ਸ਼ਬਦ ਵਿਚਾਰ : ਕਾਹੇ ਭਈਆ ਫਿਰਤੌ ਫੂਲਿਆ ਫੂਲਿਆ
- ਗੁਰਮਤਿ ਗਿਆਨ
- 20 Oct,2025
ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥
ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥
ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥
ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥
ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥
ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥
ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥
ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥
ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥
ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
{ਪੰਨਾ 654}
ਉਪਰੋਕਤ ਸ਼ਬਦ ਭਗਤ ਕਬੀਰ ਜੀ ਦਾ ਰਾਗ ਸੋਰਠਿ ਵਿੱਚ ਉਚਾਰਣ ਕੀਤਾ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੬੫੪ ’ਤੇ ਸ਼ੁਸ਼ੋਭਿਤ ਹੈ। ਭਗਤ ਜੀ ਇਸ ਸ਼ਬਦ ਵਿੱਚ ਉਸ ਮਨੁੱਖ ਦੀ ਗੱਲ ਕਰਦੇ ਹਨ ਜਿਹੜਾ ਹੰਕਾਰ ਵਿੱਚ ਫਸਿਆ ਹੋਇਆ ਹੈ ਤੇ ਆਪਣੇ ਅਸਲੀ ਜੀਵਨ ਮਕਸਦ ਨੂੰ ਭੁੱਲ ਗਿਆ ਹੈ। ਭਗਤ ਜੀ ਉਸ ਮਨੁੱਖ ਨੂੰ ਉਹ ਦਿਨ ਯਾਦ ਕਰਾਉਂਦੇ ਹਨ ਜਦੋਂ ਉਹ ਮਾਤਾ ਦੇ ਗਰਭ ਵਿੱਚ ਸੀ। ਸਤਿਗੁਰ ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ–
ਉਰਧ ਤਪੁ,
ਅੰਤਰਿ ਕਰੇ ਵਣਜਾਰਿਆ ਮਿਤ੍ਰਾ,
ਖਸਮ ਸੇਤੀ ਅਰਦਾਸਿ॥
