ਅਕਾਲੀ ਦਲ ਵਾਰਿਸ ਪੰਜਾਬ ਦੇ ਮਾਲਵਾ ਜੋਨ ਦੋ ਦੇ ਇੰਚਾਰਜ ਨਿਯੁਕਤ ਹੋਣ 'ਤੇ ਪ੍ਰਗਟ ਸਿੰਘ ਭੋਡੀਪੁਰਾ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ
- ਪੰਥਕ ਮਸਲੇ ਅਤੇ ਖ਼ਬਰਾਂ
- (Asia/Kolkata)
ਤਲਵੰਡੀ ਸਾਬੋ, 24 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮਾਲਵਾ ਜੋਨ ਦੋ ਦੇ ਨਵ ਨਿਯੁਕਤ ਇੰਚਾਰਜ ਪ੍ਰਗਟ ਸਿੰਘ ਭੋਡੀਪੁਰਾ ਪਰਿਵਾਰ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਉਨਾਂ ਨੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਐਡਵੋਕੇਟ ਮਨਦੀਪ ਸਿੰਘ ਸਿੱਧੂ ਨਾਲ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜਾਬ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਵਾਈ। ਭਾਈ ਪ੍ਰਗਟ ਸਿੰਘ ਭੋਡੀਪੁਰਾ ਨੇ ਤਖਤ ਸਾਹਿਬ ਤੇ ਸਬਦ ਕੀਰਤਨ ਸਰਵਣ ਕਰਨ ਉਪਰੰਤ ਭੋਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਵੀ ਦਰਸ਼ਨ ਦੀਦਾਰ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਭੋਡੀਪੁਰਾ ਨੇ ਕਿਹਾ ਕਿ ਪਾਰਟੀ ਵਲੋ ਨਵੀਂ ਜਿੰਮੇਵਾਰੀ ਮਿਲਣ ਤੇ ਪਰਿਵਾਰ ਸਮੇਤ ਸ਼ੁਕਰਾਨਾ ਕਰਨ ਲਈ ਤਖਤ ਸਾਹਿਬ ਤੇ ਨਤਮਸਤਕ ਹੋਏ ਹਾਂ। ਤੁਸੀਂ ਮੌਜੂਦਾ ਪੰਜਾਬ ਦੇ ਹਾਲਾਤ ਵੇਖ ਹੀ ਰਹੇ ਹੋ ਕਿਸ ਤਰ੍ਹਾਂ ਪੰਜਾਬ ਦੇ ਛੋਟੇ ਬੱਚੇਆਂ ਤੋਂ ਲੈ ਕੇ ਨੌਜਵਾਨਾਂ ਤੱਕ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ, ਜੇਕਰ ਕੋਈ ਇਹਨਾਂ ਨਸ਼ਿਆਂ ਬਾਰੇ ਆਵਾਜ਼ ਬਲੰਦ ਕਰਦਾ ਹੈ ਤਾਂ ਉਸ ਨੂੰ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਤਰ੍ਹਾਂ ਮਾਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਨਸ਼ਿਆਂ ਨੂੰ ਠੱਲ ਪਾਉਣ ਅਤੇ ਸਿੱਖੀ ਦੇ ਪ੍ਰਚਾਰ ਲਈ ਲਹਿਰ ਚਲਾਈ ਗਈ। ਉਹਨਾਂ ਵੱਲੋਂ ਜੋ ਜਿੰਮੇਵਾਰੀ ਮੈਨੂੰ ਸੌਂਪੀ ਹੈ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਇਸ ਲਈ ਅੱਜ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਪਰਿਵਾਰ ਸਮੇਤ ਇੱਥੇ ਹਾਜ਼ਰ ਹੋਏ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਛੇ ਜਿਲਿਆਂ ਦੀ ਜਿੰਮੇਵਾਰੀ ਮਿਲੀ ਹੈ ਅਤੇ ਇਹਨਾਂ ਛੇ ਜਿਲਿਆਂ ਦੇ ਸਾਰੇ ਹੀ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਮਾਲਵੇ ਨੂੰ ਨਸ਼ਾ ਮੁਕਤ ਕਰਨ ਲਈ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣਾਈ ਜਾਵੇਗੀ। ਹਲਕਾ ਤਲਵੰਡੀ ਸਾਬੋ ਤੋਂ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਭਾਈ ਪ੍ਰਗਟ ਸਿੰਘ ਭੋਡੀਪੁਰਾ ਦੀ ਨਿਯੁਕਤੀ ਨਾਲ ਪਾਰਟੀ ਨੂੰ ਮਾਲਵੇ ਦੇ ਵਿੱਚ ਬਲ ਮਿਲੇਗਾ। ਇਸ ਮੌਕੇ ਬੀਬਾ ਸਤਬੀਰ ਕੌਰ ਨੰਦਗੜ੍ਹ ਪੁੱਤਰੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਐਡਵੋਕੇਟ ਮਨਦੀਪ ਸਿੰਘ ਸਿੱਧੂ, ਪਰਮਜੀਤ ਸਿੰਘ ਗੰਗਾ, ਦਰਸ਼ਨ ਸਿੰਘ ਸਰਾਂ ਮੁਕਤਸਰ ਸਾਹਿਬ, ਗੁਰਜੰਟ ਸਿੰਘ ਧੀਮਾਨ ਬਠਿੰਡਾ, ਪਰਮਪ੍ਰੀਤ ਸਿੰਘ ਮਾਨਸ਼ਾਹੀਆ, ਪ੍ਰਦੀਪ ਸਿੰਘ ਸੋਨੀ, ਸਿਮਰਜੀਤ ਸਿੰਘ ਬਠਿੰਡਾ, ਐਡਵੋਕੇਟ ਉਦੇ ਪ੍ਰਤਾਪ ਸਿੰਘ, ਨਵਤੇਜ ਸਿੰਘ ਸਰਾਂ, ਜਗਮੀਤ ਸਿੰਘ ਕੋਟਭਾਈ, ਬਾਬਾ ਬਲਜੀਤ ਸਿੰਘ ਗਿੱਲ ਪੱਤੀ, ਰਜਿੰਦਰ ਸਿੰਘ ਗਰੇਵਾਲ, ਵਿਜੇ ਕੁਮਾਰ ਵਿਸ਼ਿਸਟ, ਮਨਿੰਦਰ ਸਿੰਘ ਚਹਿਲ, ਅਨਮੋਲ ਸਿੰਘ ਜਵੰਧਾ ਤੇ ਭਲਵਾਨ ਬਰਾੜ ਦਿਉਣ ਤੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।