FSSAI ਨੇ ਐਨਾਲਾਗ ਪਨੀਰ ’ਤੇ ਕੱਸਿਆ ਸ਼ਿਕੰਜਾ, ‘ਪਨੀਰ’ ਨਾਂ ਨਾਲ ਵਿਕਰੀ ਰੋਕਣ ਦੀ ਤਿਆਰੀ
Food Safety and Standards Authority of India ਨੇ ਕਿਸੇ ਵੀ ਨਾਨ-ਡੇਅਰੀ “ਐਨਾਲਾਗ ਉਤਪਾਦ” ਨੂੰ ‘ਪਨੀਰ’ ਦੇ ਨਾਂ ’ਤੇ ਬਣਾਉਣ ਅਤੇ ਵੇਚਣ ’ਤੇ ਪਾਬੰਦੀ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ।
ਫੂਡ ਰੈਗੂਲੇਟਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ’ਤੇ ਕਿਹਾ ਕਿ ਉਸ ਨੇ “ਦੁੱਧ ਤੋਂ ਨਾ ਬਣੇ ਘਟਕਾਂ ਨਾਲ ਤਿਆਰ ਐਨਾਲਾਗ ਪਨੀਰ ਦੀ ਵਿਕਰੀ” ’ਤੇ ਪਾਬੰਦੀ ਦੀ ਤਜਵੀਜ਼ ਦਿੱਤੀ ਹੈ। ਰੈਗੂਲੇਟਰ ਮੁਤਾਬਕ ਇਹ ਕਦਮ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਐਨਾਲਾਗ ਉਤਪਾਦਾਂ ਨੂੰ ਪਨੀਰ ਵਜੋਂ ਮਾਰਕੀਟ ਕਰਨ ਦੀ ਪ੍ਰਥਾ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਐਨਾਲਾਗ ਡੇਅਰੀ ਉਤਪਾਦ ਉਹ ਨਾਨ-ਡੇਅਰੀ ਵਿਕਲਪ ਹੁੰਦੇ ਹਨ, ਜਿਨ੍ਹਾਂ ਵਿੱਚ ਦੁੱਧ ਦੇ ਕੁਝ ਜਾਂ ਸਾਰੇ ਘਟਕਾਂ ਦੀ ਥਾਂ ਅਜਿਹੀਆਂ ਸਮੱਗਰੀਆਂ ਵਰਤੀਆਂ ਜਾਂਦੀਆਂ ਹਨ ਜੋ ਦੁੱਧ ਤੋਂ ਪ੍ਰਾਪਤ ਨਹੀਂ ਹੁੰਦੀਆਂ। ਐਨਾਲਾਗ ਪਨੀਰ, ਉਦਾਹਰਨ ਲਈ, ਦੁੱਧ ਦੀ ਚਰਬੀ ਦੀ ਥਾਂ ਵੈਜੀਟੇਬਲ ਆਇਲ, ਸਟਾਰਚ, ਪਲਾਂਟ ਪ੍ਰੋਟੀਨ, ਇਮਲਸੀਫਾਇਰ ਅਤੇ ਹੋਰ ਐਡਿਟਿਵਜ਼ ਨਾਲ ਬਣਾਇਆ ਜਾ ਸਕਦਾ ਹੈ।
FSSAI ਨੇ ਕੀ ਤਜਵੀਜ਼ ਦਿੱਤੀ?
ਵੀਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ, FSSAI ਨੇ Food Safety and Standards (Prohibition and Restrictions on Sales) Regulations, 2011 ਵਿੱਚ ਸੋਧ ਦੀ ਤਜਵੀਜ਼ ਦਿੱਤੀ ਹੈ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ, “ਉਤਪਾਦ ਦੀ ਪ੍ਰਕਿਰਤੀ ਅਤੇ ਬਣਤਰ ਬਾਰੇ ਖਪਤਕਾਰਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਐਨਾਲਾਗ ਉਤਪਾਦ ਨੂੰ ਪਨੀਰ ਵਜੋਂ ਬਣਾਉਣ ਅਤੇ ਵੇਚਣ ’ਤੇ ਪਾਬੰਦੀ ਲਗਾਉਣ ਲਈ ਹੇਠ ਲਿਖੇ ਨਿਯਮ ਵਿੱਚ ਸੋਧ ਦੀ ਤਜਵੀਜ਼ ਹੈ।”
ਇਸ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੇ ਉਤਪਾਦ ਪਹਿਲਾਂ ਹੀ ‘Analogue in Dairy Context’ ਕੈਟਾਗਰੀ ਹੇਠ ਰਜਿਸਟਰ ਜਾਂ ਲਾਇਸੈਂਸਸ਼ੁਦਾ ਹਨ, ਉਨ੍ਹਾਂ ਨੂੰ ਆਪਣੀ ਨੋਮੈਂਕਲੇਚਰ, ਲੇਬਲਿੰਗ ਜਾਂ ਮਾਰਕੀਟਿੰਗ ਵਿੱਚ “Paneer” ਸ਼ਬਦ ਦੀ ਵਰਤੋਂ ਬੰਦ ਕਰਨੀ ਪਵੇਗੀ।
ਰੈਗੂਲੇਟਰ ਨੇ ਕਿਹਾ ਕਿ ਇਹ ਕਾਰਵਾਈ Food Safety and Standards Act, 2006 ਦੀ ਧਾਰਾ 92 ਦੀ ਉਪ-ਧਾਰਾ (2) ਅਧੀਨ ਪ੍ਰਾਪਤ ਅਧਿਕਾਰਾਂ ਤਹਿਤ ਕੀਤੀ ਜਾ ਰਹੀ ਹੈ।
FSSAI ਨੇ ਕਿਹਾ, “ਜੇ ਕੋਈ ਆਪਤੀ ਜਾਂ ਸੁਝਾਅ ਹੋਵੇ ਤਾਂ ਉਹ Chief Executive Officer, Food Safety and Standards Authority of India, FDA Bhawan, Kotla Road, New Delhi - 110002 ਨੂੰ ਭੇਜਿਆ ਜਾ ਸਕਦਾ ਹੈ ਜਾਂ regulation@fssai.gov.in ’ਤੇ ਈਮੇਲ ਕੀਤਾ ਜਾ ਸਕਦਾ ਹੈ।”
ਫੂਡ ਰੈਗੂਲੇਟਰ ਨੇ ਸੰਬੰਧਿਤ Official Gazette ਦੀਆਂ ਕਾਪੀਆਂ ਜਨਤਾ ਲਈ ਉਪਲਬਧ ਹੋਣ ਦੀ ਮਿਤੀ ਤੋਂ 60 ਦਿਨਾਂ ਤੱਕ ਆਪਤੀਆਂ ਅਤੇ ਸੁਝਾਅ ਮੰਗੇ ਹਨ। ਪ੍ਰਾਪਤ ਨੁਮਾਇੰਦਗੀਆਂ ’ਤੇ ਵਿਚਾਰ ਕਰਨ ਤੋਂ ਬਾਅਦ FSSAI ਨਿਯਮਕ ਪ੍ਰਕਿਰਿਆ ਅੱਗੇ ਵਧਾਏਗਾ।
FSSAI ਦਾ ਇਹ ਕਦਮ ਉਸ ਵੇਲੇ ਆਇਆ ਹੈ ਜਦੋਂ ਕਈ ਰਾਜ ਐਨਾਲਾਗ ਪਨੀਰ ਦੇ ਨਿਰਮਾਣ ਅਤੇ ਵਿਕਰੀ ’ਤੇ ਪਾਬੰਦੀ ਲਗਾ ਚੁੱਕੇ ਹਨ। ਇਨ੍ਹਾਂ ਵਿੱਚ ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹਨ।
ਫੂਡ ਡਿਲਿਵਰੀ ਪਲੇਟਫਾਰਮ Zomato ਨੇ ਵੀ ਆਪਣੇ ਪਲੇਟਫਾਰਮ ’ਤੇ ਐਨਾਲਾਗ ਡੇਅਰੀ ਉਤਪਾਦਾਂ ਵਾਲੀਆਂ ਡਿਸ਼ਾਂ ਦੀ ਵਿਕਰੀ ਖਿਲਾਫ਼ zero-tolerance policy ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਰੈਸਟੋਰੈਂਟਾਂ ਨੂੰ delist ਕੀਤਾ ਜਾ ਸਕਦਾ ਹੈ।
Zomato ਨੇ ਇਸ ਹਫ਼ਤੇ ਪਹਿਲਾਂ ਜਾਰੀ ਰਿਲੀਜ਼ ਵਿੱਚ ਕਿਹਾ ਸੀ ਕਿ ਜਿਨ੍ਹਾਂ ਡਿਸ਼ਾਂ ਨੂੰ ਰੈਸਟੋਰੈਂਟ ਭਾਈਵਾਲਾਂ ਨੇ ਐਨਾਲਾਗ ਡੇਅਰੀ ਵਾਲਾ ਦੱਸਿਆ ਸੀ, ਉਨ੍ਹਾਂ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ।
Posted By: Gurjeet Singh Azad