ਪੰਜਾਬ 'ਚ ਦੋ ਵੱਖ-ਵੱਖ ਥਾਵਾਂ 'ਤੇ ਭਿਆਨਕ ਹਾਦਸੇ, LPU ਵਿਦਿਆਰਥਣ ਸਮੇਤ 5 ਲੋਕਾਂ ਦੀ ਮੌਤ
- ਪੰਜਾਬ
- (Asia/Kolkata)
ਬੰਗਾ 'ਚ ਫਲਾਈਓਵਰ ਤੋਂ ਬੱਸ ਡਿੱਗਣ ਕਾਰਨ 3 ਮੌਤਾਂ, ਬਠਿੰਡਾ 'ਚ ਟਰਾਲੀ ਨਾਲ ਟਕਰਾਇਆ ਮੋਟਰਸਾਈਕਲ
Bus Accident in Banga: ਪੰਜਾਬ ਵਿੱਚ ਦੋ ਵੱਖ-ਵੱਖ ਥਾਵਾਂ 'ਤੇ ਵਾਪਰੇ ਸੜਕ ਹਾਦਸਿਆਂ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੀ ਇੱਕ ਵਿਦਿਆਰਥਣ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਬੰਗਾ ਵਿੱਚ ਬੱਸ ਹਾਦਸੇ ਦੌਰਾਨ 3 ਲੋਕਾਂ ਦੀ ਜਾਨ ਗਈ, ਜਦਕਿ ਬਠਿੰਡਾ ਵਿੱਚ ਮੋਟਰਸਾਈਕਲ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ। ਦੋਵਾਂ ਮਾਮਲਿਆਂ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬੰਗਾ 'ਚ ਫਲਾਈਓਵਰ ਤੋਂ ਡਿੱਗੀ ਬੱਸ, ਵਿਦਿਆਰਥਣ ਸਮੇਤ 3 ਦੀ ਮੌਤ
ਨਵਾਂਸ਼ਹਿਰ ਜ਼ਿਲ੍ਹੇ ਦੀ ਸਬ-ਤਹਿਸੀਲ ਬੰਗਾ ਵਿੱਚ ਅੱਜ ਸਵੇਰੇ ਕਰੀਬ 5 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਮਨਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਇੱਕ ਬੱਸ ਬੰਗਾ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਹਾਦਸੇ ਵਿੱਚ ਕੰਡਕਟਰ ਸਮੇਤ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਇੱਕ ਵਿਦਿਆਰਥੀ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਬੱਸ ਜਦੋਂ ਬੰਗਾ ਫਲਾਈਓਵਰ 'ਤੇ ਪਹੁੰਚੀ ਤਾਂ ਕਥਿਤ ਤੌਰ 'ਤੇ ਡਰਾਈਵਰ ਦੀ ਅੱਖ ਝਪਕ ਗਈ। ਇਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਹੰਗਾਮਾ ਮਚ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਬੱਸ ਡਰਾਈਵਰ ਮੌਕੇ ਤੋਂ ਭੱਜ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਬਠਿੰਡਾ 'ਚ ਮੋਟਰਸਾਈਕਲ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ
ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਵਿੱਚ ਰਾਮਪੁਰਾ-ਤਲਵੰਡੀ ਸਾਬੋ ਰੋਡ 'ਤੇ ਅੱਜ ਦੇਰ ਸ਼ਾਮ ਇੱਕ ਹੋਰ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਮੰਡੀ ਕਲਾਂ ਸਥਿਤ ਆਪਣੇ ਘਰ ਜਾ ਰਹੇ ਸਨ। ਜਦੋਂ ਉਹ ਰਾਮਪੁਰਾ-ਤਲਵੰਡੀ ਸਾਬੋ ਰੋਡ 'ਤੇ ਮੰਡੀ ਕਲਾਂ ਨੇੜੇ ਇੱਕ ਮੋੜ 'ਤੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਇੱਕ ਟਰਾਲੀ ਨਾਲ ਟਕਰਾ ਗਿਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।