ਮਾਨਸਾ ’ਚ ਘਰ ’ਚ ਵੜ ਕੇ ਨੌਜਵਾਨ ’ਤੇ ਗੋਲੀਆਂ ਚਲਾਉਣ ਵਾਲੇ 9 ਮੁਲਜ਼ਮ ਗ੍ਰਿਫ਼ਤਾਰ

ਮਾਨਸਾ ’ਚ ਘਰ ’ਚ ਵੜ ਕੇ ਨੌਜਵਾਨ ’ਤੇ ਗੋਲੀਆਂ ਚਲਾਉਣ ਵਾਲੇ 9 ਮੁਲਜ਼ਮ ਗ੍ਰਿਫ਼ਤਾਰ

ਮਾਨਸਾ ਪੁਲੀਸ ਨੇ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਇੱਕ ਘਰ ਵਿੱਚ ਦਾਖ਼ਲ ਹੋ ਕੇ ਨੌਜਵਾਨ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕਾਰ, ਮੋਟਰਸਾਈਕਲ, ਹਥਿਆਰ ਅਤੇ ਦੋ ਮੋਬਾਈਲ ਫੋਨ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਹੈ। ਪੁਲੀਸ ਮੁਤਾਬਕ ਘਟਨਾ ਦਾ ਮੁੱਖ ਕਾਰਨ ਪੁਰਾਣੀ ਰੰਜ਼ਿਸ਼ ਦੱਸਿਆ ਜਾ ਰਿਹਾ ਹੈ।

14 ਸਤੰਬਰ ਨੂੰ ਦਰਜ ਹੋਇਆ ਸੀ ਮਾਮਲਾ

ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਵੈਭਵ ਚੌਧਰੀ ਨੇ ਦੱਸਿਆ ਕਿ 14 ਸਤੰਬਰ ਨੂੰ ਥਾਣਾ ਸਿਟੀ-2 ਮਾਨਸਾ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਬੈਕਸਾਈਡ ਨਹਿਰੂ ਕਾਲਜ ਮਾਨਸਾ ਵਾਸੀ ਹਰਵਿੰਦਰ ਸਿੰਘ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਮਾਨਸਾ ਵਿੱਚ ਦਾਖ਼ਲ ਹੈ। ਇਸ ਸਬੰਧ ਵਿੱਚ ਪੁਲੀਸ ਨੇ ਹਰਵਿੰਦਰ ਸਿੰਘ ਦੇ ਬਿਆਨ ’ਤੇ ਕੇਸ ਦਰਜ ਕੀਤਾ ਸੀ।

ਐੱਸਪੀ (ਅਪਰੇਸ਼ਨ) ਜਗਬਿੰਦਰ ਸਿੰਘ, ਡੀਐੱਸਪੀ (ਡੀ) ਜਸਵਿੰਦਰ ਸਿੰਘ ਅਤੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਦੀ ਦੇਖ-ਰੇਖ ਹੇਠ ਵੱਖ-ਵੱਖ ਪੁਲੀਸ ਟੀਮਾਂ ਨੇ ਕਾਰਵਾਈ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

ਕਾਰ ਅਤੇ ਹਥਿਆਰ ਬਰਾਮਦ

ਪੁਲੀਸ ਅਨੁਸਾਰ ਮੁਲਜ਼ਮ ਪ੍ਰਨੀਤ ਕੁਮਾਰ ਉਰਫ਼ ਪੰਕੂ ਉਰਫ਼ ਹਨੀ ਵਾਸੀ ਪਿੰਡ ਬਰ੍ਹੇ ਅਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਮਾਨਸਾ ਪਾਸੋਂ ਵਾਰਦਾਤ ਵਿੱਚ ਵਰਤੀ ਗਈ I-20 ਕਾਰ ਅਤੇ ਹਥਿਆਰ ਬਰਾਮਦ ਕਰਵਾਏ ਗਏ ਹਨ।

ਇਸੇ ਤਰ੍ਹਾਂ ਰਿੰਪਲ ਸ਼ਰਮਾ ਅਤੇ ਹਰਮਨਦੀਪ ਸਿੰਘ ਵਾਸੀ ਮਾਨਸਾ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਉਰਫ਼ ਨੀਲਾ ਅਤੇ ਆਸ਼ੂ ਵਾਸੀ ਮਾਨਸਾ ਪਾਸੋਂ ਦੋ ਮੋਬਾਈਲ ਫੋਨ ਬਰਾਮਦ ਕਰਵਾਏ ਗਏ ਹਨ।

ਹਨੀ ਸ਼ਰਮਾ ਨੂੰ ਦੱਸਿਆ ਗਿਆ ਮਾਸਟਰਮਾਈਂਡ

ਪੁਲੀਸ ਨੇ ਦੱਸਿਆ ਕਿ ਮੁਕੱਦਮੇ ਦੀ ਘਟਨਾ ਦਾ ਮਾਸਟਰਮਾਈਂਡ ਹਨੀ ਸ਼ਰਮਾ ਵਾਸੀ ਮਾਨਸਾ ਹੈ। ਪੁਲੀਸ ਵੱਲੋਂ ਉਸ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਪੁਲੀਸ ਅਨੁਸਾਰ ਜੇਕਰ ਇਸ ਘਟਨਾ ਵਿੱਚ ਕਿਸੇ ਗੈਂਗਸਟਰ ਜਾਂ ਉਸ ਦੇ ਐਸੋਸੀਏਟ ਦਾ ਰੋਲ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।