ਪੰਜਾਬ ’ਚ SIR 2026: ਡਰਾਫਟ ਵੋਟਰ ਸੂਚੀ ’ਤੇ ਦਾਅਵੇ-ਇਤਰਾਜ਼ ਲਈ 12 ਸਤੰਬਰ ਆਖ਼ਰੀ ਮਿਤੀ

ਪੰਜਾਬ ’ਚ SIR 2026: ਡਰਾਫਟ ਵੋਟਰ ਸੂਚੀ ’ਤੇ ਦਾਅਵੇ-ਇਤਰਾਜ਼ ਲਈ 12 ਸਤੰਬਰ ਆਖ਼ਰੀ ਮਿਤੀ

ਪੰਜਾਬ ’ਚ SIR 2026 ਤਹਿਤ ਡਰਾਫਟ ਵੋਟਰ ਸੂਚੀ ’ਤੇ ਦਾਅਵੇ-ਇਤਰਾਜ਼ ਲਈ 12 ਸਤੰਬਰ ਆਖ਼ਰੀ ਮਿਤੀ

ਚੰਡੀਗੜ੍ਹ, 9 ਸਤੰਬਰ (ਵਿਸ਼ਵ ਵਾਰਤਾ): ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (SIR) 2026 ਤਹਿਤ 13 ਅਗਸਤ 2026 ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ ਪੇਸ਼ ਕਰਨ ਦੀ ਆਖ਼ਰੀ ਮਿਤੀ 12 ਸਤੰਬਰ 2026 ਹੈ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅੱਜ ਸਾਂਝੀ ਕੀਤੀ।

ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਈਆਰਓ ਵੱਲੋਂ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਾਲੋ-ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਇਹ ਪ੍ਰਕਿਰਿਆ 8 ਅਕਤੂਬਰ 2026 ਤੱਕ ਜਾਰੀ ਰਹੇਗੀ, ਜਦਕਿ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

ਉਨ੍ਹਾਂ ਪੰਜਾਬ ਦੇ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਡਰਾਫਟ ਵੋਟਰ ਸੂਚੀ ਵਿੱਚ ਆਪਣੇ ਵੋਟ ਸਬੰਧੀ ਵੇਰਵਿਆਂ ਦੀ ਜਾਂਚ ਕਰ ਲੈਣ। ਜੇਕਰ ਕਿਸੇ ਤਰ੍ਹਾਂ ਦਾ ਇਤਰਾਜ਼ ਹੋਵੇ ਤਾਂ ਉਹ 12 ਸਤੰਬਰ 2026 ਤੱਕ ਪੇਸ਼ ਕਰ ਦਿੱਤਾ ਜਾਵੇ।

ਮੁੱਖ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਖ਼ਾਸ ਤੌਰ ’ਤੇ ਪੰਜਾਬ ਦੇ ਸਾਰੇ 18 ਸਾਲ ਦੇ ਨੌਜਵਾਨਾਂ ਅਤੇ 1 ਅਕਤੂਬਰ 2026 ਤੱਕ 18 ਸਾਲ ਦੇ ਹੋਣ ਜਾ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਫਾਰਮ ਨੰਬਰ 6A ਭਰ ਕੇ ਬੀਐਲਓ ਕੋਲ ਜਮ੍ਹਾਂ ਕਰਵਾ ਸਕਦੇ ਹਨ।

ਜਿਨ੍ਹਾਂ ਵਿਅਕਤੀਆਂ ਦਾ ਨਾਮ ਪਹਿਲਾਂ ਹੀ 13 ਅਗਸਤ 2026 ਨੂੰ ਪ੍ਰਕਾਸ਼ਿਤ ਡਰਾਫਟ ਰੋਲ ਵਿੱਚ ਮੌਜੂਦ ਹੈ, ਉਹ ਵੋਟਰ ਸੂਚੀ ਵਿੱਚ ਐਂਟਰੀਆਂ ਦੀ ਸੋਧ, ਪਤਾ ਬਦਲਣ ਜਾਂ ਹੋਰ ਵੇਰਵੇ ਅਪਡੇਟ ਕਰਨ ਲਈ ਫਾਰਮ 8 ਜਮ੍ਹਾਂ ਕਰਵਾ ਸਕਦੇ ਹਨ।

ਇਸ ਸਬੰਧੀ ਅਰਜ਼ੀਆਂ voters.eci.gov.in ’ਤੇ ਔਨਲਾਈਨ, ਮੋਬਾਈਲ ਐਪ ਰਾਹੀਂ, ਬੂਥ ਲੈਵਲ ਅਫਸਰਾਂ (BLOs) ਰਾਹੀਂ ਆਫ਼ਲਾਈਨ ਅਤੇ ਈਆਰਓ/ਏਈਆਰਓ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।

ਸ੍ਰੀਮਤੀ ਮਿਤਰਾ ਨੇ ਜ਼ੋਰ ਦਿੰਦਿਆਂ ਕਿਹਾ, “ਵੋਟਿੰਗ ਸਿਰਫ਼ ਇੱਕ ਨਾਗਰਿਕ ਫਰਜ਼ ਨਹੀਂ ਸਗੋਂ ਇੱਕ ਮੌਲਿਕ ਸੰਵਿਧਾਨਕ ਅਧਿਕਾਰ ਹੈ ਜਿਸ ਰਾਹੀਂ ਨੌਜਵਾਨ ਨਾਗਰਿਕ ਸਰਗਰਮੀ ਨਾਲ ਦੇਸ਼ ਦੇ ਸ਼ਾਸਨ ਅਤੇ ਭਵਿੱਖ ਨੂੰ ਆਕਾਰ ਦਿੰਦੇ ਹਨ।”