ਅਰਨੀਵਾਲਾ ’ਚ ਬਣੇਗੀ ਏਸ਼ੀਆ ਦੀ ਸਭ ਤੋਂ ਪਹਿਲੀ ਜਾਮਣ ਮੰਡੀ, ਲਗਭਗ ₹12 ਕਰੋੜ ਆਵੇਗੀ ਲਾਗਤ: ਖੁੱਡੀਆਂ
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਲਾਲਾਬਾਦ ਅਤੇ ਅਰਨੀਵਾਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਨਵ-ਨਿਯੁਕਤ ਮਾਰਕੀਟ ਕਮੇਟੀ ਚੇਅਰਮੈਨਾਂ ਦੇ ਅਹੁਦਾ ਸੰਭਾਲ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਜਲਾਲਾਬਾਦ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਪ੍ਰਦੀਪ ਚੁੱਘ ਅਤੇ ਅਰਨੀਵਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਸ਼ਮਿੰਦਰ ਢਿੱਲੋਂ ਨੂੰ ਵਧਾਈ ਦਿੱਤੀ।
ਮੰਤਰੀ ਖੁੱਡੀਆਂ ਨੇ ਦੋਵਾਂ ਨਵ-ਨਿਯੁਕਤ ਚੇਅਰਮੈਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ, ਪਾਰਦਰਸ਼ਤਾ ਅਤੇ ਲੋਕ-ਹਿੱਤ ਦੀ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।
ਅਰਨੀਵਾਲਾ ’ਚ ਜਾਮਣ ਮੰਡੀ ਦਾ ਨੀਂਹ ਪੱਥਰ
ਇਸ ਦੌਰਾਨ ਮੰਤਰੀ ਖੁੱਡੀਆਂ ਨੇ ਅਰਨੀਵਾਲਾ ਵਿਖੇ ਫਰੂਟ ਮਾਰਕੀਟ-ਸ੍ਰੀ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਗ੍ਰੇਨ, ਫਰੂਟ ਐਂਡ ਵੈਜੀਟੇਬਲ ਜਾਮਣ ਮੰਡੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਮੰਡੀ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ।
ਖੁੱਡੀਆਂ ਨੇ ਕਿਹਾ ਕਿ ਅਰਨੀਵਾਲਾ ਵਿਖੇ ਲਗਭਗ 12 ਕਰੋੜ ਦੀ ਲਾਗਤ ਨਾਲ ਏਸ਼ੀਆ ਦੀ ਸਭ ਤੋਂ ਪਹਿਲੀ ਜਾਮਣ ਮੰਡੀ ਬਣੇਗੀ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖੇ ਜਾਣ ਨਾਲ ਇਸ ਮੰਡੀ ਦੇ ਨਿਰਮਾਣ ਦੀ ਪ੍ਰਕਿਰਿਆ ਅੱਗੇ ਵਧੀ ਹੈ। ਉਨ੍ਹਾਂ ਮੁਤਾਬਕ ਨਵੀਂ ਮੰਡੀ ਨਾਲ ਕਿਸਾਨਾਂ, ਆੜ੍ਹਤੀਆਂ, ਵਪਾਰੀਆਂ ਅਤੇ ਖਪਤਕਾਰਾਂ ਨੂੰ ਆਪਣੀ ਉਪਜ ਦੀ ਖਰੀਦ-ਫਰੋਖ਼ਤ ਲਈ ਬਿਹਤਰ ਮੰਚ ਮਿਲੇਗਾ।
ਮੰਤਰੀ ਨੇ ਕਿਹਾ ਕਿ ਨਵੀਂ ਮੰਡੀ ਖੇਤੀਬਾੜੀ ਉਤਪਾਦਾਂ ਦੀ ਮਾਰਕੀਟਿੰਗ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਇਲਾਕੇ ਦੀ ਆਰਥਿਕ ਗਤੀਵਿਧੀ ਨੂੰ ਵੀ ਹੁਲਾਰਾ ਦੇਵੇਗੀ।
ਕਿਸਾਨਾਂ ਲਈ ਮੰਡੀਕਰਨ ਸਹੂਲਤਾਂ ਮਜ਼ਬੂਤ ਕਰਨ ’ਤੇ ਜ਼ੋਰ
ਸਮਾਗਮ ਨੂੰ ਸੰਬੋਧਨ ਕਰਦਿਆਂ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੰਮ ਜਾਰੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਹਤਰ ਮੰਡੀਕਰਨ ਸਹੂਲਤਾਂ ਦੇਣ, ਸਿੰਚਾਈ ਪ੍ਰਬੰਧ ਮਜ਼ਬੂਤ ਕਰਨ, ਪੇਂਡੂ ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਪੇਂਡੂ ਲਿੰਕ ਸੜਕਾਂ ਦੀ ਮਜ਼ਬੂਤੀ ਅਤੇ ਆਧੁਨਿਕੀਕਰਨ ਨਾਲ ਸਬੰਧਤ ਕੰਮ ਵੀ ਜਾਰੀ ਹਨ।
ਕਿਸਾਨਾਂ ਨੂੰ ਆਧੁਨਿਕ ਮੰਡੀ ਸਹੂਲਤਾਂ ਦੇਣ ਦਾ ਦਾਅਵਾ
ਮੰਤਰੀ ਖੁੱਡੀਆਂ ਨੇ ਕਿਹਾ ਕਿ ਨਵੀਆਂ ਮੰਡੀ ਸਹੂਲਤਾਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਮਕਸਦ ਸਿਰਫ਼ ਬੁਨਿਆਦੀ ਢਾਂਚਾ ਤਿਆਰ ਕਰਨਾ ਨਹੀਂ, ਸਗੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਹੋਰ ਸੁਖਾਲਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਲੋੜਾਂ ਅਤੇ ਮੰਗਾਂ ਨੂੰ ਤਰਜੀਹ ਦੇ ਕੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਸੁਚੱਜੀਆਂ ਅਤੇ ਆਧੁਨਿਕ ਮੰਡੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਨ੍ਹਾਂ ਨੂੰ ਆਪਣੀ ਉਪਜ ਦਾ ਉਚਿਤ ਮੁੱਲ ਪ੍ਰਾਪਤ ਕਰਨ ਵਿੱਚ ਸਹੂਲਤ ਹੋਵੇ।
ਖੇਡਾਂ, ਨਸ਼ਾ ਵਿਰੋਧੀ ਜਾਗਰੂਕਤਾ ਅਤੇ ਪੇਂਡੂ ਵਿਕਾਸ ’ਤੇ ਵੀ ਜ਼ੋਰ
ਮੰਤਰੀ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਪਿੰਡਾਂ ਦੇ ਵਿਕਾਸ ਨੂੰ ਗਤੀ ਦੇਣ ਲਈ ਸਰਕਾਰ ਵੱਲੋਂ ਵੱਖ-ਵੱਖ ਪੱਧਰਾਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ, ਐਸਡੀਐਮ ਜਲਾਲਾਬਾਦ ਕੰਵਰਜੀਤ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਓਂਕਾਰ ਜਾਖੜ ਸਮੇਤ ਹੋਰ ਆਗੂ, ਅਧਿਕਾਰੀ, ਮਾਰਕੀਟ ਕਮੇਟੀ ਦੇ ਨੁਮਾਇੰਦੇ, ਕਿਸਾਨ, ਵਪਾਰੀ ਅਤੇ ਇਲਾਕਾ ਵਾਸੀ ਹਾਜ਼ਰ ਸਨ।
Posted By: Punjab Infoline Bureau