ਖਸਮ ਸੇਤੀ ਅਰਦਾਸਿ ਵਖਾਣੈ,
ਉਰਧ ਧਿਆਨਿ ਲਿਵ ਲਾਗਾ॥ (੭੪)
ਪਰ ਜਿਉਂ ਹੀ ਜੀਵ ਦਾ ਜਨਮ ਹੁੰਦਾ ਹੈ ਜੀਵ ਜਿਹੜਾ ਮਾਤਾ ਦੇ ਗਰਭ ਵਿੱਚ ਅਕਾਲ ਪੁਰਖ ਦੀ ਯਾਦ ਵਿੱਚ ਜੁੜਿਆ ਹੋਇਆ ਸੀ, ਅਕਾਲ ਪੁਰਖ ਨੂੰ ਹੀ ਵਿਸਾਰ ਦਿੰਦਾ ਹੈ ਅਤੇ ਸੰਸਾਰ ਦੇ ਵਿਕਾਰਾਂ ਵਿੱਚ ਫਸ ਜਾਂਦਾ ਹੈ।ਗੁਰੂ ਵਾਕ ਹੈ :
ਵਿਚਹੁ ਗਰਭੈ ਨਿਕਲਿ ਆਇਆ॥
ਖਸਮੁ ਵਿਸਾਰਿ ਦੁਨੀ ਚਿਤੁ ਲਾਇਆ॥
(੧੦੦੭)
ਵਿਕਾਰਾਂ ਵਿੱਚ ਫਸੇ ਜੀਵ ਨੂੰ ਅੱਜ ਦੇ ਵਿਚਾਰ ਅਧੀਨ ਸ਼ਬਦ ਦੇ ਰਹਾਉ ਵਾਲੇ ਪਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ :
ਕਾਹੇ ਭਈਆ ਫਿਰਤੌ ਫੂਲਿਆ ਫੂਲਿਆ॥
ਜਬ ਦਸ ਮਾਸ ਉਰਧ ਮੁਖ ਰਹਤਾ,
ਸੋ ਦਿਨੁ ਕੈਸੇ ਭੂਲਿਆ॥੧॥ਰਹਾਉ॥
(੬੫੪)
ਫੂਲਿਆ ਫੂਲਿਆ–ਹੰਕਾਰ ਵਿੱਚ ਮੱਤਾ ਹੋਇਆ।
- ਮਨੁੱਖ ਦਾ ਸਰੀਰ ਅਸਥਾਈ ਹੈ — ਮਰਨ ਤੋਂ ਬਾਅਦ ਇਹ ਮਿੱਟੀ ਹੋ ਜਾਂਦਾ ਹੈ ਜਾਂ ਕੀੜਿਆਂ ਦੀ ਖੁਰਾਕ ਬਣ ਜਾਂਦਾ ਹੈ। ਜੋ ਮਾਣ-ਸ਼ਾਨ, ਧਨ-ਦੌਲਤ ਜਾਂ ਸੁੰਦਰਤਾ ’ਤੇ ਇਨਸਾਨ ਅਹੰਕਾਰ ਕਰਦਾ ਹੈ, ਉਹ ਸਭ ਝੂਠੇ ਹਨ ਅਤੇ ਮੌਤ ਦੇ ਨਾਲ ਹੀ ਖਤਮ ਹੋ ਜਾਂਦੇ ਹਨ। ਜੀਵਨ ਦੌਰਾਨ ਜੋ ਕੁਝ ਵੀ ਮਨੁੱਖ ਮਾਇਆ ਇਕੱਠੀ ਕਰਨ ਲਈ ਕਰਦਾ ਹੈ, ਉਹ ਅੰਤ ਵਿੱਚ ਉਸ ਦੇ ਕਿਸੇ ਕੰਮ ਨਹੀਂ ਆਉਂਦਾ, ਜਿਵੇਂ ਮੱਖੀ ਸ਼ਹਿਦ ਜੋੜਦੀ ਹੈ ਪਰ ਲਾਭ ਹੋਰ ਲੈ ਜਾਂਦੇ ਹਨ। ਜਨਮ ਸਮੇਂ ਜਿਵੇਂ ਇਨਸਾਨ ਅਕੇਲਾ ਆਇਆ ਸੀ, ਤਿਵੇਂ ਮੌਤ ਵੇਲੇ ਵੀ ਆਤਮਾ ਇਕੱਲਾ ਹੀ ਰਵਾਨਾ ਹੁੰਦਾ ਹੈ — ਨਾ ਪਰਵਾਰ, ਨਾ ਸੱਜਣ, ਨਾ ਮਾਇਆ ਸਾਥ ਦਿੰਦੇ ਹਨ। ਇਸ ਲਈ ਅਹੰਕਾਰ ਤੇ ਮੋਹ ਛੱਡ ਕੇ ਜੀਵਨ ਨੂੰ ਸੱਚਾਈ ਅਤੇ ਆਤਮਿਕ ਸਮਝ ਨਾਲ ਜੀਉਣਾ ਹੀ ਅਸਲ ਬੁੱਧੀਮਾਨੀ ਹੈ।
