ਪਤਨੀ ਕੇਟ ਮਿਡਲਟਨ ਲਈ ਖ਼ੁਦ ਈ-ਰਿਕਸ਼ਾ ਚਾਲਕ ਬਣੇ ਪ੍ਰਿੰਸ ਵਿਲੀਅਮ, ਮੁੰਬਈ ’ਚ ਕਰਵਾਈ ਖ਼ਾਸ ਸੈਰ
ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਨੇ ਮੁੰਬਈ ਦੌਰੇ ਦੌਰਾਨ ਆਪਣੀ ਪਤਨੀ ਕੇਟ ਮਿਡਲਟਨ ਲਈ ਖ਼ੁਦ ਈ-ਰਿਕਸ਼ਾ ਚਲਾ ਕੇ ਸਭ ਦਾ ਧਿਆਨ ਖਿੱਚਿਆ। ਮੰਗਲਵਾਰ ਨੂੰ ਮੁੰਬਈ ਦੇ ਬਾਂਦਰਾ ਰੀਕਲੇਮੇਸ਼ਨ ਗਾਰਡਨ ਪਹੁੰਚੇ ਪ੍ਰਿੰਸ ਵਿਲੀਅਮ ਨੇ ਸ਼ਾਹੀ ਪ੍ਰੋਟੋਕੋਲ ਤੋਂ ਹਟ ਕੇ ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਵੱਲੋਂ ਤਿਆਰ ਇਲੈਕਟ੍ਰਿਕ ਥ੍ਰੀ-ਵ੍ਹੀਲਰ ਦਾ ਸਟੇਅਰਿੰਗ ਸੰਭਾਲਿਆ। ਇਸ ਦੌਰਾਨ ਕੇਟ ਮਿਡਲਟਨ ਪਿਛਲੀ ਸੀਟ ’ਤੇ ਬੈਠੀ ਸੀ ਅਤੇ ਪ੍ਰਿੰਸ ਵਿਲੀਅਮ ਨੇ ਉਨ੍ਹਾਂ ਨੂੰ ਖ਼ਾਸ ਸਵਾਰੀ ਕਰਵਾਈ।
ਬਾਂਦਰਾ-ਵਰਲੀ ਸੀ ਲਿੰਕ ਦੇ ਪਿਛੋਕੜ ਵਿੱਚ ਸ਼ਾਹੀ ਜੋੜੇ ਦਾ ਇਹ ਅੰਦਾਜ਼ ਚਰਚਾ ਦਾ ਵਿਸ਼ਾ ਬਣਿਆ। ਇਸ ਮੌਕੇ ਦੋਵਾਂ ਨੇ ‘ਅਰਥਸ਼ਾਟ ਪ੍ਰਾਈਜ਼ 2026’ ਦੇ ਦੁਨੀਆ ਭਰ ਤੋਂ ਆਏ 15 ਫਾਈਨਲਿਸਟਾਂ ਨਾਲ ਮੁਲਾਕਾਤ ਕੀਤੀ। ਦੌਰੇ ਦੌਰਾਨ ਵਾਤਾਵਰਣ ਸੰਭਾਲ ਅਤੇ ਨਵੀਨਤਾ ਦੇ ਖੇਤਰ ਵਿੱਚ ਭਾਰਤ ਦੀ ਭੂਮਿਕਾ ਨੂੰ ਵੀ ਉਭਾਰਿਆ ਗਿਆ।
ਅਰਥਸ਼ਾਟ ਪ੍ਰਾਈਜ਼ ਦੇ 15 ਫਾਈਨਲਿਸਟਾਂ ’ਚ ਭਾਰਤ ਦੀਆਂ ਦੋ ਸੰਸਥਾਵਾਂ
ਇਸ ਸਾਲ ਦੇ ਵਾਤਾਵਰਣ ਪੁਰਸਕਾਰ ਦੇ 15 ਫਾਈਨਲਿਸਟਾਂ ਵਿੱਚ ਭਾਰਤ ਦੀਆਂ ਦੋ ਸੰਸਥਾਵਾਂ ਸ਼ਾਮਲ ਹਨ। ਇਨ੍ਹਾਂ ਵਿੱਚ ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਸਾਫ਼-ਸੁਥਰੀ ਸ਼ਹਿਰੀ ਆਵਾਜਾਈ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ, ਜਦਕਿ ਮਹਿਲਾ ਹਾਊਸਿੰਗ ਟਰੱਸਟ ਜਲਵਾਯੂ ਅਨੁਕੂਲਤਾ ਲਈ ਭਾਈਚਾਰਕ ਹੱਲ ਵਿਕਸਤ ਕਰ ਰਿਹਾ ਹੈ।
ਭਾਰਤ ਪਹਿਲੀ ਵਾਰ ‘ਅਰਥਸ਼ਾਟ ਪ੍ਰਾਈਜ਼ ਐਵਾਰਡਜ਼’ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ। ਮੰਗਲਵਾਰ ਸ਼ਾਮ ਨੂੰ ਹੋਣ ਵਾਲੇ ਮੁੱਖ ਸਮਾਗਮ ਵਿੱਚ ਪੰਜ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। ਹਰੇਕ ਜੇਤੂ ਨੂੰ ਆਪਣੇ ਵਾਤਾਵਰਣ ਪੱਖੀ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ 10 ਲੱਖ ਪੌਂਡ (1 ਮਿਲੀਅਨ ਪੌਂਡ) ਦੀ ਰਾਸ਼ੀ ਦਿੱਤੀ ਜਾਵੇਗੀ।
