Dakha Murder Case: ਦਾਖਾ ਦੇ ਪਿੰਡ ਲਤਾਲਾ ’ਚ 20 ਸਾਲਾ ਫੁੱਟਬਾਲ ਖਿਡਾਰੀ ਦਾ ਕਤਲ, ਸ਼ਮਸ਼ਾਨਘਾਟ ’ਚ ਮਿਲੀ ਲਾਸ਼

Dakha Murder Case: ਦਾਖਾ ਦੇ ਪਿੰਡ ਲਤਾਲਾ ’ਚ 20 ਸਾਲਾ ਫੁੱਟਬਾਲ ਖਿਡਾਰੀ ਦਾ ਕਤਲ, ਸ਼ਮਸ਼ਾਨਘਾਟ ’ਚ ਮਿਲੀ ਲਾਸ਼

ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਅਧੀਨ ਥਾਣਾ ਜੋਧਾਂ ਦੇ ਖੇਤਰ ਵਿੱਚ ਪੈਂਦੇ ਹਲਕਾ ਦਾਖਾ ਦੇ ਪਿੰਡ ਲਤਾਲਾ ਤੋਂ ਕਤਲ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ 20 ਸਾਲਾ ਫੁੱਟਬਾਲ ਖਿਡਾਰੀ ਕਰਨਵੀਰ ਸਿੰਘ ਉਰਫ਼ ਗੋਪੀ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਮੁਲਜ਼ਮਾਂ ਦੀ ਭਾਲ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਜਾਣਕਾਰੀ ਅਨੁਸਾਰ, 10 ਨਵੰਬਰ ਦੀ ਸ਼ਾਮ ਕਰੀਬ 7 ਵਜੇ ਕਰਨਵੀਰ ਆਪਣੀ ਸਕੂਟੀ ’ਤੇ ਘਰੋਂ ਰਾਸ਼ਨ ਲੈਣ ਲਈ ਨਿਕਲਿਆ ਸੀ। ਦੇਰ ਰਾਤ ਤੱਕ ਵਾਪਸ ਨਾ ਆਉਣ ’ਤੇ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਉਸਦੀ ਮਾਂ ਅਤੇ ਵੱਡੇ ਭਰਾ ਰਮਨਪ੍ਰੀਤ ਸਿੰਘ ਨੇ ਰਾਤ ਭਰ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਪਰਿਵਾਰ ਪਿੰਡ ਦੇ ਹੀ ਗੁਰਕੀਰਤ ਸਿੰਘ ਰਵੀ ਦੇ ਘਰ ਵੀ ਪਹੁੰਚਿਆ। ਦੱਸਿਆ ਜਾਂਦਾ ਹੈ ਕਿ ਕਰਨਵੀਰ ਦਾ ਉਸ ਦੇ ਘਰ ਆਉਣਾ-ਜਾਣਾ ਸੀ। ਪਰਿਵਾਰਕ ਬਿਆਨਾਂ ਮੁਤਾਬਕ ਗੁਰਕੀਰਤ ਰਵੀ ਵੀ ਉਨ੍ਹਾਂ ਨਾਲ ਕਰਨਵੀਰ ਦੀ ਭਾਲ ਵਿੱਚ ਸ਼ਾਮਲ ਹੋ ਗਿਆ।

ਇਸੇ ਦੌਰਾਨ ਕਰਨਵੀਰ ਦੀ ਸਕੂਟੀ ਇੱਕ ਥਾਂ ਖੜ੍ਹੀ ਮਿਲਣ ਦੀ ਜਾਣਕਾਰੀ ਮਿਲੀ। ਜਦੋਂ ਪਰਿਵਾਰਕ ਮੈਂਬਰ ਅਤੇ ਹੋਰ ਵਿਅਕਤੀ ਪਿੰਡ ਦੇ ਪਾਰਕ ਨੇੜੇ ਸਥਿਤ ਸ਼ਮਸ਼ਾਨਘਾਟ ਪਹੁੰਚੇ ਤਾਂ ਉੱਥੇ ਸਕੂਟੀ ਕੋਲ ਕਰਨਵੀਰ ਦੀ ਲਾਸ਼ ਪਈ ਮਿਲੀ।

ਮ੍ਰਿਤਕ ਦੇ ਮੂੰਹ ਵਿੱਚ ਚਿੱਟੇ ਰੰਗ ਦੀ ਪਲਾਸਟਿਕ ਦੀ ਬੋਰੀ ਤੁੰਨੀ ਹੋਈ ਸੀ। ਉਸ ਦੇ ਸਰੀਰ ’ਤੇ ਕੱਟਾਂ ਦੇ ਨਿਸ਼ਾਨ ਵੀ ਸਨ ਅਤੇ ਨੇੜੇ ਲੱਕੜ ਦਾ ਇੱਕ ਡੰਡਾ ਪਿਆ ਹੋਇਆ ਸੀ। ਇਸ ਤੋਂ ਬਾਅਦ ਗੁਰਕੀਰਤ ਰਵੀ ਆਪਣੀ ਗੱਡੀ ਰਾਹੀਂ ਕਰਨਵੀਰ ਨੂੰ ਅਹਿਮਦਗੜ੍ਹ ਦੇ ਹਿੰਦ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਭੈਣ ਨਾਲ ਗੱਲਬਾਤ ਦੇ ਸ਼ੱਕ ਨੂੰ ਲੈ ਕੇ ਕਤਲ ਦਾ ਦੋਸ਼

ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ੱਕ ਜ਼ਾਹਰ ਕੀਤਾ ਕਿ ਗੁਰਕੀਰਤ ਸਿੰਘ ਰਵੀ ਨੂੰ ਸ਼ੱਕ ਸੀ ਕਿ ਕਰਨਵੀਰ ਗੋਪੀ ਦੀ ਉਸ ਦੀ ਭੈਣ ਨਾਲ ਗੱਲਬਾਤ ਹੁੰਦੀ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਇਸੇ ਸ਼ੱਕ ਕਾਰਨ ਗੁਰਕੀਰਤ ਰਵੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਰਨਵੀਰ ਦਾ ਕਤਲ ਕੀਤਾ।

ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਜੋਧਾਂ ਅਧੀਨ ਚੌਕੀ ਛਪਾਰ ਵਿਖੇ ਮੁਕੱਦਮਾ ਨੰਬਰ 167 ਦਰਜ ਕੀਤਾ ਹੈ। ਬੀਐੱਨਐੱਸ ਦੀਆਂ ਧਾਰਾਵਾਂ 103 ਅਤੇ 3(5) ਤਹਿਤ ਗੁਰਕੀਰਤ ਸਿੰਘ ਰਵੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੁੱਖ ਮੁਲਜ਼ਮ ਗੁਰਕੀਰਤ ਸਿੰਘ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਚੌਕੀ ਇੰਚਾਰਜ ਜਸਪਾਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਫਿਲਹਾਲ 20 ਸਾਲਾ ਫੁੱਟਬਾਲ ਖਿਡਾਰੀ ਕਰਨਵੀਰ ਸਿੰਘ ਗੋਪੀ ਦੇ ਕਤਲ ਮਾਮਲੇ ਵਿੱਚ ਇੱਕ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ, ਜਦਕਿ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਤੋਂ ਬਾਅਦ ਹੀ ਕਤਲ ਦੇ ਕਾਰਨਾਂ ਅਤੇ ਹੋਰ ਸ਼ਾਮਲ ਵਿਅਕਤੀਆਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।