ਏਮਜ਼ ਮੋਹਾਲੀ ਵਿੱਚ ਜੂਨੀਅਰ ਰੈਜ਼ੀਡੈਂਟ ਦੀਆਂ 110 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ, ਕੁੱਲ ਗਿਣਤੀ 207 ਹੋਈ

ਏਮਜ਼ ਮੋਹਾਲੀ ਵਿੱਚ ਜੂਨੀਅਰ ਰੈਜ਼ੀਡੈਂਟ ਦੀਆਂ 110 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ, ਕੁੱਲ ਗਿਣਤੀ 207 ਹੋਈ

ਸੂਬੇ ਵਿੱਚ ਮੈਡੀਕਲ ਸਿੱਖਿਆ ਅਤੇ ਜਨਤਕ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਜੂਨੀਅਰ ਰੈਜ਼ੀਡੈਂਟਸ (JR) ਦੀਆਂ 110 ਨਵੀਆਂ ਅਸਾਮੀਆਂ ਦੀ ਸਿਰਜਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸੰਸਥਾ ਵਿੱਚ ਪ੍ਰਵਾਨਿਤ ਜੂਨੀਅਰ ਰੈਜ਼ੀਡੈਂਟ ਅਸਾਮੀਆਂ ਦੀ ਕੁੱਲ ਗਿਣਤੀ 97 ਤੋਂ ਵੱਧ ਕੇ 207 ਹੋ ਗਈ ਹੈ।

ਇਸ ਫੈਸਲੇ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਪੰਜਾਬ ਨੂੰ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਦਾ ਮੋਹਰੀ ਧੁਰਾ ਬਣਾਉਣ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅਤੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ ਵੱਲੋਂ 24 ਵਿਭਾਗਾਂ ਵਿੱਚ ਐਫੀਲੀਏਸ਼ਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਏਮਜ਼ ਮੋਹਾਲੀ ਵਿੱਚ ਪੋਸਟ-ਗ੍ਰੈਜੂਏਟ ਦੀਆਂ ਸਾਲਾਨਾ ਸੀਟਾਂ ਵੱਧ ਕੇ 69 ਪ੍ਰਤੀ ਸਾਲ ਹੋ ਗਈਆਂ ਹਨ।

ਵਿੱਤ ਮੰਤਰੀ ਮੁਤਾਬਕ ਤਿੰਨ ਸਾਲਾਂ ਦੇ ਅਕਾਦਮਿਕ ਚੱਕਰ ਦੌਰਾਨ ਕੁੱਲ 207 ਪੋਸਟ-ਗ੍ਰੈਜੂਏਟ/ਜੂਨੀਅਰ ਰੈਜ਼ੀਡੈਂਟ ਡਾਕਟਰਾਂ ਦੀ ਕਾਰਜ ਸਮਰੱਥਾ ਦੀ ਲੋੜ ਬਣ ਗਈ ਹੈ।

ਮੌਜੂਦਾ ਸਮੇਂ 97 ਜੂਨੀਅਰ ਰੈਜ਼ੀਡੈਂਟ ਅਸਾਮੀਆਂ ਪ੍ਰਵਾਨਿਤ

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੌਜੂਦਾ ਸਮੇਂ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਕੋਲ ਜੂਨੀਅਰ ਰੈਜ਼ੀਡੈਂਟ ਦੀਆਂ 97 ਪ੍ਰਵਾਨਿਤ ਅਸਾਮੀਆਂ ਹਨ। ਸਾਲਾਨਾ 38 ਅਕਾਦਮਿਕ ਰੈਜ਼ੀਡੈਂਟਸ ਦੇ ਦਾਖ਼ਲੇ ਨਾਲ ਤਿੰਨ ਸਾਲਾਂ ਦੇ ਸਿਖਲਾਈ ਚੱਕਰ ਦੌਰਾਨ ਮੌਜੂਦਾ ਗਿਣਤੀ 114 ਬਣਦੀ ਹੈ।

ਉਨ੍ਹਾਂ ਕਿਹਾ ਕਿ ਨਵੇਂ ਪੋਸਟ-ਗ੍ਰੈਜੂਏਟ ਕੋਰਸਾਂ ਅਤੇ ਵਿਸਤ੍ਰਿਤ ਵਿਭਾਗਾਂ ਨੂੰ ਧਿਆਨ ਵਿੱਚ ਰੱਖਦਿਆਂ ਅਕਾਦਮਿਕ ਸੈਸ਼ਨ 2026–2027 ਲਈ 147, 2027–2028 ਲਈ 177 ਅਤੇ 2028–2029 ਲਈ 207 ਸੀਟਾਂ ਦੀ ਲੋੜ ਦਾ ਅੰਦਾਜ਼ਾ ਲਗਾਇਆ ਗਿਆ ਹੈ।

ਉਨ੍ਹਾਂ ਮੁਤਾਬਕ ਮੌਜੂਦਾ ਘਾਟ ਨੂੰ ਪੂਰਾ ਕਰਨ ਅਤੇ ਅਕਾਦਮਿਕ ਵਰ੍ਹੇ 2026–27 ਲਈ 147 ਸੀਟਾਂ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਸਰਕਾਰ ਨੇ ਇਹਨਾਂ ਅਹਿਮ ਅਸਾਮੀਆਂ ਦੀ ਤੁਰੰਤ ਸਿਰਜਣਾ ਨੂੰ ਮਨਜ਼ੂਰੀ ਦਿੱਤੀ ਹੈ।

ਸੱਤ ਜੂਨੀਅਰ ਰੈਜ਼ੀਡੈਂਟ ਆਪਣਾ ਕਾਰਜਕਾਲ ਪੂਰਾ ਕਰਕੇ ਹੋਣਗੇ ਰਿਲੀਵ

ਵਿੱਤ ਮੰਤਰੀ ਨੇ ਦੱਸਿਆ ਕਿ ਮੌਜੂਦਾ ਅਕਾਦਮਿਕ ਸੈਸ਼ਨ ਦੌਰਾਨ ਸੱਤ ਰੈਗੂਲਰ/ਪੋਸਟ-ਡਿਪਲੋਮਾ ਜੂਨੀਅਰ ਰੈਜ਼ੀਡੈਂਟਸ ਆਪਣਾ ਕਾਰਜਕਾਲ ਪੂਰਾ ਕਰਕੇ ਰਿਲੀਵ ਹੋਣ ਵਾਲੇ ਹਨ। ਇਨ੍ਹਾਂ ਵਿੱਚੋਂ ਛੇ ਅਕਤੂਬਰ 2026 ਵਿੱਚ ਅਤੇ ਇੱਕ ਦਸੰਬਰ 2026 ਵਿੱਚ ਫਾਰਗ ਹੋਵੇਗਾ।

ਉਨ੍ਹਾਂ ਕਿਹਾ ਕਿ ਕਲੀਨਿਕਲ ਅਤੇ ਮਰੀਜ਼ਾਂ ਦੀ ਦੇਖਭਾਲ ਦੇ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਘਨ ਨੂੰ ਰੋਕਣ ਲਈ ਰੈਜ਼ੀਡੈਂਟ ਡਾਕਟਰਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਲਾਜ਼ਮੀ ਸੀ।

ਮੈਡੀਕਲ ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ‘ਤੇ ਜ਼ੋਰ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਪ੍ਰਾਪਤ ਤਜਵੀਜ਼ ਨੂੰ ਇਸ ਮੰਤਵ ਨਾਲ ਮਨਜ਼ੂਰੀ ਦਿੱਤੀ ਗਈ ਹੈ ਕਿ ਸੂਬੇ ਦੇ ਪ੍ਰਮੁੱਖ ਸਰਕਾਰੀ ਮੈਡੀਕਲ ਕਾਲਜ ਮਾਹਿਰ ਮਨੁੱਖੀ ਵਸੀਲਿਆਂ, ਉੱਨਤ ਸਿਖਲਾਈ ਸਹੂਲਤਾਂ ਅਤੇ ਆਮ ਲੋਕਾਂ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਨਾਲ ਪੂਰੀ ਤਰ੍ਹਾਂ ਲੈਸ ਹੋਣ।