Gurmeet Singh Khuddian BJP: ਸ਼ਿਵਰਾਜ ਚੌਹਾਨ ਦੇ ਖੁੱਡੀਆਂ ਪ੍ਰਤੀ ਖ਼ਾਸ ਸਨੇਹ ਨੇ ਛੇੜੀ ਸਿਆਸੀ ਚਰਚਾ, 352.64 ਕਰੋੜ ਦਾ ਪੈਕੇਜ ਵੀ ਸੌਂਪਿਆ
Gurmeet Khuddian BJP: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪੰਜਾਬ ਫੇਰੀ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪ੍ਰਤੀ ਦਿਖਾਏ ਖ਼ਾਸ ਸਨੇਹ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ ਖੁੱਡੀਆਂ ਨੂੰ ਟਿਕਟ ਨਹੀਂ ਦਿੱਤੀ ਗਈ। ਇਸ ਮਗਰੋਂ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਖੁੱਡੀਆਂ ਦੀ ਇਹ ਪਹਿਲੀ ਮੁਲਾਕਾਤ ਸੀ। ਹਾਲਾਂਕਿ, ਦੋਵਾਂ ਆਗੂਆਂ ਦੀ ਨੇੜਤਾ ਪਹਿਲਾਂ ਵੀ ਕਿਸੇ ਤੋਂ ਲੁਕੀ ਨਹੀਂ ਰਹੀ।
ਭਾਜਪਾ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੁਰਸਿੱਖ ਅਤੇ ਚੰਗੇ ਰਸੂਖ਼ ਵਾਲੇ ਚਿਹਰਿਆਂ ਦੀ ਭਾਲ ਵਿੱਚ ਹੈ। ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਦੂਜੀ ਸੂਚੀ ਵਿੱਚੋਂ ਬਾਹਰ ਕੀਤੇ ਜਾਣ ਮਗਰੋਂ ਗੁਰਮੀਤ ਖੁੱਡੀਆਂ ’ਤੇ ਨਜ਼ਰ ਰੱਖੇ ਜਾਣ ਦੀ ਚਰਚਾ ਹੈ। ਹਾਲਾਂਕਿ, ਖੇਤੀਬਾੜੀ ਮੰਤਰੀ ਖੁੱਡੀਆਂ ਨੇ ਪਾਰਟੀ ਦੀ ਟਿਕਟ ਵੰਡ ’ਤੇ ਤਸੱਲੀ ਪ੍ਰਗਟਾਈ ਹੈ ਅਤੇ ਉਨ੍ਹਾਂ ਦਾ ਕੋਈ ਵੱਖਰਾ ਸਿਆਸੀ ਰਾਹ ਅਖ਼ਤਿਆਰ ਕਰਨ ਦਾ ਇਰਾਦਾ ਨਹੀਂ ਹੈ। ਖੁੱਡੀਆਂ ਪੰਜਾਬ ਕੈਬਨਿਟ ਦੇ ਇਕਲੌਤੇ ਗੁਰਸਿੱਖ ਚਿਹਰੇ ਹਨ, ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ।
ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਲਈ 352.64 ਕਰੋੜ ਰੁਪਏ ਦੇ ਵਿੱਤੀ ਪੈਕੇਜ ਦੀ ਮਨਜ਼ੂਰੀ ਵਾਲਾ ਪੱਤਰ ਲੈ ਕੇ ਆਏ ਸਨ। ਉਨ੍ਹਾਂ ਨੇ ਮੁਹਾਲੀ ਦੇ ਪਿੰਡ ਬਦਰਪੁਰ ਵਿੱਚ ਕਰਵਾਏ ਗਏ 'ਖੇਤ ਬਚਾਓ ਅਭਿਆਨ' ਪ੍ਰੋਗਰਾਮ ਦੌਰਾਨ ਇਹ ਪੱਤਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸੌਂਪਿਆ।
ਸੂਤਰਾਂ ਅਨੁਸਾਰ, ਜਦੋਂ ਸ਼ਿਵਰਾਜ ਚੌਹਾਨ ਹਵਾਈ ਅੱਡੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਕੁਝ ਸਮਾਂ ਉੱਥੇ ਖੁੱਡੀਆਂ ਦੀ ਉਡੀਕ ਕੀਤੀ। ਖੁੱਡੀਆਂ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ’ਤੇ ਪਹੁੰਚੇ ਤਾਂ ਚੌਹਾਨ ਉਨ੍ਹਾਂ ਨੂੰ ਆਪਣੀ ਗੱਡੀ ਵਿੱਚ ਨਾਲ ਬਿਠਾ ਕੇ ਪਿੰਡ ਬਦਰਪੁਰ ਲਈ ਰਵਾਨਾ ਹੋਏ। ਇਸ ਦੌਰਾਨ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਗੱਡੀ ਵਿੱਚ ਮੌਜੂਦ ਸਨ।
