ਸਾਊਦੀ ਅਰਬ ’ਚ ਸਿੱਖ ਟਰੱਕ ਡਰਾਈਵਰ ਬਲਜਿੰਦਰ ਨੂੰ ਫਾਂਸੀ ਦੀ ਸਜ਼ਾ, ਪਰਿਵਾਰ ਨੇ ਕੇਂਦਰ ਤੋਂ ਮਦਦ ਮੰਗੀ

ਸਾਊਦੀ ਅਰਬ ’ਚ ਸਿੱਖ ਟਰੱਕ ਡਰਾਈਵਰ ਬਲਜਿੰਦਰ ਨੂੰ ਫਾਂਸੀ ਦੀ ਸਜ਼ਾ, ਪਰਿਵਾਰ ਨੇ ਕੇਂਦਰ ਤੋਂ ਮਦਦ ਮੰਗੀ

ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਾਲ ਜੁੜੇ ਮਾਮਲੇ ਵਿੱਚ ਪਠਾਨਕੋਟ ਦੇ ਰਹਿਣ ਵਾਲੇ ਸਿੱਖ ਟਰੱਕ ਡਰਾਈਵਰ ਬਲਜਿੰਦਰ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਮੁਤਾਬਕ ਕਰੀਬ ਤਿੰਨ ਸਾਲ ਪਹਿਲਾਂ ਦੁਬਈ-ਸਾਊਦੀ ਅਰਬ ਸਰਹੱਦ ’ਤੇ ਉਸਦੇ ਟਰੱਕ ਦੀ ਜਾਂਚ ਦੌਰਾਨ ਇੱਕ ਪੈਕੇਟ ਵਿੱਚੋਂ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਮਿਲਿਆ ਸੀ।

ਪਰਿਵਾਰ ਦਾ ਦਾਅਵਾ ਹੈ ਕਿ ਬਲਜਿੰਦਰ ਨੂੰ ਇੱਕ ਜਾਣਕਾਰ ਨੇ ਆਪਣੇ ਬਿਮਾਰ ਪਿਤਾ ਲਈ ਦਵਾਈ ਭੇਜਣ ਦੇ ਬਹਾਨੇ ਇੱਕ ਪੈਕੇਟ ਦਿੱਤਾ ਸੀ। ਪਰਿਵਾਰ ਮੁਤਾਬਕ ਬਲਜਿੰਦਰ ਨੂੰ ਇਸ ਪੈਕੇਟ ਵਿੱਚ ਨਸ਼ੀਲਾ ਪਦਾਰਥ ਹੋਣ ਦੀ ਜਾਣਕਾਰੀ ਨਹੀਂ ਸੀ।

ਪਰਿਵਾਰ ਅਨੁਸਾਰ, ਦੁਬਈ ਤੋਂ ਸਾਊਦੀ ਅਰਬ ਜਾਂਦੇ ਸਮੇਂ ਸਰਹੱਦ ’ਤੇ ਟਰੱਕ ਦੀ ਸਕੈਨਿੰਗ ਕੀਤੀ ਗਈ। ਇਸ ਦੌਰਾਨ ਦਵਾਈਆਂ ਵਾਲਾ ਪੈਕੇਟ ਸ਼ੱਕੀ ਪਾਇਆ ਗਿਆ। ਤਲਾਸ਼ੀ ਲੈਣ ’ਤੇ ਦਵਾਈਆਂ ਦੇ ਡੱਬੇ ਵਿੱਚੋਂ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ।

ਇਸ ਤੋਂ ਬਾਅਦ ਸਾਊਦੀ ਪੁਲਿਸ ਨੇ ਬਲਜਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਹ ਕਰੀਬ ਤਿੰਨ ਸਾਲ ਤੋਂ ਜੇਲ੍ਹ ਵਿੱਚ ਹੈ। ਹੁਣ ਸਾਊਦੀ ਅਦਾਲਤ ਵੱਲੋਂ ਉਸਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਪਰਿਵਾਰ ਨੂੰ ਮਿਲੀ ਹੈ।

ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਮੰਗੀ

ਬਲਜਿੰਦਰ ਦੇ ਪਰਿਵਾਰ ਵਿੱਚ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ ਹਨ। ਪਰਿਵਾਰ ਮੁਤਾਬਕ ਬਲਜਿੰਦਰ ਹੀ ਘਰ ਦੀ ਆਮਦਨ ਦਾ ਮੁੱਖ ਸਹਾਰਾ ਸੀ। ਉਸਦੀ ਮਾਤਾ ਗੁਰਮੀਤ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਬਜ਼ੁਰਗ ਹਨ, ਜਦਕਿ ਉਸਦੇ ਬੱਚੇ ਆਪਣੇ ਪਿਤਾ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ।

ਫਾਂਸੀ ਦੀ ਸਜ਼ਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦੀ ਮੰਗ ਹੈ ਕਿ ਸਾਊਦੀ ਅਰਬ ਸਰਕਾਰ ਨਾਲ ਕੂਟਨੀਤਕ ਅਤੇ ਕਾਨੂੰਨੀ ਪੱਧਰ ’ਤੇ ਗੱਲਬਾਤ ਕਰਕੇ ਬਲਜਿੰਦਰ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਉਸਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ।