ਲੁਧਿਆਣਾ ’ਚ ਪਾਰਕਿੰਗ ਵਿਵਾਦ ਦੌਰਾਨ ਗੋਲੀਬਾਰੀ, 31 ਸਾਲਾ ਦਰਬਾਰਾ ਸਿੰਘ ਉਰਫ਼ ਹੈਰੀ ਦੀ ਮੌਤ

ਲੁਧਿਆਣਾ ’ਚ ਪਾਰਕਿੰਗ ਵਿਵਾਦ ਦੌਰਾਨ ਗੋਲੀਬਾਰੀ, 31 ਸਾਲਾ ਦਰਬਾਰਾ ਸਿੰਘ ਉਰਫ਼ ਹੈਰੀ ਦੀ ਮੌਤ

ਲੁਧਿਆਣਾ ਦੇ ਤਾਜਪੁਰ ਰੋਡ ’ਤੇ ਵਾਹਨ ਪਾਰਕਿੰਗ ਨੂੰ ਲੈ ਕੇ ਹੋਇਆ ਝਗੜਾ ਹਿੰਸਕ ਰੂਪ ਧਾਰ ਗਿਆ। ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ 31 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਰਬਾਰਾ ਸਿੰਘ ਉਰਫ਼ ਹੈਰੀ ਵਜੋਂ ਹੋਈ ਹੈ, ਜੋ ਡਰਾਈਵਰ ਵਜੋਂ ਕੰਮ ਕਰਦਾ ਸੀ।

ਛਾਤੀ ਵਿੱਚ ਗੋਲੀ ਲੱਗਣ ਕਾਰਨ ਹੋਈ ਮੌਤ

ਜਾਣਕਾਰੀ ਅਨੁਸਾਰ, ਝੜਪ ਦੌਰਾਨ ਦਰਬਾਰਾ ਸਿੰਘ ਦੀ ਛਾਤੀ ਵਿੱਚ ਗੋਲੀ ਲੱਗੀ। ਉਸ ਨੂੰ ਇਲਾਜ ਲਈ ਕ੍ਰਿਸ਼ਚੀਅਨ ਮੈਡੀਕਲ ਕਾਲਜ (CMC) ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪ੍ਰਾਪਤ ਜਾਣਕਾਰੀ ਮੁਤਾਬਕ, ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਉਸ ਸਮੇਂ ਵਧ ਗਿਆ, ਜਦੋਂ ਕਥਿਤ ਤੌਰ ’ਤੇ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਵਾਹਨ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਤੋਂ ਬਾਅਦ ਦੂਜੀ ਧਿਰ ਦੇ ਮੈਂਬਰ ਸਾਹਮਣਾ ਕਰਨ ਲਈ ਪਹੁੰਚੇ ਅਤੇ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਹੋ ਗਈ।

ਪਰਿਵਾਰ ਨੇ ਪੁਰਾਣੀ ਰੰਜਿਸ਼ ਦਾ ਵੀ ਲਾਇਆ ਦੋਸ਼

ਪਰਿਵਾਰਕ ਮੈਂਬਰਾਂ ਮੁਤਾਬਕ, ਦਰਬਾਰਾ ਸਿੰਘ ਦਾ ਇਲਾਕੇ ਦੇ ਕੁਝ ਲੋਕਾਂ ਨਾਲ ਪਹਿਲਾਂ ਤੋਂ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਹੈਰੀ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ’ਤੇ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਉੱਥੇ ਦੂਜੀ ਧਿਰ ਵੱਲੋਂ ਪਹਿਲਾਂ ਉਸ ਦੀ ਗੱਡੀ ਤੋੜੀ ਗਈ ਅਤੇ ਫਿਰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।

```