ਹੇ ਭਾਈ ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈ? ਤੈਨੂੰ ਉਹ ਸਮਾਂ ਭੁੱਲ ਗਿਆ ਹੈ ਜਦੋਂ ਤੂੰ ਮਾਂ ਦੇ ਪੇਟ ਵਿੱਚ ਦਸ ਮਹੀਨੇ ਉਲਟਾ ਟਿਕਿਆ ਰਿਹਾ ਸੀ। (ਰਹਾਉ)
ਮਨੁੱਖ ਹੰਕਾਰ ਇਸ ਗੱਲ ਦਾ ਕਰਦਾ ਹੈ ਮੇਰੇ ਕੋਲ ਧਨ ਸੰਪਦਾ ਹੈ, ਮੇਰੇ ਸਾਕ ਸੰਬੰਧੀ ਹਨ, ਇੱਥੋਂ ਤੱਕ ਕਿ ਮਨੁੱਖ ਆਪਣੇ ਸਰੀਰ ’ਤੇ ਮਾਣ ਕਰਦਾ ਹੈ ਇਸ ਨੂੰ ਅਤਰ, ਚੰਦਨ ਤੇ ਕਈ ਪ੍ਰਕਾਰ ਦੀਆਂ ਸੁਗੰਧੀਆਂ ਆਦਿਕ ਲਾ ਕੇ ਮਾਣ ਕਰਦਾ ਹੈ। ਪਰ ਇਹ ਨਹੀਂ ਸਮਝਦਾ ਕਿ ਪੁੱਤਰ, ਧਨ, ਪਦਾਰਥ, ਇਸਤ੍ਰੀ ਦੇ ਲਾਡ ਪਿਆਰ-ਅਨੇਕਾਂ ਲੋਕ ਇਹੋ ਜਿਹੇ ਮੌਜ ਮੇਲੇ ਛੱਡ ਕੇ ਇੱਥੋਂ ਚਲੇ ਗਏ ਤੇ ਅਨੇਕਾਂ ਚਲੇ ਜਾਣਗੇ। ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ–
ਸੁਤ ਸੰਪਤਿ, ਬਨਿਤਾ ਬਿਨੋਦ॥
ਛੋਡਿ ਗਏ, ਬਹੁ ਲੋਗ ਭੋਗ॥੧॥
ਹੈਵਰ ਗੈਵਰ, ਰਾਜ ਰੰਗ॥
ਤਿਆਗਿ ਚਲਿਓ ਹੈ, ਮੂੜ ਨੰਗ॥੨॥
ਚੋਆ ਚੰਦਨ ਦੇਹ ਫੂਲਿਆ॥
ਸੋ ਤਨੁ, ਧਰ ਸੰਗਿ ਰੂਲਿਆ ॥੩॥
(੨੧੦)
ਭਗਤ ਬੇਣੀ ਜੀ ਸ੍ਰੀਰਾਗ ਵਿਚਲੇ ਸ਼ਬਦ ਰਾਹੀਂ ਕਹਿੰਦੇ ਹਨ ਕਿ ਹੇ ਜੀਵ ਤੂੰ ਸੰਸਾਰ ਵਿੱਚ ਪੁੱਤਰ, ਪੋਤਰੇ ਵੇਖ ਕੇ ਮੋਹ ਪੈਦਾ ਕਰਦਾ ਹੈਂ, ਹੰਕਾਰ ਪੈਦਾ ਕਰਦਾ ਹੈਂ। ਅੱਖਾਂ ਤੋਂ ਦਿੱਸਣੋ ਰਹਿ ਜਾਂਦਾ ਹੈ ਪਰ ਫਿਰ ਵੀ ਹੋਰ ਜੀਵਨ ਦੀ ਲਾਲਸਾ ਕਰਦਾ ਹੈਂ ਪਰ ਇੱਕ ਦਿਨ ਸਭ ਕੁਝ ਛੱਡ ਕੇ ਜਾਣਾ ਪੈਣਾ ਹੈ–
ਨਿਕੁਟੀ ਦੇਹ ਦੇਖਿ ਧੁਨਿ ਉਪਜੈ,
ਮਾਨ ਕਰਤ ਨਹੀ ਬੂਝੈ॥
ਲਾਲਚੁ ਕਰੈ ਜੀਵਨ ਪਦ ਕਾਰਨ,
ਲੋਚਨ ਕਛੂ ਨ ਸੂਝੈ॥
(੯੩)
ਮਨੁੱਖ ਹੈ ਸੰਸਾਰ ਵਿੱਚ ਮੁਸਾਫਰ ਪਰ ਫਿਰ ਵੀ ਅਹੰਕਾਰ ਵਿੱਚ ਲਿਬੜਿਆ ਰਹਿੰਦਾ ਹੈ। ਮਾਇਆ ਦੇ ਕੌਤਕ ਵਿੱਚ ਮਸਤ ਜੀਵ ਅਨੇਕਾਂ ਪਾਪ ਕਰਦਾ ਰਹਿੰਦਾ ਹੈ। ਲੋਭ, ਮੋਹ ਤੇ ਅਹੰਕਾਰ ਵਿੱਚ ਡੁੱਬੇ ਹੋਏ ਨੂੰ ਮੌਤ ਵੀ ਯਾਦ ਨਹੀ ਰਹਿੰਦੀ–
ਪਾਧਾਣੂ ਸੰਸਾਰੁ, ਗਾਰਬਿ ਅਟਿਆ॥
ਕਰਤੇ ਪਾਪ ਅਨੇਕ
ਮਾਇਆ ਰੰਗ ਰਟਿਆ॥
ਲੋਭਿ ਮੋਹਿ ਅਭਿਮਾਨਿ ਬੂਡੇ,
ਮਰਣੁ ਚੀਤਿ ਨ ਆਵਏ॥
ਪੁਤ੍ਰ ਮਿਤ੍ਰ ਬਿਉਹਾਰ ਬਨਿਤਾ,
ਏਹ ਕਰਤ ਬਿਹਾਵਏ॥
ਪੁਜਿ ਦਿਵਸ ਆਏ ਲਿਖੇ ਮਾਏ,
ਦੁਖੁ ਧਰਮ ਦੂਤਹ ਡਿਠਿਆ॥
ਕਿਰਤ ਕਰਮ ਨ ਮਿਟੈ ਨਾਨਕ,
ਹਰਿ ਨਾਮ ਧਨੁ ਨਹੀ ਖਟਿਆ ॥੧॥
(੭੦੫)
ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਜੀਵ ਨੂੰ ਕਹਿੰਦੇ ਹਨ ਕਿ ਜੀਵ ਤੈਨੂੰ ਆਪਣੇ ਆਪ ’ਤੇ ਹੰਕਾਰ ਤਾਂ ਬਹੁਤ ਹੈ ਪਰ ਤੇਰਾ ਆਪਣਾ ਵਿਤ ਥੋੜ੍ਹਾ ਹੈ, ਤੇਰਾ ਟਿਕਾਣਾ ਸਦੀਵੀ ਨਹੀਂ ਹੈ ਪਰ ਮਾਇਆ ਲਈ ਖਿੱਚ ਬਹੁਤ ਹੈ।
ਗਰਬੁ ਬਡੋ ਮੂਲੁ ਇਤਨੋ॥
ਰਹਨੁ ਨਹੀ ਗਹੁ ਕਿਤਨੋ॥੧॥ ਰਹਾਉ॥
(੨੧੨)
ਗੁਰੂ ਸਹਿਬ ਕਹਿੰਦੇ ਹਨ ਕਿ ਇਹ ਹੰਕਾਰ ਸੰਗਤ ਤੋਂ ਬਿਨਾਂ ਦੂਰ ਨਹੀ ਹੁੰਦਾ। ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਹਉਮੈ ਬਿਲਕੁਲ ਨਹੀਂ ਮੁੱਕ ਸਕਦੀ।
ਚਾਰੇ ਜੁਗ ਮੈ ਸੋਧਿਆ,
ਵਿਣੁ ਸੰਗਤਿ ਅਹੰਕਾਰੁ ਨ ਭਗੈ॥
ਹਉਮੈ ਮੂਲਿ ਨ ਛੁਟਈ,
ਵਿਣੁ ਸਾਧੂ ਸਤਸੰਗੈ॥ (੧੦੯੮)
ਹੰਕਾਰੀ ਮਨੁੱਖ ਲੋਕਾਂ ਦੀਆਂ ਵਡਿਆਈਆਂ, ਬਹੁਤਾ ਧਨ ਤੇ ਜੁਆਨੀ ਦੇ ਮਾਣ ਵਿੱਚ ਇਸ ਜਗਤ ਤੋਂ ਅਕਾਲ ਪੁਰਖ ਦੀ ਮੇਹਰ ਤੋਂ ਸੱਖਣਾ ਹੀ ਚਲਾ ਜਾਂਦਾ ਹੈ ਜਿਸ ਤਰ੍ਹਾਂ ਟਿੱਬੇ ਮੀਹ ਦੇ ਵੱਸਣ ਪਿੱਛੋ ਸੁੱਕੇ ਹੀ ਰਹਿ ਜਾਂਦੇ ਹਨ। ਸ਼ੇਖ ਫਰੀਦ ਜੀ ਫੁਰਮਾਉਂਦੇ ਹਨ :
ਫਰੀਦਾ ਗਰਬੁ ਜਿਨੑਾ ਵਡਿਆਈਆ,
