ਸਰਕਾਰੀ ਅਸਫਲਤਾਵਾਂ ਦਾ ਦੋਸ਼ ਸ਼ਿਰੋਮਣੀ ਕਮੇਟੀ ’ਤੇ ਪਾਇਆ ਜਾਂਦਾ।
- ਪੰਥਕ ਮਸਲੇ ਅਤੇ ਖ਼ਬਰਾਂ
- 17 Feb,2025
ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਲਗਾਤਾਰ ਨਿਸ਼ਾਨਾ ਬਣਾਉਣ ਦੀ ਰਵਾਇਤ ਜਾਰੀ ਹੈ। ਪਰਚਾਰਕ ਵਰਿਆਮ ਸਿੰਘ ਹਿਮਰਾਜਪੁਰ ਨੇ ਫੇਸਬੁਕ ਰਾਹੀਂ ਸਰਕਾਰ ਅਤੇ ਕੁਝ ਤੱਤਾਂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਹਰ ਸਮੱਸਿਆ ਦਾ ਦੋਸ਼ SGPC ’ਤੇ ਪਾ ਕੇ ਕਈ ਲੋਕਾਂ ਨੇ ਆਪਣੇ-ਆਪਣੇ ਕਾਰੋਬਾਰ ਖੜ੍ਹੇ ਕਰ ਲਏ ਹਨ। ਕੋਈ NGO ਚਲਾ ਰਿਹਾ ਹੈ, ਕੋਈ ਪੋਡਕਾਸਟ, ਤਾਂ ਕਿਸੇ ਨੇ ਇਸ ਆਧਾਰ ’ਤੇ ਸਿਆਸੀ ਪਾਰਟੀ ਬਣਾਈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦਾ ਮੁਖੀ ਵੀ ਗੁਰਦੁਆਰਿਆਂ ’ਚੋਂ ਗੋਲਕਾਂ ਚੁਕਾਉਣ ਦਾ ਝੂਠਾ ਪ੍ਰਸੰਗ ਬਣਾ ਕੇ ਹੀ ਕਾਮਯਾਬ ਹੋਇਆ। SGPC ਦਾ ਸਲਾਨਾ ਬਜਟ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਨਗਰ ਨਿਗਮਾਂ ਦੇ ਬਜਟ ਨਾਲੋਂ ਵੀ ਘੱਟ ਹੈ, ਪਰ ਫਿਰ ਵੀ ਪੰਜਾਬ ਦੀ ਬੇਰੁਜ਼ਗਾਰੀ, ਸਮਾਜਿਕ ਅਤੇ ਆਰਥਿਕ ਮਸਲਿਆਂ ਦੀ ਜ਼ਿੰਮੇਵਾਰੀ ਇਸ ’ਤੇ ਸੁੱਟੀ ਜਾਂਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀ ਅਸਫਲਤਾ ਨੂੰ ਲੁਕਾਉਣ ਲਈ SGPC ਖ਼ਿਲਾਫ਼ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ’ਚ ਸਕੂਲ, ਕਾਲਜ ਅਤੇ ਹਸਪਤਾਲ ਫੇਲ ਹੋ ਰਹੇ ਹਨ, ਤਾਂ ਇਸ ਦਾ ਜਵਾਬਦੇਹ SGPC ਨਹੀਂ, ਬਲਕਿ ਸਰਕਾਰ ਹੈ, ਕਿਉਂਕਿ ਲੋਕਾਂ ਦਾ ਟੈਕਸ ਸਰਕਾਰ ਨੂੰ ਜਾਂਦਾ ਹੈ, ਨਾ ਕਿ ਗੁਰਦੁਆਰਿਆਂ ਜਾਂ ਸ਼ਿਰੋਮਣੀ ਕਮੇਟੀ ਨੂੰ। ਜੇਕਰ ਕਿਸੇ ਨੂੰ SGPC ’ਤੇ ਸਵਾਲ ਚੁੱਕਣਾ ਹੈ, ਤਾਂ ਪਹਿਲਾਂ ਇਸ ਨੂੰ ਸਰਕਾਰੀ ਤੌਰ ’ਤੇ ਟੈਕਸ ਲੈਣ ਦਾ ਹੱਕ ਮਿਲਣਾ ਚਾਹੀਦਾ ਹੈ।
ਉਨ੍ਹਾਂ ਪੰਜਾਬੀਆਂ ਨੂੰ ਜਾਗਰੂਕ ਹੋਣ ਅਤੇ ਸਿਆਸਤਦਾਨਾਂ ਨੂੰ ਸਵਾਲ ਕਰਨ ਦੀ ਅਪੀਲ ਕੀਤੀ ਕਿ ਪੰਜਾਬ ਦੇ ਹਰੇਕ ਵਸੀਲੇ ’ਤੇ ਪੰਜਾਬੀਆਂ ਦੇ ਹੱਕ ਨੂੰ ਯਕੀਨੀ ਬਣਾਉਣ ਲਈ ਸਰਕਾਰ ਕੀ ਕਰ ਰਹੀ ਹੈ।
Posted By:
Gurjeet Singh
Leave a Reply