30 ਸਤੰਬਰ ਤੱਕ ਚੱਲੇਗਾ ਛਪਾਰ ਮੇਲਾ, ਪਹਿਲੇ ਦਿਨ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੇ ਲਗਵਾਈ ਹਾਜ਼ਰੀ
- ਪੰਜਾਬ
- (Asia/Kolkata)
ਛਪਾਰ: ਪੰਜਾਬ ਦਾ ਪ੍ਰਸਿੱਧ ਅਤੇ ਇਤਿਹਾਸਕ ਛਪਾਰ ਦਾ ਮੇਲਾ ਅੱਜ ਸ਼ਰਧਾ ਭਰੇ ਮਾਹੌਲ ਵਿੱਚ ਸ਼ੁਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਚੌਕੀਆਂ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਗੁੱਗਾ ਮਾੜੀ ਵਿੱਚ ਨਤਮਸਤਕ ਹੋਣ ਲਈ ਪੁੱਜੇ।
ਇਸ ਦੌਰਾਨ ਸ਼ਰਧਾਲੂਆਂ ਨੇ ਮਾੜੀ ਤੋਂ ਪਵਿੱਤਰ ਮਿੱਟੀ ਕੱਢ ਕੇ ਗੁੱਗਾ ਪੀਰ ਦੀ ਪੂਜਾ ਕੀਤੀ। ਗੁੱਗਾ ਮਾੜੀ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਦੂਰ-ਦੁਰਾਡੇ ਇਲਾਕਿਆਂ ਤੋਂ ਪਰਿਵਾਰਾਂ ਸਮੇਤ ਪੁੱਜੇ ਸ਼ਰਧਾਲੂਆਂ ਵਿੱਚ ਮੇਲੇ ਪ੍ਰਤੀ ਉਤਸ਼ਾਹ ਅਤੇ ਸ਼ਰਧਾ ਦੇਖਣਯੋਗ ਰਹੀ।
ਝੂਲੇ ਅਤੇ ਮਨੋਰੰਜਨ ਦੇ ਸਾਧਨ ਬਣੇ ਖਿੱਚ ਦਾ ਕੇਂਦਰ
ਮੇਲੇ ਵਿੱਚ ਲੱਗੇ ਵੱਖ-ਵੱਖ ਕਿਸਮ ਦੇ ਝੂਲੇ, ਚੰਡੋਲ ਅਤੇ ਹੋਰ ਮਨੋਰੰਜਨ ਦੇ ਸਾਧਨ ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਮੌਤ ਦਾ ਖੂਹ ਦੇਖਣ ਲਈ ਵੀ ਲੋਕਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ।
ਦੁਕਾਨਾਂ ਅਤੇ ਖਾਣ-ਪੀਣ ਦੇ ਸਟਾਲਾਂ ’ਤੇ ਰੌਣਕ
ਮੇਲਾ ਮੈਦਾਨ ਵਿੱਚ ਚਾਰੇ ਪਾਸੇ ਲੱਗੀਆਂ ਦੁਕਾਨਾਂ, ਖਾਣ-ਪੀਣ ਦੇ ਸਟਾਲਾਂ ਅਤੇ ਰੰਗ-ਬਿਰੰਗੀਆਂ ਰੌਸ਼ਨੀਆਂ ਨੇ ਪੂਰੇ ਇਲਾਕੇ ਨੂੰ ਤਿਉਹਾਰੀ ਰੰਗ ਵਿੱਚ ਰੰਗ ਦਿੱਤਾ। ਇਸ ਵਾਰ ਮੌਸਮ ਸਾਫ਼ ਹੋਣ ਕਾਰਨ ਮੇਲੇ ਵਿੱਚ ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਵੀ ਖੂਬ ਰੌਣਕ ਰਹੀ।
ਹਲਵਾਈਆਂ ਅਤੇ ਵਪਾਰੀਆਂ ਨੇ ਮੇਲੇ ਦੇ ਪਹਿਲੇ ਦਿਨ ਹੀ ਚੰਗਾ ਕਾਰੋਬਾਰ ਹੋਣ ’ਤੇ ਖੁਸ਼ੀ ਜ਼ਾਹਿਰ ਕੀਤੀ। ਛਪਾਰ ਮੇਲੇ ਦੇ ਪਹਿਲੇ ਦਿਨ ਧਾਰਮਿਕ ਸ਼ਰਧਾ, ਲੋਕ ਰੰਗ, ਮਨੋਰੰਜਨ ਅਤੇ ਪੰਜਾਬੀ ਮੇਲਿਆਂ ਵਾਲਾ ਰਵਾਇਤੀ ਉਤਸ਼ਾਹ ਇਕੱਠੇ ਨਜ਼ਰ ਆਇਆ।
30 ਸਤੰਬਰ ਤੱਕ ਚੱਲੇਗਾ ਮੇਲਾ
ਛਪਾਰ ਦਾ ਮੇਲਾ 30 ਸਤੰਬਰ ਤੱਕ ਚੱਲੇਗਾ। ਅਗਲੇ ਦੋ ਦਿਨਾਂ ਦੌਰਾਨ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ।