ਬਾਬਾ ਸਾਹਿਬ ਦੀ ਪ੍ਰਤੀਮਾ ਦੀ ਸੁਰੱਖਿਆ ਲਈ ਟਫਨ ਗਲਾਸ ਲਗਾਉਣ ਦੀ ਮੰਗ
- ਪੰਜਾਬ
- (Asia/Kolkata)
ਰਾਜਪੁਰਾ 11 ਸਤੰਬਰ (ਰਾਜੇਸ਼ ਡਾਹਰਾ ): ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਹੇਠ ਮੰਚ ਦੇ ਇੱਕ ਵਫ਼ਦ ਵੱਲੋਂ ਐਸ.ਡੀ.ਐਮ. ਰਾਜਪੁਰਾ ਨਾਲ ਮੁਲਾਕਾਤ ਕਰਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤੀਮਾ ਦੀ ਸੁਰੱਖਿਆ ਸਬੰਧੀ ਮੰਗ ਪੱਤਰ ਸੌਂਪਿਆ ਗਿਆ।
ਮੰਚ ਦੇ ਆਗੂਆਂ ਨੇ ਕਿਹਾ ਕਿ ਲੁਧਿਆਣਾ ਵਿਖੇ ਬਾਬਾ ਸਾਹਿਬ ਦੀ ਪ੍ਰਤੀਮਾ ਨਾਲ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਰਾਜਪੁਰਾ ਵਿਖੇ ਸਥਾਪਿਤ ਬਾਬਾ ਸਾਹਿਬ ਦੀ ਪ੍ਰਤੀਮਾ ਦੀ ਸੁਰੱਖਿਆ ਨੂੰ ਲੈ ਕੇ ਵੀ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਵਿਖੇ ਵੀ ਪਹਿਲਾਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਮੰਚ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਅੰਬੇਡਕਰ ਚੌਂਕ ਵਿਖੇ ਸਥਾਪਿਤ ਬਾਬਾ ਸਾਹਿਬ ਦੀ ਪ੍ਰਤੀਮਾ ਨੂੰ ਸੁਰੱਖਿਅਤ ਕਰਨ ਲਈ ਤੁਰੰਤ ਟਫਨ ਗਲਾਸ ਲਗਾਇਆ ਜਾਵੇ। ਇਸ ਤੋਂ ਇਲਾਵਾ ਚੌਂਕ ਵਿਖੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਚਾਲੂ ਹਾਲਤ ਵਿੱਚ ਰੱਖਣ ਅਤੇ ਪ੍ਰਤੀਮਾ ਦੀ ਸੁਰੱਖਿਆ ਲਈ 24 ਘੰਟੇ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਟਫਨ ਗਲਾਸ ਲਗਾਉਣ ਲਈ ਆਰਥਿਕ ਤੌਰ ’ਤੇ ਅਸਮਰੱਥ ਹੈ ਤਾਂ ਮੰਚ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੈ ਭੀਮ ਮੰਚ ਵੱਲੋਂ ਆਪਣੇ ਪੱਧਰ ’ਤੇ ਟਫਨ ਗਲਾਸ ਲਗਾਉਣ ਦਾ ਸਾਰਾ ਖਰਚਾ ਕੀਤਾ ਜਾਵੇਗਾ।
ਇਸ ਮੌਕੇ ਨਰੇਸ਼ ਕੁਮਾਰ, ਅਸ਼ੋਕ ਕੁਮਾਰ ਬਿੱਟੂ, ਗੁਰਦਰਸ਼ਨ ਸਿੰਘ, ਹੈਪੀ, ਮਿੰਟੂ, ਵਿਜੈ ਕੁਮਾਰ, ਸੰਤੋਖ ਸਿੰਘ, ਅਮਰੀਕ ਸਿੰਘ, ਪੁਰਸ਼ੋਤਮ, ਤਰੁਣ ਕੁਮਾਰ, ਰਿੰਕੂ, ਕਾਕਾ ਧਮੋਲੀ, ਯੋਗੇਸ਼ ਸਮੇਤ ਵੱਡੀ ਗਿਣਤੀ ਵਿੱਚ ਜੈ ਭੀਮ ਮੰਚ ਦੇ ਮੈਂਬਰ ਅਤੇ ਅੰਬੇਡਕਰਵਾਦੀ ਹਾਜ਼ਰ ਸਨ।