ਪ੍ਰਿੰਸ ਵਿਲੀਅਮ ਨੇ 2020 ਵਿੱਚ ਇਹ ਪੁਰਸਕਾਰ ਸ਼ੁਰੂ ਕੀਤੇ ਸਨ। ਇਹ ਪੰਜ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿੱਚ ਕੁਦਰਤ ਦੀ ਰੱਖਿਆ ਅਤੇ ਬਹਾਲੀ, ਹਵਾ ਦੀ ਸ਼ੁੱਧਤਾ, ਸਮੁੰਦਰਾਂ ਦੀ ਸੁਰੱਖਿਆ, ਕੂੜਾ-ਮੁਕਤ ਵਿਸ਼ਵ ਦੀ ਉਸਾਰੀ ਅਤੇ ਜਲਵਾਯੂ ਸੁਧਾਰ ਸ਼ਾਮਲ ਹਨ।
ਮੁੰਬਈ ਮੈਟਰੋ ’ਚ ਵੀ ਕੀਤਾ ਸੀ ਸਫ਼ਰ
ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੰਬਈ ਪਹੁੰਚਣ ’ਤੇ ਸ਼ਾਹੀ ਜੋੜੇ ਨੇ ਮੁੰਬਈ ਮੈਟਰੋ ਵਿੱਚ ਸਫ਼ਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨਾਲ ਗਲੀ ਕ੍ਰਿਕਟ ਵੀ ਖੇਡੀ ਅਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਕੀਤੀ।
‘ਅਰਥਸ਼ਾਟ ਪ੍ਰਾਈਜ਼ ਇੰਪੈਕਟ ਅਸੈਂਬਲੀ’ ਨੂੰ ਸੰਬੋਧਨ ਕਰਦਿਆਂ ਪ੍ਰਿੰਸ ਵਿਲੀਅਮ ਨੇ ਸਾਫ਼ ਊਰਜਾ ਅਤੇ ਟਿਕਾਊ ਵਿਕਾਸ ਵੱਲ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਪੁਰਸਕਾਰ ਵਿੱਚ ਸਭ ਤੋਂ ਵੱਧ ਜੇਤੂ ਅਤੇ ਫਾਈਨਲਿਸਟ ਭਾਰਤ ਤੋਂ ਰਹੇ ਹਨ।
ਉਨ੍ਹਾਂ ਹਿੰਦੀ ਦੇ ਸ਼ਬਦਾਂ ‘ਰੰਗ ਬਿਰੰਗੀ ਦੁਨੀਆ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਰਥਿਕ ਤਰੱਕੀ ਅਤੇ ਵਾਤਾਵਰਣ ਦੀ ਸੰਭਾਲ ਨਾਲੋ-ਨਾਲ ਚੱਲ ਸਕਦੇ ਹਨ।
ਆਪਣੇ ਭਾਸ਼ਣ ਦੇ ਅੰਤ ਵਿੱਚ ਪ੍ਰਿੰਸ ਵਿਲੀਅਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਾਈਨਲਿਸਟਾਂ ਦਾ ਸਾਥ ਦੇਣ ਅਤੇ ਉਨ੍ਹਾਂ ਦੀਆਂ ਖੋਜਾਂ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਭਵਿੱਖ ਉਹ ਲੋਕ ਬਦਲਦੇ ਹਨ ਜੋ ਸਮੱਸਿਆਵਾਂ ਗਿਣਾਉਣ ਦੀ ਬਜਾਏ ਉਨ੍ਹਾਂ ਦੇ ਹੱਲ ਪੇਸ਼ ਕਰਨ ਦੀ ਹਿੰਮਤ ਰੱਖਦੇ ਹਨ।