ਐਂਟੀ ਡਰੋਨ ਸਿਸਟਮ ’ਤੇ ਤਾਇਨਾਤ ਪੰਜਾਬ ਪੁਲੀਸ ਦਾ ਸਿਪਾਹੀ ਤਸਕਰੀ ’ਚ ਸ਼ਾਮਲ? 23 ਖੇਪਾਂ ਲੈਣ ਦੀ ਗੱਲ ਆਈ ਸਾਹਮਣੇ

ਐਂਟੀ ਡਰੋਨ ਸਿਸਟਮ ’ਤੇ ਤਾਇਨਾਤ ਪੰਜਾਬ ਪੁਲੀਸ ਦਾ ਸਿਪਾਹੀ ਤਸਕਰੀ ’ਚ ਸ਼ਾਮਲ? 23 ਖੇਪਾਂ ਲੈਣ ਦੀ ਗੱਲ ਆਈ ਸਾਹਮਣੇ

ਸੂਤਰਾਂ ਅਨੁਸਾਰ ਪਾਕਿਸਤਾਨੀ ਤਸਕਰਾਂ ਨੂੰ ਡਰੋਨ ਰਾਹੀਂ ਨਸ਼ਾ ਸੁੱਟਣ ਲਈ ਸੁਰੱਖਿਅਤ ਥਾਵਾਂ ਦੀ ਲੋਕੇਸ਼ਨ ਭੇਜਦਾ ਸੀ ਸਿਪਾਹੀ ਕਰਨਦੀਪ ਸਿੰਘ

ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਲਈ ਐਂਟੀ ਡਰੋਨ ਸਿਸਟਮ ’ਤੇ ਤਾਇਨਾਤ ਪੰਜਾਬ ਪੁਲੀਸ ਦਾ ਸਿਪਾਹੀ ਕਰਨਦੀਪ ਸਿੰਘ ਕਥਿਤ ਤੌਰ ’ਤੇ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ। ਬਿਊਰੋ ਨੇ ਉਸ ਨੂੰ 15 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ 15 ਕਿਲੋ ਹੈਰੋਇਨ ਬਰਾਮਦ ਹੋਈ ਸੀ।

ਜਾਂਚ ਮੁਤਾਬਕ ਸਿਪਾਹੀ ਸਰਹੱਦ ਪਾਰੋਂ ਆਈਆਂ ਕਰੀਬ 23 ਨਸ਼ੇ ਦੀਆਂ ਖੇਪਾਂ ਪ੍ਰਾਪਤ ਕਰ ਚੁੱਕਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਜੂਨ ਮਹੀਨੇ ਤੋਂ ਇਹ ਖੇਪਾਂ ਹਾਸਲ ਕਰ ਰਿਹਾ ਸੀ।

ਪਾਕਿਸਤਾਨੀ ਤਸਕਰਾਂ ਨੂੰ ਭੇਜਦਾ ਸੀ ਸੁਰੱਖਿਅਤ ਥਾਵਾਂ ਦੀ ਲੋਕੇਸ਼ਨ

ਸੂਤਰਾਂ ਅਨੁਸਾਰ ਕਰਨਦੀਪ ਸਿੰਘ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨੂੰ ਡਰੋਨ ਰਾਹੀਂ ਨਸ਼ਾ ਸੁੱਟਣ ਲਈ ਸੁਰੱਖਿਅਤ ਥਾਵਾਂ ਬਾਰੇ ਜਾਣਕਾਰੀ ਦਿੰਦਾ ਸੀ। ਉਹ ਇਨ੍ਹਾਂ ਥਾਵਾਂ ਦੀ ਲੋਕੇਸ਼ਨ ਵੀ ਤਸਕਰਾਂ ਨੂੰ ਭੇਜਦਾ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਨੇ ਪੁਲੀਸ ਨੂੰ ਦੋ ਖੇਪਾਂ ਬਰਾਮਦ ਕਰਵਾਈਆਂ ਸਨ।

ਸੂਤਰਾਂ ਮੁਤਾਬਕ ਸਿਪਾਹੀ ਖੁਦ ਵੀ ਹੈਰੋਇਨ ਦਾ ਨਸ਼ਾ ਕਰਦਾ ਸੀ। ਇਸ ਧੰਦੇ ਵਿੱਚ ਸ਼ਾਮਲ ਹੋਣ ਬਦਲੇ ਉਸ ਨੂੰ ਤਸਕਰਾਂ ਵੱਲੋਂ ਪੈਸੇ ਅਤੇ ਨਸ਼ਾ ਮਿਲਦਾ ਸੀ। ਕਰਨਦੀਪ ਸਿੰਘ ਨੇ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਅਸਲਾ ਲਾਇਸੈਂਸ ਵੀ ਲਿਆ ਹੋਇਆ ਸੀ।

ਕੌਮਾਂਤਰੀ ਸਰਹੱਦ ’ਤੇ ਤਾਇਨਾਤ ਸੀ ਸਿਪਾਹੀ

ਪੰਜਾਬ ਸਰਕਾਰ ਵੱਲੋਂ ‘ਬਾਜ਼ ਅੱਖ’ ਬੈਨਰ ਹੇਠ ਕੌਮਾਂਤਰੀ ਸਰਹੱਦ ’ਤੇ ਐਂਟੀ ਡਰੋਨ ਸਿਸਟਮ ਨਾਲ ਲੈਸ ਕਈ ਬੱਸਾਂ ਤਾਇਨਾਤ ਕੀਤੀਆਂ ਗਈਆਂ ਹਨ। ਕਰਨਦੀਪ ਸਿੰਘ ਦੀ ਤਾਇਨਾਤੀ ਥਾਣਾ ਖਾਲੜਾ ਦੇ ਖੇਤਰ ਵਿੱਚ ਕੌਮਾਂਤਰੀ ਸਰਹੱਦ ’ਤੇ ਐਂਟੀ ਡਰੋਨ ਸਿਸਟਮ ਉੱਤੇ ਸੀ।

ਐਂਟੀ ਡਰੋਨ ਸਿਸਟਮ ਰਾਹੀਂ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਮਦਦ ਨਾਲ ਭੇਜੇ ਜਾਣ ਵਾਲੇ ਨਸ਼ੇ ਦਾ ਪਤਾ ਲਗਾਇਆ ਜਾਂਦਾ ਹੈ। ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਸਿਪਾਹੀ ਦਾ ਹੀ ਇਸ ਮਾਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਹੋਣਾ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।