ਨਿਊਯਾਰਕ ਦੇ ਗੁਰਦੁਆਰੇ ਬਾਹਰ ਗ਼ੈਰ-ਕਾਨੂੰਨੀ ਆਤਿਸ਼ਬਾਜ਼ੀ ਤੇ ਹੁੱਲੜਬਾਜ਼ੀ, ਕਈ ਨੌਜਵਾਨ ਗ੍ਰਿਫ਼ਤਾਰ; ਪੁਲਿਸ ਅਧਿਕਾਰੀ ਜ਼ਖ਼ਮੀ

ਨਿਊਯਾਰਕ ਦੇ ਗੁਰਦੁਆਰੇ ਬਾਹਰ ਗ਼ੈਰ-ਕਾਨੂੰਨੀ ਆਤਿਸ਼ਬਾਜ਼ੀ ਤੇ ਹੁੱਲੜਬਾਜ਼ੀ, ਕਈ ਨੌਜਵਾਨ ਗ੍ਰਿਫ਼ਤਾਰ; ਪੁਲਿਸ ਅਧਿਕਾਰੀ ਜ਼ਖ਼ਮੀ

ਨਿਊਯਾਰਕ ਦੇ ਰਿਚਮੰਡ ਹਿੱਲ ਸਥਿਤ ਸਿੱਖ ਕਲਚਰਲ ਸੁਸਾਇਟੀ ਗੁਰਦੁਆਰੇ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਜਸ਼ਨਾਂ ਦੌਰਾਨ ਕਥਿਤ ਗ਼ੈਰ-ਕਾਨੂੰਨੀ ਆਤਿਸ਼ਬਾਜ਼ੀ ਅਤੇ ਹੁੱਲੜਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕੁਝ ਨੌਜਵਾਨਾਂ ਕੋਲੋਂ ਗ਼ੈਰ-ਕਾਨੂੰਨੀ ਹਥਿਆਰ ਬਰਾਮਦ ਹੋਣ ਦੀ ਵੀ ਖ਼ਬਰ ਹੈ। ਘਟਨਾ ਦੌਰਾਨ ਇੱਕ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਿਆ।

ਇਸ ਮਾਮਲੇ ’ਤੇ ਸਿੱਖ ਕਲਚਰਲ ਸੁਸਾਇਟੀ ਇੰਕ., ਰਿਚਮੰਡ ਹਿੱਲ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਜ਼ਖ਼ਮੀ ਪੁਲਿਸ ਅਧਿਕਾਰੀ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬੀ ਅਤੇ ਭਾਰਤੀ ਪਰਵਾਸੀ ਭਾਈਚਾਰੇ ਦੇ ਅਕਸ ਨੂੰ ਨੁਕਸਾਨ ਪਹੁੰਚਦਾ ਹੈ।

ਇਸ ਦੇ ਨਾਲ ਹੀ ਯੂਨਾਈਟਿਡ ਕਿੰਗਡਮ (ਯੂ.ਕੇ.), ਕੈਨੇਡਾ ਅਤੇ ਅਮਰੀਕਾ ਵਿੱਚ ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਮੰਦਰਾਂ ਅਤੇ ਗੁਰਦੁਆਰਿਆਂ ਦੇ ਬਾਹਰ ਆਤਿਸ਼ਬਾਜ਼ੀ ਅਤੇ ਉਸ ਕਾਰਨ ਫੈਲੇ ਕੂੜੇ-ਕਰਕਟ ਨੂੰ ਲੈ ਕੇ ਵੀ ਭਾਈਚਾਰੇ ਨੇ ਚਿੰਤਾ ਪ੍ਰਗਟਾਈ ਹੈ।

ਆਤਿਸ਼ਬਾਜ਼ੀ ਨਾ ਕਰਨ ਦਾ ਸਮਝੌਤਾ ਹੋਇਆ ਸੀ

ਜਤਿੰਦਰ ਸਿੰਘ ਨੇ ਕਿਹਾ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਹਜ਼ਾਰਾਂ ਸ਼ਰਧਾਲੂ ਗੁਰਦੁਆਰੇ ਮੱਥਾ ਟੇਕਣ ਆਏ ਸਨ, ਪਰ ਕੁਝ ਸ਼ਰਾਰਤੀ ਅਨਸਰਾਂ ਨੇ ਜਸ਼ਨਾਂ ਵਿੱਚ ਵਿਘਨ ਪਾਇਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸ਼ਾਸਨ ਨਾਲ ਸਮਝੌਤਾ ਕੀਤਾ ਸੀ ਕਿ ਆਤਿਸ਼ਬਾਜ਼ੀ ਨਹੀਂ ਕੀਤੀ ਜਾਵੇਗੀ, ਪਰ ਕੁਝ ਨੌਜਵਾਨਾਂ ਨੇ ਜਾਣਬੁੱਝ ਕੇ ਪਾਬੰਦੀਆਂ ਦੀ ਉਲੰਘਣਾ ਕੀਤੀ।

ਉਨ੍ਹਾਂ ਕਿਹਾ, “ਜੇਕਰ ਇਹ ਘਟਨਾ ਭਾਰਤ ਵਿੱਚ ਵਾਪਰੀ ਹੁੰਦੀ, ਤਾਂ ਪੁਲਿਸ ਨੇ ਮੁਲਜ਼ਮਾਂ ਨਾਲ ਸਖ਼ਤੀ ਨਾਲ ਨਜਿੱਠਣਾ ਸੀ। ਹਾਲਾਂਕਿ, ਇੱਥੇ ਪੁਲਿਸ ਨੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਥਿਤੀ ਨੂੰ ਸੰਭਾਲਿਆ।” ਉਨ੍ਹਾਂ ਨੇ ਘਟਨਾ ਤੋਂ ਬਾਅਦ ਪਰਵਾਸੀ ਭਾਈਚਾਰੇ ਨਾਲ ਸਬੰਧਤ ਪੁਲਿਸ ਮੁਲਾਜ਼ਮਾਂ ਨੂੰ ਝੱਲਣੀ ਪਈ ਸ਼ਰਮਿੰਦਗੀ ’ਤੇ ਵੀ ਚਿੰਤਾ ਜਤਾਈ।

ਉਨ੍ਹਾਂ ਦਾਅਵਾ ਕੀਤਾ ਕਿ ਰਿਚਮੰਡ ਹਿੱਲ ਦੇ ਸਾਰੇ ਚਾਰ ਗੁਰਦੁਆਰਿਆਂ ਵਿੱਚ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਤਿੰਦਰ ਸਿੰਘ ਨੇ ਇਸ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਭਾਈਚਾਰੇ ਦੇ ਲੋਕਾਂ ਨੂੰ ਉਸ ਦੇਸ਼ ਦੇ ਕਾਨੂੰਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿੱਥੇ ਉਹ ਰਹਿੰਦੇ ਹਨ।

‘ਮੁੱਠੀ ਭਰ ਲੋਕ ਪੂਰੇ ਭਾਈਚਾਰੇ ਨੂੰ ਬਦਨਾਮ ਕਰ ਰਹੇ’

ਜਤਿੰਦਰ ਸਿੰਘ ਨੇ ਕਿਹਾ, “ਅਸੀਂ ਭਾਵੇਂ ਇੱਥੇ ਵੱਡੀ ਗਿਣਤੀ ਵਿੱਚ ਆ ਗਏ ਹਾਂ, ਪਰ ਇਹ ਸਾਨੂੰ ਇਸ ਧਰਤੀ ਦੇ ਕਾਨੂੰਨ ਦੀ ਉਲੰਘਣਾ ਕਰਨ ਦਾ ਅਧਿਕਾਰ ਨਹੀਂ ਦਿੰਦਾ। ਮੁੱਠੀ ਭਰ ਗ਼ੈਰ-ਜ਼ਿੰਮੇਵਾਰ ਲੋਕ ਪੂਰੇ ਭਾਈਚਾਰੇ ਨੂੰ ਬਦਨਾਮ ਕਰ ਰਹੇ ਹਨ ਅਤੇ ਪਰਵਾਸੀ ਭਾਈਚਾਰੇ ਦੇ ਹੋਰ ਲੋਕਾਂ ਲਈ ਮੌਕਿਆਂ ਦੇ ਦਰਵਾਜ਼ੇ ਬੰਦ ਕਰ ਸਕਦੇ ਹਨ।”

ਉਨ੍ਹਾਂ ਨੇ ਕੁਝ ਨੌਜਵਾਨਾਂ ਦੇ ਵਿਵਹਾਰ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਜਦੋਂ ਉਹ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਤਾਂ ਇੱਕ ਨੌਜਵਾਨ ਨੇ ਆਪਣੇ ਮੋਟਰਸਾਈਕਲ ਦੀ ਉੱਚੀ ਆਵਾਜ਼ ਕੱਢੀ ਅਤੇ ਤੇਜ਼ ਰਫ਼ਤਾਰ ਨਾਲ ਉੱਥੋਂ ਲੰਘਿਆ।

ਉਨ੍ਹਾਂ ਟਿੱਪਣੀ ਕੀਤੀ, “ਤੁਸੀਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਪੀੜ੍ਹੀ ਸਾਡੀਆਂ ਬੇਨਤੀਆਂ ਵੱਲ ਕਿੰਨਾ ਕੁ ਧਿਆਨ ਦਿੰਦੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਦੇ ਫੜੇ ਗਏ ਲੋਕ ਅਕਸਰ ਭਾਈਚਾਰੇ ਦੇ ਆਗੂਆਂ ਕੋਲ ਦਖ਼ਲਅੰਦਾਜ਼ੀ ਦੀ ਮੰਗ ਲੈ ਕੇ ਪਹੁੰਚਦੇ ਹਨ।

ਯੂਬਾ ਸਿਟੀ ਦੀਆਂ ਘਟਨਾਵਾਂ ਦਾ ਵੀ ਕੀਤਾ ਜ਼ਿਕਰ

ਜਤਿੰਦਰ ਸਿੰਘ ਨੇ ਕੈਲੀਫੋਰਨੀਆ ਦੇ ਯੂਬਾ ਸਿਟੀ ਵਿੱਚ ਨਗਰ ਕੀਰਤਨ ਦੌਰਾਨ ਹੋਈ ਗੋਲੀਬਾਰੀ ਅਤੇ ਤਲਵਾਰਬਾਜ਼ੀ ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਭਾਈਚਾਰੇ ਦੀ ਸਾਖ਼ ਨੂੰ ਹੋਰ ਨੁਕਸਾਨ ਪਹੁੰਚਦਾ ਹੈ।

ਉਨ੍ਹਾਂ ਚਿਤਾਵਨੀ ਦਿੱਤੀ ਕਿ ਕੁਝ ਵਿਅਕਤੀਆਂ ਦੇ ਗ਼ੈਰ-ਜ਼ਿੰਮੇਵਾਰਾਨਾ ਵਿਵਹਾਰ ਦੀ ਭਾਈਚਾਰੇ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜਦੋਂ ਆਤਿਸ਼ਬਾਜ਼ੀ ’ਤੇ ਪਾਬੰਦੀ ਸੀ, ਤਾਂ ਨੌਜਵਾਨਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਬਜਾਏ ਪਾਬੰਦੀਆਂ ਦਾ ਸਤਿਕਾਰ ਕਰਨਾ ਚਾਹੀਦਾ ਸੀ।

ਇਸ ਘਟਨਾ ਨੇ ਅਮਰੀਕਾ ਅਤੇ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਦੀਵਾਲੀ ਦੇ ਜਸ਼ਨਾਂ ਦੌਰਾਨ ਗ਼ੈਰ-ਕਾਨੂੰਨੀ ਆਤਿਸ਼ਬਾਜ਼ੀ ਅਤੇ ਕਥਿਤ ਹੁੱਲੜਬਾਜ਼ੀ ਨੂੰ ਲੈ ਕੇ ਚਿੰਤਾਵਾਂ ਮੁੜ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਸੁਰੱਖਿਆ ਨਿਯਮਾਂ ਅਤੇ ਜਨਤਕ ਵਿਵਸਥਾ ਨਾਲ ਜੁੜੀਆਂ ਪਾਬੰਦੀਆਂ ਦੀ ਪਾਲਣਾ ਦਾ ਮੁੱਦਾ ਵੀ ਚਰਚਾ ਵਿੱਚ ਆ ਗਿਆ ਹੈ।