ਜੀ.ਕੇ.ਯੂ. ਵਿਖੇ ਹੋਇਆ ਲੜਕੀਆਂ ਵਿੱਚ ਕੈਂਸਰ ਰੋਗ ਅਤੇ ਬਚਾਓ ਵਿਸ਼ੇ 'ਤੇ ਸੈਮੀਨਾਰ
- ਸਿਹਤ
- 01 Oct,2019
ਤਲਵੰਡੀ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਲਪਨਾ ਚਾਵਲਾ ਹੋਸਟਲ ਵਿਖੇ ਲੜਕੀਆਂ ਵਿੱਚ ਕੈਂਸਰ ਰੋਗ ਅਤੇ ਬਚਾਓ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾ. ਵਿਜੈ ਲਕਸ਼ਮੀ (ਡੀਨ) ਨੇ ਕੀਤੀ ਅਤੇ ਡਾ. ਓਮ ਪ੍ਰਕਾਸ਼ ਆਜ਼ਾਦ ਬਤੌਰ ਮੁੱਖ ਮਹਿਮਾਨ ਪਧਾਰੇ। ਇਸ ਸੈਮੀਨਾਰ ਵਿੱਚ ਲੜਕੀਆਂ ਨੂੰ ਬੱਚੇਦਾਨੀ ਦੇ ਕੈਂਸਰ, ਰੋਕਥਾਮ ਅਤੇ ਬਚਾਓ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਵਿੱਚ ਬੋਲਦਿਆਂ ਮੁੱਖ ਵਕਤਾ ਡਾ. ਆਜ਼ਾਦ ਨੇ ਦੱਸਿਆ ਕਿ ਲੜਕੀਆਂ ਸਾਫ਼ ਸੁਥਰੇ ਅਤੇ ਉਚ ਕੁਆਲਟੀ ਦੇ ਪੈਡ ਇਸਤੇਮਾਲ ਕਰਕੇ ਕੈਂਸਰ ਤੋਂ ਆਪਣੇ ਆਪ ਨੂੰ ਬਚਾ ਸਕਦੀਆਂ ਹਨ। ਮਹਾਵਾਰੀ ਦੇ ਦਿਨਾਂ ਵਿੱਚ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੇ ਭੋਜਨ ਵਿੱਚ ਪੋਸ਼ਟਿਕ ਖਾਣਾ ਸ਼ਾਮਿਲ ਕਰਨਾ ਹੈ। ਇਸ ਮੌਕੇ ਉਨ੍ਹਾਂ ਬੋਲਦੇ ਹੋਏ ਕਿਹਾ ਕਿ ਯੂਵਾ ਪੀੜ੍ਹੀ ਨੂੰ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਸਰਤ ਅਤੇ ਸੈਰ ਨੂੰ ਸ਼ਾਮਿਲ ਕਰਨਾ ਅਤਿ ਜ਼ਰੂਰੀ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਵਿਜੈ ਲਕਸ਼ਮੀ ਨੇ ਦੱਸਿਆ ਕਿ ਭਾਰਤ ਵਿੱਚ ਬੱਚੇਦਾਨੀ ਦੇ ਕੈਂਸਰ ਕਾਰਨ ਹਰ ਸੱਤ ਮਿੰਟ ਬਾਅਦ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ। ਅੱਜ ਦੇ ਸੈਮੀਨਾਰ ਆਯੋਜਨ ਦਾ ਮੁੱਖ ਮਕਸਦ ਵਿਦਿਆਰਥਣਾਂ ਵਿੱਚ ਇਸ ਰੋਗ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਅਖ਼ੀਰ ਵਿੱਚ ਉਨ੍ਹਾਂ ਨੇ ਵਰਸਿਟੀ ਪ੍ਰਬੰਧਕਾਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Posted By:
GURJANT SINGH