Punjab Infoline

ਪੰਜਾਬੀ

Canada Langley Car Fire: ਸੜਦੀ ਕਾਰ ’ਚੋਂ ਮਿਲੀ ਲਾਸ਼ ਦੀ ਪਛਾਣ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਵਜੋਂ, ਕਤਲ ਨੂੰ ਮੰਨਿਆ ਜਾ ਰਿਹਾ ਟਾਰਗੇਟਿਡ ਕਿਲਿੰਗ

18 Nov, 2026 08:57 AM

Canada Langley Car Fire: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਂਗਲੀ ਵਿੱਚ ਪਿਛਲੇ ਮਹੀਨੇ ਸੜਦੀ ਕਾਰ ਵਿੱਚੋਂ ਮਿਲੇ ਮਨੁੱਖੀ ਅਵਸ਼ੇਸ਼ਾਂ ਦੀ ਪਛਾਣ 25 ਸਾਲਾ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਵਜੋਂ ਹੋਈ ਹੈ। ਕਤਲ ਮਾਮਲੇ ਦੀ ਜਾਂਚ ਕਰ ਰਹੇ ਕੈਨੇਡੀਅਨ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਤੁਸ਼ਾਰ ਦੀ ਹੱਤਿਆ ਮਿੱਥ ਕੇ ਕੀਤੀ ਗਈ ਸੀ। ਜਾਂਚਕਰਤਾਵਾਂ ਨੇ ਇਸ ਨੂੰ 'ਟਾਰਗੇਟਿਡ ਕਿਲਿੰਗ' ਦੱਸਦਿਆਂ ਲੋਕਾਂ ਤੋਂ ਜਾਣਕਾਰੀ ਮੰਗੀ ਹੈ।

ਮਾਮਲੇ ਦੀ ਜਾਂਚ ਕਰ ਰਹੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲਦੇ ਹਨ ਕਿ ਇਹ ਕਤਲ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਸਬੂਤ ਨਸ਼ਟ ਕਰਨ ਦੇ ਮਕਸਦ ਨਾਲ ਕਾਰ ਨੂੰ ਅੱਗ ਲਗਾਈ ਗਈ ਹੋ ਸਕਦੀ ਹੈ।

ਮੰਗਲਵਾਰ ਨੂੰ ਜਾਰੀ ਕੀਤੀ ਗਈ ਜਨਤਕ ਅਪੀਲ ਵਿੱਚ ਜਾਂਚਕਰਤਾਵਾਂ ਨੇ ਮ੍ਰਿਤਕ ਦੀ ਪਛਾਣ ਤੁਸ਼ਾਰ ਸ਼ਰਮਾ ਵਜੋਂ ਕੀਤੀ। ਉਨ੍ਹਾਂ ਦੱਸਿਆ ਕਿ ਤੁਸ਼ਾਰ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਕੈਨੇਡਾ ਵਿੱਚ ਉਸ ਦੇ ਜਾਣੇ-ਪਛਾਣੇ ਸੰਪਰਕ ਵੀ ਸੀਮਤ ਸਨ।

ਇਹ ਮਾਮਲਾ 29 ਅਕਤੂਬਰ ਨੂੰ ਸਾਹਮਣੇ ਆਇਆ ਸੀ, ਜਦੋਂ ਐਮਰਜੈਂਸੀ ਸੇਵਾਵਾਂ ਨੂੰ ਲੈਂਗਲੀ ਦੇ ਰਾਵਲੀਸਨ ਕ੍ਰੀਸੈਂਟ ਦੇ 23300 ਬਲਾਕ ਵਿੱਚ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਅੱਗ ਬੁਝਾਉਣ ਦੌਰਾਨ ਗੱਡੀ ਦੇ ਅੰਦਰੋਂ ਮਨੁੱਖੀ ਅਵਸ਼ੇਸ਼ ਵਰਗੀ ਚੀਜ਼ ਬਰਾਮਦ ਕੀਤੀ ਸੀ।

ਇਸ ਤੋਂ ਬਾਅਦ ਜਾਂਚਕਰਤਾ ਅੱਗ ਲੱਗਣ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਸਮਾਂ-ਰੇਖਾ ਤਿਆਰ ਕਰਨ ਅਤੇ ਤੁਸ਼ਾਰ ਸ਼ਰਮਾ ਦੀ ਮੌਤ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਜੁਟੇ ਹੋਏ ਹਨ।

ਹਾਲਾਂਕਿ, ਕਤਲ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ।

IHIT ਦੀ ਬੁਲਾਰਾ ਸਾਰਜੈਂਟ ਫਰੀਦਾ ਫੋਂਗ (Sgt Freda Fong) ਨੇ ਕਿਹਾ, "IHIT ਦੇ ਜਾਂਚਕਰਤਾ ਸ਼ਰਮਾ ਦੀ ਮੌਤ ਤੋਂ ਪਹਿਲਾਂ ਦੀ ਜੀਵਨ ਸ਼ੈਲੀ ਅਤੇ ਗਤੀਵਿਧੀਆਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਕੈਨੇਡਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਲਗਾਤਾਰ ਤਾਲਮੇਲ ਕਰ ਰਹੇ ਹਨ।"

ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਜਾਣਕਾਰੀ ਦੇਣ ਦੀ ਅਪੀਲ

ਜਾਂਚਕਰਤਾਵਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ 29 ਅਕਤੂਬਰ ਤੋਂ ਪਹਿਲਾਂ ਤੁਸ਼ਾਰ ਸ਼ਰਮਾ ਦੀਆਂ ਗਤੀਵਿਧੀਆਂ ਜਾਂ ਉਸ ਦੇ ਆਉਣ-ਜਾਣ ਬਾਰੇ ਕੋਈ ਜਾਣਕਾਰੀ ਹੈ ਜਾਂ ਕੋਈ ਅਜਿਹਾ ਵੇਰਵਾ ਹੈ ਜੋ ਉਸ ਦੀ ਮੌਤ ਦੇ ਹਾਲਾਤਾਂ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦਾ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।

ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ IHIT ਨਾਲ 1-877-551-4448 ’ਤੇ ਫ਼ੋਨ ਕੀਤਾ ਜਾ ਸਕਦਾ ਹੈ ਜਾਂ ihitinfo@rcmp-grc.gc.ca ’ਤੇ ਈਮੇਲ ਭੇਜੀ ਜਾ ਸਕਦੀ ਹੈ।

Latest News