Punjab Infoline

ਪੰਜਾਬੀ

ਦਿੱਲੀ ’ਚ INDIA ਗਠਜੋੜ ਦੀ ਰੈਲੀ, ਰਾਹੁਲ ਗਾਂਧੀ ਬੋਲੇ- ਭਾਜਪਾ ਨੇ ਦੁਕਾਨਦਾਰਾਂ ਦਾ ਕੀਤਾ ਨੁਕਸਾਨ

01 Nov, 2026 05:01 PM

 

INDIA ਗਠਜੋੜ ਦੀ ਦਿੱਲੀ ਰੈਲੀ ਦੌਰਾਨ ਰਾਹੁਲ ਗਾਂਧੀ ਦਾ ਭਾਜਪਾ ’ਤੇ ਦੋਸ਼, ਕਨਾਟ ਪਲੇਸ ’ਚ ਦੁਕਾਨਾਂ ਜ਼ਬਰਦਸਤੀ ਬੰਦ ਕਰਵਾਈਆਂ

ਨਵੀਂ ਦਿੱਲੀ: ਚੋਣਾਂ ਵਿੱਚ ਕਥਿਤ ਧਾਂਦਲੀਆਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ INDIA ਗਠਜੋੜ ਵੱਲੋਂ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 'ਚਲੋ ਦਿੱਲੀ' ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਕਨਾਟ ਪਲੇਸ ਵਿੱਚ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਹਨ। ਰਾਹੁਲ ਗਾਂਧੀ ਨੇ ਇਹ ਦੋਸ਼ ਉਸ ਸਮੇਂ ਲਾਇਆ, ਜਦੋਂ INDIA ਗਠਜੋੜ ਦੇ ਆਗੂ ਇੱਕ ਖੁੱਲ੍ਹੀ ਬੱਸ ਰਾਹੀਂ ਰਾਮਲੀਲਾ ਮੈਦਾਨ ਵੱਲ ਮਾਰਚ ਕਰ ਰਹੇ ਸਨ। ਬੱਸ ਦੀ ਛੱਤ ਤੋਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਕਨਾਟ ਪਲੇਸ ਤੋਂ ਖਰੀਦਦਾਰੀ ਕਰਨ ਦੀ ਅਪੀਲ ਕੀਤੀ ਗਈ ਸੀ, ਤਾਂ ਜੋ ਉੱਥੋਂ ਦੇ ਦੁਕਾਨਦਾਰਾਂ ਨੂੰ ਫਾਇਦਾ ਹੋ ਸਕੇ। ਰਾਹੁਲ ਗਾਂਧੀ ਨੇ ਕਿਹਾ, "ਅਸੀਂ ਰੈਲੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਇੱਥੋਂ ਖਰੀਦਦਾਰੀ ਕਰਨ, ਤਾਂ ਜੋ ਦੁਕਾਨਦਾਰਾਂ ਨੂੰ ਫਾਇਦਾ ਹੋ ਸਕੇ। ਪਰ ਕਨਾਟ ਪਲੇਸ ਪਹੁੰਚਣ ’ਤੇ ਸਾਨੂੰ ਪਤਾ ਲੱਗਾ ਕਿ ਭਾਜਪਾ ਨੇ ਜ਼ਬਰਦਸਤੀ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ। ਦੇਸ਼ ਦੇਖ ਰਿਹਾ ਹੈ ਕਿ ਭਾਜਪਾ ਕਿਸ ਤਰ੍ਹਾਂ ਦੁਕਾਨਦਾਰਾਂ ਦਾ ਨੁਕਸਾਨ ਕਰ ਰਹੀ ਹੈ।" ਇਸ ਰੋਸ ਰੈਲੀ ਤੋਂ ਪਹਿਲਾਂ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਆਗੂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਇਕੱਠੇ ਹੋਏ। ਇਨ੍ਹਾਂ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਟੀ.ਐੱਮ.ਸੀ. ਸੁਪਰੀਮੋ ਮਮਤਾ ਬੈਨਰਜੀ, ਸੀ.ਪੀ.ਆਈ. (ਐੱਮ) ਦੇ ਜਨਰਲ ਸਕੱਤਰ ਐੱਮ.ਏ. ਬੇਬੀ, ਸੀ.ਪੀ.ਆਈ. ਦੇ ਜਨਰਲ ਸਕੱਤਰ ਡੀ. ਰਾਜਾ ਅਤੇ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪੰਕਰ ਭੱਟਾਚਾਰਜੀ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਸਨ। ਇਸ ਤੋਂ ਬਾਅਦ ਆਗੂ ਖੁੱਲ੍ਹੀ ਬੱਸ ਰਾਹੀਂ ਮਿੰਟੋ ਰੋਡ ਤੋਂ ਹੁੰਦੇ ਹੋਏ ਰਾਮਲੀਲਾ ਮੈਦਾਨ ਵੱਲ ਰਵਾਨਾ ਹੋਏ। ਦੁਪਹਿਰ ਤੱਕ ਰੈਲੀ ਵਾਲੀ ਥਾਂ ’ਤੇ INDIA ਗਠਜੋੜ ਦੀਆਂ ਪਾਰਟੀਆਂ ਦੇ ਸਮਰਥਕਾਂ, ਵਰਕਰਾਂ ਅਤੇ ਯੂਥ ਤੇ ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਕਵਾਇਦ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ। ਇਸ ਰੋਸ ਮੁਜ਼ਾਹਰੇ ਲਈ ਵੱਖ-ਵੱਖ ਸੂਬਿਆਂ ਤੋਂ ਪਾਰਟੀਆਂ ਨੇ ਆਪਣੇ ਵਰਕਰਾਂ ਅਤੇ ਸਮਰਥਕਾਂ ਨੂੰ ਦਿੱਲੀ ਪਹੁੰਚਣ ਲਈ ਲਾਮਬੰਦ ਕੀਤਾ ਸੀ। ਕਈ ਸਮਰਥਕ ਐਤਵਾਰ ਸਵੇਰੇ ਰਾਜਧਾਨੀ ਪਹੁੰਚੇ, ਜਦੋਂ ਕਿ ਕਈ ਸ਼ਨਿੱਚਰਵਾਰ ਜਾਂ ਇਸ ਤੋਂ ਪਹਿਲਾਂ ਹੀ ਦਿੱਲੀ ਆ ਗਏ ਸਨ।

 

Latest News