ਧਨਿ ਜੋਬਨਿ ਆਗਾਹ ॥
ਖਾਲੀ ਚਲੇ ਧਣੀ ਸਿਉ,
ਟਿਬੇ ਜਿਉ ਮੀਹਾਹੁ ॥੧੦॥ (੧੩੮੩)
ਭਗਤ ਕਬੀਰ ਜੀ ਸ਼ਬਦ ਦੇ ਪਹਿਲੇ ਪਦੇ ਵਿੱਚ ਕਹਿੰਦੇ ਹਨ ਕਿ ਮਰਨ ਪਿੱਛੋਂ ਜੇ ਸਰੀਰ ਚਿਖਾ ਵਿਚ ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ ਜੇ ਕਬਰ ਵਿੱਚ ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। ਕੱਚੇ ਘੜੇ ਵਿਚ ਪਾਣੀ ਪੈਂਦਾ ਹੈ ਤਾਂ ਪਾਣੀ ਹੌਲੀ ਹੌਲੀ ਬਾਹਰ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਸੁਆਸ ਹੌਲੀ ਹੌਲੀ ਮੁੱਕ ਜਾਂਦੇ ਹਨ ਤੇ ਜਿੰਦ ਸਰੀਰ ਵਿੱਚੋਂ ਨਿਕਲ ਜਾਂਦੀ ਹੈ।
ਜਬ ਜਰੀਐ ਤਬ ਹੋਇ ਭਸਮ ਤਨੁ,
ਰਹੈ ਕਿਰਮ ਦਲ ਖਾਈ॥
ਕਾਚੀ ਗਾਗਰਿ ਨੀਰੁ ਪਰਤੁ ਹੈ,
ਇਆ ਤਨ ਕੀ ਇਹੈ ਬਡਾਈ॥ (੬੫੪)
ਭਗਤ ਰਵਿਦਾਸ ਜੀ ਵੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਤੂੰ ਸਿਰ ਉਤੇ ਸੋਹਣੇ ਵਾਲ ਸੰਵਾਰ ਕੇ ਵਿੰਗੀ ਪੱਗ ਬੰਨ੍ਹਦਾ ਹੈਂ ਪਰ ਤੈਨੂੰ ਕਦੇ ਚੇਤਾ ਨਹੀ ਆਇਆ ਕਿ ਇਹ ਸਰੀਰ ਕਿਸੇ ਦਿਨ ਸੁਆਹ ਦੀ ਢੇਰੀ ਹੋ ਜਾਏਗਾ।
ਬੰਕੇ ਬਾਲ, ਪਾਗ ਸਿਰਿ ਡੇਰੀ ॥
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥
(੬੫੯)
ਗੁਰੂ ਤੇਗ ਬਹਾਦਰ ਜੀ ਜੀਵ ਨੂੰ ਕਹਿੰਦੇ ਹਨ ਕਿ ਜਿਸ ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀਂ ਬੈਠਾ ਹੈਂ ਉਹ ਤਾਂ ਇੱਕ ਦਿਨ ਸੁਆਹ ਹੋ ਜਾਣਾ ਹੈ :
ਅਸਥਿਰੁ ਜੋ ਮਾਨਿਓ ਦੇਹ,
ਸੋ ਤਉ ਤੇਰਉ ਹੋਇ ਹੈ ਖੇਹ॥
ਕਿਉ ਨ ਹਰਿ ਕੋ ਨਾਮੁ ਲੇਹਿ,
ਮੂਰਖ ਨਿਲਾਜ ਰੇ॥੧॥ (੧੩੫੨)
ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ ਜਿਵੇ ਮੱਖੀ ਫੁੱਲਾਂ ਦਾ ਰਸ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ ਤਿਵੇਂ ਮੂਰਖ ਬੰਦੇ ਨੇ ਸਰਫੇ ਕਰ ਕਰ ਕੇ ਧਨ ਜੋੜਿਆ ਪਰ ਆਖਰ ਉਹ ਬਿਗਾਨਾ ਹੀ ਹੋ ਗਿਆ।ਮੌਤ ਆਈ ਤਾਂ ਸਭ ਇਹੀ ਆਖਦੇ ਹਨ ਲੈ ਚੱਲੋ, ਲੈ ਚੱਲੋ ਹੁਣ ਇਹ ਬੀਤ ਚੁਕਿਆ ਹੈ; ਬਹੁਤਾ ਚਿਰ ਘਰ ਵਿਚ ਰੱਖਣ ਦਾ ਕੋਈ ਲਾਭ ਨਹੀਂ।
ਜਿਉ ਮਧੁ ਮਾਖੀ ਤਿਉ ਸਠੋਰਿ ਰਸੁ,
ਜੋਰਿ ਜੋਰਿ ਧਨੁ ਕੀਆ ॥
ਮਰਤੀ ਬਾਰ ਲੇਹੁ ਲੇਹੁ ਕਰੀਐ,
ਭੂਤੁ ਰਹਨੁ ਕਿਉ ਦੀਆ॥੨॥ (੬੫੪)
ਅਤਿ ਦਾ ਨਜ਼ਦੀਕੀ ਰਿਸ਼ਤਾ ਪਤੀ-ਪਤਨੀ ਦਾ ਹੋਇਆ ਕਰਦਾ ਹੈ ਪਰ ਪਤੀ ਦੀ ਮੌਤ ਬਾਅਦ ਪਤਨੀ ਤੇ ਪਤਨੀ ਦੀ ਮੌਤ ਤੋਂ ਬਾਅਦ ਪਤੀ ਉਸ ਨੂੰ ਗੁਜ਼ਰਿਆ ਹੋਇਆ ਆਖ਼ਦਾ ਹੈ :
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ,
ਸਦਾ ਰਹਤ ਸੰਗ ਲਾਗੀ॥
ਜਬ ਹੀ ਹੰਸ ਤਜੀ ਇਹ ਕਾਂਇਆ,
ਪ੍ਰੇਤ ਪ੍ਰੇਤ ਕਰਿ ਭਾਗੀ ॥੨॥ (੬੩੪)
ਭਗਤ ਕਬੀਰ ਜੀ ਕਹਿੰਦੇ ਹਨ ਕਿ ਜੀਵ ਦੇ ਮਰਨ ਤੋਂ ਬਾਅਦ ਘਰ ਦੀ ਬਾਹਰਲੀ ਦਲੀਜ ਤਕ ਵਹੁਟੀ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਿਵਾਰ ਦੇ ਤੇ ਹੋਰ ਬੰਦੇ ਜਾਂਦੇ ਹਨ ਪਰ ਉਸ ਤੋਂ ਅੱਗੇ ਜੀਵ ਆਤਮਾ ਨੂੰ ਇਕੱਲੇ ਹੀ ਜਾਣਾ ਪੈਂਦਾ ਹੈ :
ਦੇਹੁਰੀ ਲਉ ਬਰੀ ਨਾਰਿ ਸੰਗਿ ਭਈ,
ਆਗੈ ਸਜਨ ਸੁਹੇਲਾ ॥
ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ,
ਆਗੈ ਹੰਸੁ ਅਕੇਲਾ॥੩॥ (੬੫੪)
ਕਬੀਰ ਜੀ ਆਖਦੇ ਹਨ ਕਿ ਹੇ ਬੰਦੇ ਸੁਣ! ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ ਪਰ ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਚੁੱਕਿਆ ਹੈਂ ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੇੜ ਰੱਖਦਾ ਹੈ।
ਕਹਤੁ ਕਬੀਰ ਸੁਨਹੁ ਰੇ ਪ੍ਰਾਨੀ,
ਪਰੇ ਕਾਲ ਗ੍ਰਸ ਕੂਆ॥
ਝੂਠੀ ਮਾਇਆ ਆਪੁ ਬੰਧਾਇਆ,
ਜਿਉ ਨਲਨੀ ਭ੍ਰਮਿ ਸੂਆ ॥੪॥੨॥
(੬੫੪)
ਭਗਤ ਕਬੀਰ ਜੀ ਹੋਰ ਉਦਾਹਰਨਾਂ ਦੇ ਕੇ ਸਮਝਾਉਦੇ ਹਨ ਕਿ ਜਿਸ ਤਰ੍ਹਾਂ ਬਾਂਦਰ ਮੁਠੀ ਵਿੱਚ ਆਏ ਦਾਣਿਆਂ ਨੂੰ ਛੱਡਦਾ ਨਹੀਂ ਤੇ ਮਦਾਰੀ ਦੇ ਅਧੀਨ ਹੋਇਆ ਘਰ ਘਰ ਨੱਚਦਾ ਹੈ, ਇਸੇ ਤਰ੍ਹਾਂ ਮਨੁੱਖ ਦੀ ਕਹਾਣੀ ਹੈ।
ਮਰਕਟ ਮੁਸਟੀ ਅਨਾਜ ਕੀ,
ਮਨ ਬਉਰਾ ਰੇ, ਲੀਨੀ ਹਾਥੁ ਪਸਾਰਿ॥
ਛੂਟਨ ਕੋ ਸਹਸਾ ਪਰਿਆ, ਮਨ ਬਉਰਾ ਰੇ,
ਨਾਚਿਓ ਘਰ ਘਰ ਬਾਰਿ॥੨॥
ਜਿਉ ਨਲਨੀ ਸੂਅਟਾ ਗਹਿਓ,
ਮਨ ਬਉਰਾ ਰੇ, ਮਾਯਾ ਇਹੁ ਬਿਉਹਾਰੁ॥
ਜੈਸਾ ਰੰਗੁ ਕਸੁੰਭ ਕਾ, ਮਨ ਬਉਰਾ ਰੇ,
ਤਿਉ ਪਸਰਿਓ ਪਾਸਾਰੁ॥੩ (੩੩੬)
ਸਮੁਚੇ ਸ਼ਬਦ ਦਾ ਭਾਵ ਅਰਥ ਇਹ ਕਿ ਹੇ ਮਨੁੱਖ ਤੂੰ ਐਵੇਂ ਆਕੜੀ ਫਿਰਦਾ ਹੈਂ ਜਿਸ ਸਰੀਰ, ਸਨਬੰਧੀਆਂ ਅਤੇ ਮਾਇਆ ਦਾ ਮਾਣ ਕਰਦਾ ਹੈਂ ਉਨ੍ਹਾਂ ਵਿੱਚੋਂ ਕੋਈ ਵੀ ਅੰਤ ਸਮੇਂ ਤੇਰਾ ਸਹਾਈ ਨਹੀਂ ਹੋਣਾ। ਜਿੱਥੋਂ ਤੱਕ ਜੀਵ ਦੇ ਬੰਦੀ ਬਣਨ ਦਾ ਸੰਬੰਧ ਹੈ ਉਹ ਮੋਹ ਤੇ ਭਰਮ ਵਿੱਚ ਫਸਿਆ ਜਿਵੇਂ ਬਾਂਦਰ ਤੇ ਤੋਤਾ ਚੋਗਾ ਖਾਣ ਲਈ ਆਪ ਹੀ ਫਾਹੀ ਵਿੱਚ ਜਾ ਫਸਦੇ ਹਨ, ਉਸੇ ਤਰ੍ਹਾਂ ਜੀਵ ਵੀ ਮੋਹ ਮਾਇਆ ਦੀ ਰੱਸੀ ਨਾਲ ਆਪਣੇ ਆਪ ਨੂੰ ਬੰਨ੍ਹ ਲੈਂਦਾ ਹੈ।ਹੇ ਬੰਦਿਆ ਸੰਸਾਰ ਦੇ ਮੋਹ ਤੋਂ ਉੱਪਰ ਉੱਠ ਕੇ ਆਪਣੇ ਮੂਲ (ਪ੍ਰਭੂ) ਨਾਲ ਸਾਂਝ ਬਣਾ ਕਿਉਂਕਿ ਇਸ ਜੀਵਨ ਦਾ ਸਫਰ ਬਹੁਤ ਛੋਟਾ ਹੈ।
Posted By:
