ਹਰਿਆਣਾ: ਅੰਬਾਲਾ ‘ਚ ਨਿਰਮਾਣ ਅਧੀਨ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ, 4 ਮਜ਼ਦੂਰਾਂ ਦੀ ਮੌਤ; ਰੈਸਕਿਊ ਆਪ੍ਰੇਸ਼ਨ ਜਾਰੀ

ਹਰਿਆਣਾ: ਅੰਬਾਲਾ ‘ਚ ਨਿਰਮਾਣ ਅਧੀਨ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ, 4 ਮਜ਼ਦੂਰਾਂ ਦੀ ਮੌਤ; ਰੈਸਕਿਊ ਆਪ੍ਰੇਸ਼ਨ ਜਾਰੀ

ਹਰਿਆਣਾ: ਅੰਬਾਲਾ ‘ਚ ਇੱਕ ਤਿੰਨ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਦਾ ਹਿੱਸਾ ਅਚਾਨਕ ਡਿੱਗ ਗਿਆ। ਹਾਦਸੇ ਦੌਰਾਨ ਇਮਾਰਤ ‘ਚ ਕੰਮ ਕਰ ਰਹੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਲੋਕਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ, ਜਦਕਿ NDRF ਦੀਆਂ ਟੀਮਾਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ।

ਮਲਬੇ ‘ਚੋਂ ਹੁਣ ਤੱਕ 13 ਲੋਕਾਂ ਨੂੰ ਕੱਢ ਕੇ ਅੰਬਾਲਾ ਸਿਟੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ‘ਚ ਡਾਕਟਰਾਂ ਨੇ ਚਾਰ ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਮੌਕੇ ‘ਤੇ ਮਲਬਾ ਹਟਾਉਣ ਦਾ ਕੰਮ ਜਾਰੀ ਹੈ।

ਧੂਲਕੋਟ ਪਿੰਡ ‘ਚ ਲੈਂਟਰ ਪਾਉਂਦੇ ਸਮੇਂ ਵਾਪਰਿਆ ਹਾਦਸਾ

ਦੱਸਿਆ ਜਾ ਰਿਹਾ ਹੈ ਕਿ ਧੂਲਕੋਟ ਪਿੰਡ ‘ਚ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਲੈਂਟਰ ਪਾਇਆ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਪੂਰੀ ਇਮਾਰਤ ਭਰਭਰਾ ਕੇ ਡਿੱਗ ਗਈ। ਹਾਦਸੇ ਦੇ ਸਮੇਂ ਮੌਕੇ ‘ਤੇ ਕਈ ਮਜ਼ਦੂਰ ਕੰਮ ਕਰ ਰਹੇ ਸਨ, ਜਿਨ੍ਹਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਹੁਣ ਤੱਕ ਹਾਦਸੇ ‘ਚ ਚਾਰ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ।

NDRF ਨੇ 2 ਤੋਂ 3 ਲੋਕਾਂ ਦੀ ਲੋਕੇਸ਼ਨ ਟ੍ਰੇਸ ਕੀਤੀ

ਸ਼ਾਮ ਸਾਢੇ 7 ਵਜੇ ਡੀ.ਸੀ. ਸਚਿਨ ਗੁਪਤਾ ਅਤੇ ਐੱਸ.ਪੀ. ਅਜੀਤ ਸਿੰਘ ਸ਼ੇਖਾਵਤ ਵੀ ਘਟਨਾ ਸਥਾਨ ‘ਤੇ ਪਹੁੰਚੇ। ਐੱਸ.ਪੀ. ਅਜੀਤ ਸ਼ੇਖਾਵਤ ਨੇ ਦੱਸਿਆ ਕਿ ਰੈਸਕਿਊ ਆਪ੍ਰੇਸ਼ਨ ਅਜੇ ਵੀ ਜਾਰੀ ਹੈ।

ਉਨ੍ਹਾਂ ਦੱਸਿਆ ਕਿ NDRF ਨੇ 2 ਤੋਂ 3 ਲੋਕਾਂ ਦੀ ਲੋਕੇਸ਼ਨ ਟ੍ਰੇਸ ਕਰ ਲਈ ਹੈ ਅਤੇ ਉਨ੍ਹਾਂ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਲਕ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

ਐੱਸ.ਪੀ. ਅਜੀਤ ਸ਼ੇਖਾਵਤ ਨੇ ਕਿਹਾ ਕਿ ਜੇਕਰ ਇੱਥੇ ਗੈਰ-ਕਾਨੂੰਨੀ ਨਿਰਮਾਣ ਹੋ ਰਿਹਾ ਸੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।