ਬਦਰਪੁਰ ਵਿੱਚ ਕਿਸਾਨ ਭੁਪਿੰਦਰ ਸਿੰਘ ਦੇ ਘਰ ਮੰਜਿਆਂ ’ਤੇ ਬੈਠ ਕੇ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਖੁੱਡੀਆਂ ਨੇ ਦੁਪਹਿਰ ਦਾ ਖਾਣਾ ਖਾਧਾ। ਇਸ ਮੌਕੇ ਚੌਹਾਨ ਨੇ ਕਿਹਾ ਕਿ ਜਦੋਂ ਵੀ ਖੁੱਡੀਆਂ ਨੇ ਪੰਜਾਬ ਦੀ ਖੇਤੀਬਾੜੀ ਲਈ ਕੁਝ ਮੰਗਿਆ, ਉਨ੍ਹਾਂ ਨੇ ਤੁਰੰਤ ਦਿੱਤਾ। ਚੌਹਾਨ ਆਪਣੇ ਪਰਿਵਾਰਕ ਸਮਾਗਮਾਂ ਵਿੱਚ ਵੀ ਖੁੱਡੀਆਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੰਦੇ ਰਹੇ ਹਨ।
ਬਤੌਰ ਖੇਤੀਬਾੜੀ ਮੰਤਰੀ ਸਮਾਗਮਾਂ ਵਿੱਚ ਸ਼ਾਮਲ ਹੋਇਆ: ਖੁੱਡੀਆਂ
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਹ ਬਤੌਰ ਖੇਤੀਬਾੜੀ ਮੰਤਰੀ ਅੱਜ ਦੇ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਲਈ ਪੰਜਾਬ ਦੀ ਕਿਸਾਨੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਹਾਜ਼ਰੀ ਦਾ ਕੋਈ ਸਿਆਸੀ ਸਬੰਧ ਨਹੀਂ ਹੈ।
ਖੁੱਡੀਆਂ ਮਾਲਵਾ ਖੇਤਰ ਵਿੱਚ ਇੱਕ ਸੂਝਵਾਨ ਆਗੂ ਵਜੋਂ ਉੱਭਰੇ ਹਨ। ਖੁੱਡੀਆਂ ਪਰਿਵਾਰ ਦਾ ਸਿਆਸਤ ਤੋਂ ਉੱਪਰ ਉੱਠ ਕੇ ਵੀ ਲੋਕਾਂ ਵਿੱਚ ਸਤਿਕਾਰ ਰਿਹਾ ਹੈ।
‘ਖੁੱਡੀਆਂ ਮਾਡਲ’ ’ਤੇ ਚੱਲੇ ਸਰਕਾਰ: ਸੁਨੀਲ ਜਾਖੜ
ਭਾਜਪਾ ਆਗੂ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਮੰਤਰੀ ਵੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਾਂਗ ਕੇਂਦਰ ਸਰਕਾਰ ਕੋਲ ਖੇਤੀਬਾੜੀ ਪ੍ਰਾਜੈਕਟ ਲੈ ਕੇ ਜਾਂਦੇ ਤਾਂ ਉਨ੍ਹਾਂ ਨੂੰ ਖਾਲੀ ਹੱਥ ਮੁੜਨ ਦੀ ਨੌਬਤ ਨਹੀਂ ਆਉਂਦੀ।
ਜਾਖੜ ਨੇ ਕਿਹਾ ਕਿ ਸਹਿਕਾਰੀ ਸੰਘਵਾਦ ਰਾਹੀਂ ਹੀ ਵਿਕਾਸ ਸੰਭਵ ਹੈ। ਕੇਂਦਰ ਨਾਲ ਵਿਵਾਦ ਖੜ੍ਹੇ ਕਰਨ ਦੀ ਬਜਾਏ ਸਹਿਯੋਗ ਨਾਲ ਕੰਮ ਕਰਨ ਵਾਲੀ ਸਰਕਾਰ ਹੀ ਪੰਜਾਬ ਨੂੰ ਮੁਸ਼ਕਲਾਂ ਵਿੱਚੋਂ ਬਾਹਰ ਕੱਢ ਸਕਦੀ ਹੈ। ਉਨ੍ਹਾਂ ਨੇ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਖੁੱਡੀਆਂ ਦੀ ਜੋੜੀ ਨੂੰ 'ਖੇਤੀ ਮੰਤਰੀਆਂ ਦੀ ਹਿੱਟ ਜੋੜੀ' ਕਰਾਰ ਦਿੱਤਾ।