ਅੰਮ੍ਰਿਤਸਰ ’ਚ ਜੇਡੀ ਜਿਮ ’ਤੇ ਫਾਇਰਿੰਗ, ਬਾਈਕ ਸਵਾਰ ਦੋ ਬਦਮਾਸ਼ਾਂ ਨੇ ਚਲਾਈਆਂ 3 ਗੋਲੀਆਂ
- ਪੰਜਾਬ
- (Asia/Kolkata)
ਅੰਮ੍ਰਿਤਸਰ ਵਿੱਚ ਸੋਮਵਾਰ ਤੜਕੇ ਜੇਡੀ ਜਿਮ ਦੇ ਬਾਹਰ ਫਾਇਰਿੰਗ ਦੀ ਘਟਨਾ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ, ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਤਿੰਨ ਰੌਂਦ ਫਾਇਰ ਕੀਤੇ। ਇਸ ਦੌਰਾਨ ਇੱਕ ਗੋਲੀ ਜਿਮ ਦੇ ਸ਼ੀਸ਼ੇ ਦੇ ਆਰ-ਪਾਰ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਤੋਂ ਤਿੰਨ ਖ਼ਾਲੀ ਖੋਲ ਬਰਾਮਦ ਕੀਤੇ।
CCTV ਫੁਟੇਜ ਵਿੱਚ ਦਿਖੇ ਦੋ ਮੋਟਰਸਾਈਕਲ ਸਵਾਰ
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦੇ ਰਹੇ ਹਨ। ਦੋਵਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ। ਉਹ ਜਿਮ ਦੇ ਬਾਹਰ ਰੁਕਦੇ ਹਨ, ਜਿਸ ਤੋਂ ਬਾਅਦ ਪਿੱਛੇ ਬੈਠਾ ਨੌਜਵਾਨ ਪਿਸਤੌਲ ਕੱਢ ਕੇ ਗੋਲੀਆਂ ਚਲਾਉਣ ਲੱਗ ਪੈਂਦਾ ਹੈ। ਫਾਇਰਿੰਗ ਕਰਨ ਤੋਂ ਬਾਅਦ ਦੋਵੇਂ ਮੋਟਰਸਾਈਕਲ ’ਤੇ ਫ਼ਰਾਰ ਹੋ ਜਾਂਦੇ ਹਨ।
ਸਵੇਰੇ 5 ਵਜੇ ਮਿਲੀ ਸੀ ਫਾਇਰਿੰਗ ਦੀ ਸੂਚਨਾ
ਮਹਿਤਾ ਥਾਣੇ ਦੇ ਵਧੀਕ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਲਗਭਗ 5 ਵਜੇ ਪੁਲਿਸ ਨੂੰ ਫੋਨ ਰਾਹੀਂ ਜਿਮ ਦੇ ਬਾਹਰ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਜਿਮ ਦੇ ਮਾਲਕ ਅਤੇ ਸਬੰਧਤ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।