ਪ੍ਰੇਮ ਸਿੰਘ ਚੰਦੂਮਾਜਰਾ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ, ਪੁੱਤਰ ਹਰਿੰਦਰਪਾਲ ਨੂੰ ਸਨੌਰ ਹਲਕੇ ਦੀ ਕਮਾਨ
Prem Singh Chandumajra ਦੀ ਅਕਾਲੀ ਦਲ ’ਚ ਵਾਪਸੀ, ਪੁੱਤਰ ਹਰਿੰਦਰਪਾਲ ਨੂੰ ਸਨੌਰ ਹਲਕੇ ਦੀ ਕਮਾਨ
ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਸ਼ੁੱਕਰਵਾਰ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਦੀ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਦੀ ਲੀਡਰਸ਼ਿਪ ਸਮੇਤ ਪਾਰਟੀ ਵਿੱਚ ਵਾਪਸੀ ਕੀਤੀ।
ਇਸ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਅਸਤੀਫ਼ਾ ਦੇ ਕੇ ਅਕਾਲੀ ਏਕਤਾ ਦਾ ਸੱਦਾ ਦਿੱਤਾ ਸੀ।
ਹਰਿੰਦਰਪਾਲ ਚੰਦੂਮਾਜਰਾ ਨੂੰ ਸਨੌਰ ਹਲਕੇ ਦੀ ਜ਼ਿੰਮੇਵਾਰੀ
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਹਲਕਾ ਸਨੌਰ ਦਾ ਇੰਚਾਰਜ ਨਿਯੁਕਤ ਕੀਤਾ। ਉਨ੍ਹਾਂ ਨੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਆਗੂਆਂ ਨੂੰ ਪੰਥ ਅਤੇ ਪੰਜਾਬ ਦੀ ਖ਼ਾਤਰ ਮੁੜ ਆਪਣੀ ਮਾਂ ਪਾਰਟੀ ਵਿੱਚ ਪਰਤਣ ਦੀ ਅਪੀਲ ਕੀਤੀ।
ਸੁਖਬੀਰ ਬਾਦਲ ਨੇ ਕਿਹਾ ਕਿ ਹੁਣ 'ਨਵਾਂ ਚੁੱਲ੍ਹਾ ਦਲ' ਖ਼ਤਮ ਹੋ ਗਿਆ ਹੈ। ਉੱਧਰ, ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਅਨੁਸਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਖ਼ਿਲਾਫ਼ ਪੰਥਕ ਏਕਤਾ ਲਈ ਵਾਪਸ ਆਏ ਹਨ।
ਇਸ ਸਮਾਗਮ ਵਿੱਚ ਮਹੇਸ਼ਇੰਦਰ ਸਿੰਘ ਗਰੇਵਾਲ, ਤੇਜਿੰਦਰ ਸਿੰਘ ਮਿੱਡੂਖੇੜਾ, ਅਰਵਿੰਦ ਖੰਨਾ, ਸੁਰਜੀਤ ਸਿੰਘ ਗੜ੍ਹੀ, ਜਗਮੀਤ ਸਿੰਘ ਹਰਿਆਊ, ਅਮਿਤ ਰਾਠੀ, ਤੇਜਿੰਦਰਪਾਲ ਸਿੰਘ ਸੰਧੂ, ਅਮਰਿੰਦਰ ਸਿੰਘ ਬਜਾਜ, ਅਮਰਜੀਤ ਸਿੰਘ ਪੰਜਰਥ, ਸੁਖਬੀਰ ਸਿੰਘ ਅਬਲੋਵਾਲ, ਪਲਵਿੰਦਰ ਰਿੰਕੂ ਅਤੇ ਜਸਵਿੰਦਰਪਾਲ ਸਿੰਘ ਚੱਢਾ ਮੌਜੂਦ ਸਨ।
ਸਨੌਰ ਦੀ ਟਿਕਟ ਬਾਰੇ ਸੁਖਬੀਰ ਬਾਦਲ ਨੇ ਕੀ ਕਿਹਾ?
ਸਮਾਗਮ ਦੌਰਾਨ ਵਰਕਰਾਂ ਨੇ ਸਨੌਰ ਵਿਧਾਨ ਸਭਾ ਹਲਕੇ ਦੀ ਟਿਕਟ ਦਾ ਐਲਾਨ ਕਰਨ ਦੀ ਮੰਗ ਕੀਤੀ। ਇਸ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਹਾਲੇ ਉਨ੍ਹਾਂ ਦੀ ਆਪਣੀ ਟਿਕਟ ਦਾ ਵੀ ਐਲਾਨ ਨਹੀਂ ਹੋਇਆ ਹੈ।
ਦੂਜੇ ਪਾਸੇ, ਪਹਿਲਾਂ ਬਣਾਈ ਗਈ 4 ਮੈਂਬਰੀ ਸਨੌਰ ਤਾਲਮੇਲ ਕਮੇਟੀ ਦੇ ਮੈਂਬਰ ਜਸਪਾਲ ਸਿੰਘ ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਕ੍ਰਿਸ਼ਨ ਸਿੰਘ ਸਨੌਰ ਅਤੇ ਫੌਜਇੰਦਰ ਸਿੰਘ ਮੁਖਮੇਲਪੁਰ ਸਮਾਗਮ ਵਿੱਚ ਗ਼ੈਰ-ਹਾਜ਼ਰ ਰਹੇ। ਪਾਰਟੀ ਦੇ ਖ਼ਜ਼ਾਨਚੀ ਐੱਨ ਕੇ ਸ਼ਰਮਾ ਵੀ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ।