Punjab Infoline

ਪੰਜਾਬੀ

Shimla News: ਬਾਂਦਰ 81,800 ਰੁਪਏ ਦੀ ਨਕਦੀ ਲੈ ਕੇ ਦਰੱਖਤ ’ਤੇ ਚੜ੍ਹਿਆ ,ਦਰੱਖਤ ’ਤੇ ਚੜ੍ਹ ਕੇ ਕੀਤੀ ਨੋਟਾਂ ਦੀ ਬਾਰਿਸ਼, 1,500 ਰੁਪਏ ਦਾ ਨਹੀਂ ਮਿਲਿਆ ਹਿਸਾਬ

12 Nov, 2026 04:28 PM

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਡੀਸੀ ਦਫ਼ਤਰ ਕੰਪਲੈਕਸ ਵਿੱਚ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਬਾਂਦਰ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੇ ਵਿਅਕਤੀ ਦੀ ਜੇਬ ਵਿੱਚੋਂ 81,800 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਅਤੇ ਦਰੱਖਤ ’ਤੇ ਜਾ ਚੜ੍ਹਿਆ। ਇਸ ਤੋਂ ਬਾਅਦ ਬਾਂਦਰ ਨੇ ਦਰੱਖਤ ’ਤੇ ਬੈਠ ਕੇ ਨੋਟ ਹੇਠਾਂ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਕੰਪਲੈਕਸ ਵਿੱਚ ਹਫੜਾ-ਦਫੜੀ ਮਚ ਗਈ।

ਬਾਂਦਰ ਨੇ ਪੈਸਿਆਂ ਦੀ ਗੱਥੀ ਵਿੱਚੋਂ ਇੱਕ-ਇੱਕ ਕਰਕੇ ਨੋਟ ਕੱਢ ਕੇ ਹੇਠਾਂ ਸੁੱਟੇ। ਦੇਖਦੇ ਹੀ ਦੇਖਦੇ ਦਰੱਖਤ ਹੇਠਾਂ ਹਜ਼ਾਰਾਂ ਰੁਪਏ ਦੇ ਨੋਟ ਖਿੱਲਰ ਗਏ। ਆਪਣੀ ਮਿਹਨਤ ਦੀ ਕਮਾਈ ਨੂੰ ਇਸ ਤਰ੍ਹਾਂ ਖਿੱਲਰਦਾ ਦੇਖ ਕੇ ਪੈਸਿਆਂ ਦੇ ਮਾਲਕ ਦੇ ਹੋਸ਼ ਉੱਡ ਗਏ।

ਲੋਕਾਂ ਨੇ ਇਕੱਠੇ ਕੀਤੇ ਦਰੱਖਤ ਹੇਠਾਂ ਖਿੱਲਰੇ ਨੋਟ

ਘਟਨਾ ਨੂੰ ਦੇਖ ਕੇ ਉੱਥੇ ਮੌਜੂਦ ਕਰਮਚਾਰੀ ਅਤੇ ਹੋਰ ਲੋਕ ਮਦਦ ਲਈ ਅੱਗੇ ਆਏ। ਸਾਰਿਆਂ ਨੇ ਮਿਲ ਕੇ ਦਰੱਖਤ ਦੇ ਆਲੇ-ਦੁਆਲੇ ਖਿੱਲਰੇ ਨੋਟ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਕਾਫ਼ੀ ਮੁਸ਼ੱਕਤ ਤੋਂ ਬਾਅਦ ਜ਼ਿਆਦਾਤਰ ਰਕਮ ਇਕੱਠੀ ਕਰ ਲਈ ਗਈ।

ਹਾਲਾਂਕਿ, ਪੈਸਿਆਂ ਦੇ ਮਾਲਕ ਅਨੁਸਾਰ ਕਰੀਬ 1,500 ਰੁਪਏ ਦਾ ਹਿਸਾਬ ਨਹੀਂ ਮਿਲ ਸਕਿਆ। ਇਸ ਤੋਂ ਇਲਾਵਾ ਬਾਂਦਰ ਨੇ 500 ਰੁਪਏ ਦੇ ਕੁਝ ਨੋਟ ਪਾੜ ਕੇ ਵੀ ਨੁਕਸਾਨ ਪਹੁੰਚਾਇਆ।

ਸ਼ਿਮਲਾ ਵਿੱਚ ਬਾਂਦਰਾਂ ਦੀ ਸਮੱਸਿਆ ਮੁੜ ਚਰਚਾ ਵਿੱਚ

ਡੀਸੀ ਦਫ਼ਤਰ ਵਰਗੇ ਮਹੱਤਵਪੂਰਨ ਸਰਕਾਰੀ ਕੰਪਲੈਕਸ ਵਿੱਚ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਸ਼ਿਮਲਾ ਵਿੱਚ ਬਾਂਦਰਾਂ ਦੀ ਸਮੱਸਿਆ ਨੂੰ ਉਜਾਗਰ ਕਰ ਦਿੱਤਾ ਹੈ। ਸ਼ਹਿਰ ਦੇ ਲੋਕਾਂ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਬਾਂਦਰਾਂ ਦੀਆਂ ਅਜਿਹੀਆਂ ਹਰਕਤਾਂ ਤੋਂ ਉਨ੍ਹਾਂ ਨੂੰ ਕਦੋਂ ਰਾਹਤ ਮਿਲੇਗੀ।

Latest News