕੀਤੀ ਗਈ।
ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ 10 ਨਵੰਬਰ ਨੂੰ ਰੇਕੀ ਦੌਰਾਨ ਦੋਵਾਂ ਦੀਆਂ ਗਤੀਵਿਧੀਆਂ ਅਤੇ 11 ਨਵੰਬਰ ਨੂੰ ਸੀਆਰਪੀਐਫ ਚੌਕੀ ’ਤੇ ਹਮਲੇ ਤੋਂ ਬਾਅਦ ਉਨ੍ਹਾਂ ਦੇ ਭੱਜਣ ਦਾ ਰਸਤਾ ਦਿਖਾਈ ਦਿੱਤਾ।
500 ਤੋਂ ਵੱਧ ਲੋਕਾਂ ਤੋਂ ਕੀਤੀ ਗਈ ਪੁੱਛਗਿੱਛ
ਮੰਗਲਵਾਰ ਨੂੰ ਪੁਲਿਸ ਨੇ ਸੀਸੀਟੀਵੀ ਫੁਟੇਜ ਜਾਰੀ ਕੀਤੀ ਸੀ। ਇਸ ਵਿੱਚ ਡਾਰ ਅਤੇ ਭੱਟ 11 ਨਵੰਬਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਚੌਕੀ ’ਤੇ ਹਮਲੇ ਤੋਂ ਪਹਿਲਾਂ ਰੇਕੀ ਕਰਦੇ ਦਿਖਾਈ ਦਿੱਤੇ। ਇਸ ਹਮਲੇ ਵਿੱਚ ਤਿੰਨ ਜਵਾਨ ਜ਼ਖਮੀ ਹੋ ਗਏ ਸਨ।
ਇਸ ਤੋਂ ਬਾਅਦ ਇਲਾਕੇ ਵਿੱਚ ਵੱਡੇ ਪੱਧਰ ’ਤੇ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਚਲਾਈ ਗਈ। ਪੁੱਛਗਿੱਛ ਲਈ 500 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਮਸਜਿਦ ਵਿੱਚ ਲੁਕਿਆ ਸੀ ਲਸ਼ਕਰ ਕਮਾਂਡਰ, ਆਤਮ ਸਮਰਪਣ ਤੋਂ ਕੀਤਾ ਇਨਕਾਰ
ਮੁਕਾਬਲੇ ਵਾਲੀ ਥਾਂ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਗਾਮ ਦੇ ਐਸਐਸਪੀ ਅਨਾਇਤ ਅਲੀ ਨੇ ਬੁੱਧਵਾਰ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਘੇਰੇ ਵਿੱਚ ਫਸੇ ਲਤੀਫ ਭੱਟ ਨੂੰ ਆਤਮ ਸਮਰਪਣ ਕਰਨ ਲਈ ਵਾਰ-ਵਾਰ ਮੌਕਾ ਦਿੱਤਾ। ਹਾਲਾਂਕਿ, ਉਸ ਨੇ ਸਰੰਡਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਦੇਵਸਰ ਦੇ ਜ਼ੰਗਲਪੋਰਾ ਇਲਾਕੇ ਵਿੱਚ ਇੱਕ ਮਸਜਿਦ ਦੇ ਅੰਦਰੋਂ ਗੋਲੀਬਾਰੀ ਕੀਤੀ।
ਐਸਐਸਪੀ ਨੇ ਕਿਹਾ ਕਿ ਇਹ ਕਾਰਵਾਈ ਜੰਮੂ-ਕਸ਼ਮੀਰ ਪੁਲਿਸ ਦੀ ਸਹੀ ਯੋਜਨਾਬੰਦੀ ਅਤੇ ਸਾਰੇ ਸੁਰੱਖਿਆ ਬਲਾਂ ਦੇ ਤਾਲਮੇਲ ਨਾਲ ਸ਼ੁਰੂ ਕੀਤੀ ਗਈ ਸੀ। ਪੂਰੇ ਇਲਾਕੇ ਨੂੰ ਚੰਗੀ ਤਰ੍ਹਾਂ ਘੇਰ ਲਿਆ ਗਿਆ ਸੀ।