ਟਰੰਪ ਪ੍ਰਸ਼ਾਸਨ ਇਜ਼ਰਾਈਲ ਨੂੰ 26 ਹਜ਼ਾਰ ਕਰੋੜ ਦੇ ਹਥਿਆਰ ਦੇਣ ਦੀ ਤਿਆਰੀ ’ਚ

ਟਰੰਪ ਪ੍ਰਸ਼ਾਸਨ ਇਜ਼ਰਾਈਲ ਨੂੰ 26 ਹਜ਼ਾਰ ਕਰੋੜ ਦੇ ਹਥਿਆਰ ਦੇਣ ਦੀ ਤਿਆਰੀ ’ਚ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਇਜ਼ਰਾਈਲ ਨੂੰ ਲਗਭਗ 2.8 ਅਰਬ ਡਾਲਰ (ਕਰੀਬ 26 ਹਜ਼ਾਰ ਕਰੋੜ ਰੁਪਏ) ਦੇ ਹਥਿਆਰ ਵੇਚਣ ਦੀ ਤਿਆਰੀ ਕਰ ਰਿਹਾ ਹੈ। ਪ੍ਰਸਤਾਵਿਤ ਪੈਕੇਜ ਵਿੱਚ ਕਰੀਬ 40 ਹਜ਼ਾਰ 2,000 ਪਾਊਂਡ (ਲਗਭਗ 900 ਕਿਲੋਗ੍ਰਾਮ) ਭਾਰ ਵਾਲੇ ਭਾਰੀ ਬੰਬ ਸ਼ਾਮਲ ਦੱਸੇ ਜਾ ਰਹੇ ਹਨ।

ਰਿਪੋਰਟਾਂ ਮੁਤਾਬਕ ਪੈਕੇਜ ਵਿੱਚ 20 ਹਜ਼ਾਰ Mk-84 ਅਤੇ 20 ਹਜ਼ਾਰ BLU-117 ਬੰਬ ਸ਼ਾਮਲ ਹਨ। ਇਹ ਡੀਲ ਹਾਲੇ ਅੰਤਿਮ ਨਹੀਂ ਹੋਈ, ਹਾਲਾਂਕਿ ਅਮਰੀਕੀ ਅਧਿਕਾਰੀਆਂ ਵੱਲੋਂ ਕਾਂਗਰਸ ਨੂੰ ਇਸ ਸਬੰਧੀ ਗੈਰ-ਰਸਮੀ ਜਾਣਕਾਰੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ।

ਇਨ੍ਹਾਂ ਹੀ ਸ਼੍ਰੇਣੀਆਂ ਦੇ 2,000 ਪਾਊਂਡ ਵਾਲੇ ਬੰਬਾਂ ਦੀ ਇੱਕ ਖੇਪ ਦੀ ਸਪਲਾਈ ’ਤੇ 2024 ਵਿੱਚ ਤਤਕਾਲੀ ਰਾਸ਼ਟਰਪਤੀ ਜੋ ਬਾਈਡੇਨ ਪ੍ਰਸ਼ਾਸਨ ਨੇ ਰੋਕ ਲਗਾਈ ਸੀ। ਉਸ ਸਮੇਂ ਚਿੰਤਾ ਜਤਾਈ ਗਈ ਸੀ ਕਿ ਗਾਜ਼ਾ ਵਰਗੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਇਨ੍ਹਾਂ ਦੀ ਵਰਤੋਂ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾ ਸਕਦੀ ਹੈ।

ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਰੋਕ ਹਟਾ ਦਿੱਤੀ ਗਈ ਅਤੇ ਹੁਣ ਵੱਡੀ ਗਿਣਤੀ ਵਿੱਚ ਭਾਰੀ ਬੰਬਾਂ ਦੀ ਨਵੀਂ ਸਪਲਾਈ ਲਈ ਡੀਲ ਤਿਆਰ ਕੀਤੀ ਜਾ ਰਹੀ ਹੈ।

ਇਨ੍ਹਾਂ ਬੰਬਾਂ ਦੇ ਵੱਖ-ਵੱਖ ਮਾਡਲ ਹਨ। ਕੁਝ ਬੰਬ ਜ਼ਮੀਨ ਹੇਠਲੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੇ ਗਏ ਹਨ, ਜਦਕਿ ਕੁਝ ਜ਼ਮੀਨ ਉੱਪਰ ਧਮਾਕੇ ਰਾਹੀਂ ਵੱਡੇ ਖੇਤਰ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਰਿਪੋਰਟਾਂ ਮੁਤਾਬਕ ਗਾਜ਼ਾ ਵਿੱਚ ਹੋਏ ਹਮਲਿਆਂ ਦੌਰਾਨ ਅਮਰੀਕਾ ਵੱਲੋਂ ਬਣਾਏ ਗਏ ਬੰਬਾਂ ਦੀ ਵਰਤੋਂ ਦੇ ਸਬੂਤ ਵੀ ਮਿਲੇ ਹਨ। ਇਨ੍ਹਾਂ ਵਿੱਚੋਂ ਕੁਝ ਦੀ ਵਰਤੋਂ ਹਮਾਸ ਦੇ ਸੁਰੰਗ ਨੈੱਟਵਰਕ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ।

ਟਰੰਪ ਪ੍ਰਸ਼ਾਸਨ ਪਹਿਲਾਂ ਵੀ ਇਜ਼ਰਾਈਲ ਲਈ ਅਰਬਾਂ ਡਾਲਰ ਦੀਆਂ ਹਥਿਆਰ ਵਿਕਰੀਆਂ ਨੂੰ ਮਨਜ਼ੂਰੀ ਦੇ ਚੁੱਕਾ ਹੈ। ਪਿਛਲੇ ਸਾਲ ਕਰੀਬ 3 ਅਰਬ ਡਾਲਰ ਦੀ ਡੀਲ ਵਿੱਚ 35,500 ਤੋਂ ਵੱਧ ਭਾਰੀ ਬੰਬ ਸ਼ਾਮਲ ਸਨ।

ਇਸ ਤੋਂ ਬਾਅਦ ਜਨਵਰੀ ਵਿੱਚ ਵੀ ਇਜ਼ਰਾਈਲ ਲਈ ਲਗਭਗ 6.67 ਅਰਬ ਡਾਲਰ ਦੀ ਇੱਕ ਹੋਰ ਹਥਿਆਰ ਵਿਕਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ।