ਬੇਅਦਬੀ ਕਾਨੂੰਨ ’ਤੇ ਨਵੀਂ ਚਰਚਾ: ਕਿਰਨਜੋਤ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਫੈਸਲੇ ’ਤੇ ਜਤਾਇਆ ਵਿਰੋਧ

ਬੇਅਦਬੀ ਕਾਨੂੰਨ ’ਤੇ ਨਵੀਂ ਚਰਚਾ: ਕਿਰਨਜੋਤ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਫੈਸਲੇ ’ਤੇ ਜਤਾਇਆ ਵਿਰੋਧ

ਪੰਜਾਬ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਵੀ ਆਪਣਾ ਮਤ ਪ੍ਰਗਟ ਕੀਤਾ ਹੈ। 7 ਮਾਰਚ 2026 ਨੂੰ ਫੇਸਬੁੱਕ ’ਤੇ ਕੀਤੀ ਇੱਕ ਪੋਸਟ ਵਿੱਚ ਉਨ੍ਹਾਂ ਨੇ ਇਸ ਮਸਲੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
 

ਕਿਰਨਜੋਤ ਕੌਰ ਨੇ ਲਿਖਿਆ ਕਿ ਜੇਕਰ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਸਿੱਖ ਸਿਧਾਂਤਾਂ ਨੂੰ ਪਾਸੇ ਰੱਖ ਕੇ ਲੋਕਾਂ ਅਤੇ ਮੀਡੀਆ ਦੇ ਦਬਾਅ ਹੇਠ ਫੈਸਲੇ ਕਰਦੀ ਹੈ ਤਾਂ ਭਵਿੱਖ ਵਿੱਚ ਇਸ ਨੂੰ ਸਿੱਖ ਵਿਰੋਧੀ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਨੂੰ ਕਾਨੂੰਨੀ ਢਾਂਚੇ ਵਿੱਚ ਬੰਨ੍ਹਣਾ ਵੱਡੀ ਗਲਤੀ ਹੋ ਸਕਦੀ ਹੈ।
 

ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਅਦਬੀ ਵਿਰੋਧੀ ਕਾਨੂੰਨ ਦੀ ਮੰਗ ਕਰਦੇ ਹੋਏ ਟਾਵਰ ’ਤੇ ਚੜ੍ਹੇ ਗੁਰਜੀਤ ਸਿੰਘ ਦੇ ਮਾਮਲੇ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਸਤਾਵਿਤ ਕਾਨੂੰਨ ਦੇ ਖਰੜੇ ਨਾਲ ਬਣੇ ਹਾਲਾਤਾਂ ਵਿੱਚ ਸ਼੍ਰੋਮਣੀ ਕਮੇਟੀ ਸਿਧਾਂਤਕ ਦਿਸ਼ਾ ਦੇਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਦੇ ਅਨੁਸਾਰ ਇਸ ਨਾਲ ਸਿੱਖ ਕੌਮ ਨੂੰ ਖ਼ਤਰਨਾਕ ਦਿਸ਼ਾ ਵੱਲ ਧੱਕਿਆ ਜਾ ਸਕਦਾ ਹੈ।
 

ਕਿਰਨਜੋਤ ਕੌਰ ਨੇ ਦੱਸਿਆ ਕਿ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਉਹ ਅੰਤ੍ਰਿੰਗ ਕਮੇਟੀ ਵੱਲੋਂ ਗੁਰਜੀਤ ਸਿੰਘ ਦੇ ਮੋਰਚੇ ਨੂੰ ਸਮਰਥਨ ਦੇਣ ਦੇ ਫੈਸਲੇ ਦਾ ਵਿਰੋਧ ਕਰਦੀਆਂ ਹਨ।
 

ਉਨ੍ਹਾਂ ਨੇ ਇਸ ਦਾ ਕਾਰਣ ਵੀ ਦਰਸਾਇਆ ਕਿ ਅਕਾਲੀ ਸਰਕਾਰ ਦੇ ਸਮੇਂ ਸਿਰਫ਼ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਲਈ ਤਿਆਰ ਕੀਤਾ ਗਿਆ ਕਾਨੂੰਨ ਕੇਂਦਰ ਸਰਕਾਰ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ। ਹੁਣ ਪੰਜਾਬ ਸਰਕਾਰ ਵੱਲੋਂ ਸਾਰੇ ਧਰਮਾਂ ਲਈ ਸਾਂਝਾ ਕਾਨੂੰਨ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਅਤੇ ਉਹ ਵੀ ਕੇਵਲ ਪੰਜਾਬ ਦੇ ਅੰਦਰ।
 

ਉਨ੍ਹਾਂ ਦੇ ਅਨੁਸਾਰ ਹਰ ਸਿੱਖ ਜਾਣਦਾ ਹੈ ਕਿ ਕੇਵਲ “ਸ਼ਬਦ ਗੁਰੂ” ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰਿਆਈ ਦਾ ਦਰਜਾ ਪ੍ਰਾਪਤ ਹੈ ਅਤੇ ਇਸ ਦੀ ਆਪਣੀ ਵਿਲੱਖਣ ਮਰਯਾਦਾ ਹੈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਫਿਰ ਹੋਰ ਧਰਮਾਂ ਦੀਆਂ ਪੁਸਤਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਮਾਨ ਕਿਉਂ ਮੰਨਿਆ ਜਾਵੇ।
 

ਕਿਰਨਜੋਤ ਕੌਰ ਨੇ ਲਿਖਿਆ ਕਿ ਸਤਕਾਰ ਕਾਨੂੰਨ ਬਣਾਉਣ ਲਈ ਉਹ ਨਾ ਤਾਂ ਹੋਰ ਧਰਮਾਂ ਦੀਆਂ ਪੁਸਤਕਾਂ ਨਾਲ ਤੁਲਨਾ ਕਰਨ ਦੇ ਹੱਕ ਵਿੱਚ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਮੁਕਾਬਲੇ ਵਿੱਚ। ਉਨ੍ਹਾਂ ਦੇ ਮੁਤਾਬਕ ਉਹ ਸਿਰਫ਼ ਗੁਰੂ ਗ੍ਰੰਥ ਸਾਹਿਬ ਦੇ ਨਿਵੇਕਲੇਪਣ ਦੀ ਪੱਖਦਾਰ ਹਨ।
 

ਪੋਸਟ ਦੇ ਅਖੀਰ ਵਿੱਚ ਉਨ੍ਹਾਂ ਨੇ ਕਿਹਾ ਕਿ ਗੁਰਜੀਤ ਸਿੰਘ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ’ਤੇ ਕੋਈ ਸਵਾਲ ਨਹੀਂ, ਪਰ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਗੰਭੀਰ ਵਿਚਾਰ-ਚਰਚਾ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਭਾਵਨਾਵਾਂ ਵਿੱਚ ਆ ਕੇ ਕੌਮ ਦਾ ਨੁਕਸਾਨ ਨਾ ਹੋਵੇ।