ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ, 2 ਹੈਂਡ ਗ੍ਰਨੇਡ ਤੇ 13 ਪਿਸਤੌਲ ਬਰਾਮਦ, ਪਿਓ-ਪੁੱਤ ਸਮੇਤ 5 ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ, 2 ਹੈਂਡ ਗ੍ਰਨੇਡ ਤੇ 13 ਪਿਸਤੌਲ ਬਰਾਮਦ, ਪਿਓ-ਪੁੱਤ ਸਮੇਤ 5 ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ, 2 ਹੈਂਡ ਗ੍ਰਨੇਡ ਤੇ 13 ਪਿਸਤੌਲ ਬਰਾਮਦ, ਪਿਓ-ਪੁੱਤ ਸਮੇਤ 5 ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ (CI) ਅੰਮ੍ਰਿਤਸਰ ਨੇ ਪਿਓ-ਪੁੱਤ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ .30 ਬੋਰ ਦੀ ਅਸਾਲਟ ਰਾਈਫਲ, ਦੋ ਹੈਂਡ ਗ੍ਰਨੇਡ, 13 ਵਿਦੇਸ਼ੀ ਆਧੁਨਿਕ ਪਿਸਤੌਲ ਅਤੇ 25 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ 15 ਅਕਤੂਬਰ ਨੂੰ ਦਿੱਤੀ। ਪੁਲਿਸ ਅਨੁਸਾਰ, ਮੁਲਜ਼ਮਾਂ ਦੇ ਵਿਦੇਸ਼ ਵਿੱਚ ਬੈਠੇ ਇੱਕ ਤਸਕਰ ਨਾਲ ਸੰਪਰਕ ਸਨ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਦੀ ਪਛਾਣ ਤੋਂ ਬਚਣ ਲਈ ਐਨਕ੍ਰਿਪਟਡ ਸੰਚਾਰ ਪਲੇਟਫਾਰਮਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਮਾਮਲੇ ਦੀਆਂ ਅਗਲੀਆਂ-ਪਿਛਲੀਆਂ ਕੜੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ##

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਉਸ ਦੇ ਪੁੱਤਰ ਜਸਕਰਨ ਸਿੰਘ, ਦੋਵੇਂ ਵਾਸੀ ਪਿੰਡ ਬੱਲਰਵਾਲ, ਹਲਕਾ ਅਜਨਾਲਾ, ਅੰਮ੍ਰਿਤਸਰ; ਵੀਨੂ ਵਾਸੀ ਸਾਗਰਪੁਰ, ਬਟਾਲਾ; ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਰਸੂਲਪੁਰ ਅਤੇ ਗੌਰਵ ਮਸੀਹ ਵਾਸੀ ਪਿੰਡ ਗੌਂਸਪੁਰਾ, ਬਟਾਲਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਹਥਿਆਰਾਂ ਵਿੱਚ ਚਾਰ 9ਐਮਐਮ ਗਲੌਕ ਪਿਸਤੌਲ ਅਤੇ ਨੌਂ .30 ਬੋਰ ਦੇ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ 25 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਟੀਮਾਂ ਨੇ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਲਈ ਵਰਤੇ ਜਾ ਰਹੇ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ। ਇਨ੍ਹਾਂ ਵਿੱਚ ਹੌਂਡਾ ਲਿਵੋ ਅਤੇ ਹੀਰੋ ਸਪਲੈਂਡਰ ਸ਼ਾਮਲ ਹਨ। ##

ਡਰੋਨ ਰਾਹੀਂ ਹਥਿਆਰਾਂ ਦੀਆਂ ਖੇਪਾਂ ਭੇਜਣ ਦਾ ਦੋਸ਼

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਵਿਦੇਸ਼ ਵਿੱਚ ਬੈਠੇ ਇੱਕ ਤਸਕਰ ਦੇ ਲਗਾਤਾਰ ਸੰਪਰਕ ਵਿੱਚ ਸਨ। ਪੁਲਿਸ ਅਨੁਸਾਰ, ਦੋਵੇਂ ਵਿਦੇਸ਼ੀ ਤਸਕਰ ਦੇ ਨਿਰਦੇਸ਼ਾਂ 'ਤੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ, ਗੋਲੀ-ਸਿੱਕੇ ਅਤੇ ਵਿਸਫੋਟਕਾਂ ਦੀਆਂ ਖੇਪਾਂ ਪ੍ਰਾਪਤ ਕਰਦੇ ਸਨ। ਇਸ ਤੋਂ ਬਾਅਦ ਇਹ ਖੇਪਾਂ ਆਪਣੇ ਸਾਥੀਆਂ ਵੀਨੂ, ਅੰਮ੍ਰਿਤਪਾਲ ਸਿੰਘ ਅਤੇ ਗੌਰਵ ਮਸੀਹ ਰਾਹੀਂ ਅੱਗੇ ਸਪਲਾਈ ਕੀਤੀਆਂ ਜਾਂਦੀਆਂ ਸਨ। ##

ਅਜਨਾਲਾ ਨੇੜੇ ਛਾਪਾ ਮਾਰ ਕੇ ਕੀਤੀ ਗ੍ਰਿਫ਼ਤਾਰੀ

ਡੀਜੀਪੀ ਅਨੁਸਾਰ, ਖੁਫੀਆ ਜਾਣਕਾਰੀ ਤੋਂ ਪਤਾ ਲੱਗਾ ਸੀ ਕਿ ਗੁਰਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਆਪਣੇ ਸਾਥੀਆਂ ਵੀਨੂ, ਅੰਮ੍ਰਿਤਪਾਲ ਸਿੰਘ ਅਤੇ ਗੌਰਵ ਮਸੀਹ ਨੂੰ ਅਜਨਾਲਾ ਦੇ ਪਿੰਡ ਤੇਰੀ ਨੇੜੇ ਹਥਿਆਰਾਂ ਅਤੇ ਵਿਸਫੋਟਕਾਂ ਦੀ ਖੇਪ ਸੌਂਪਣ ਲਈ ਮਿਲਣ ਵਾਲੇ ਸਨ। ਇਸ ਜਾਣਕਾਰੀ ਦੇ ਆਧਾਰ 'ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀਆਂ ਟੀਮਾਂ ਨੇ ਨਿਰਧਾਰਤ ਸਥਾਨ 'ਤੇ ਛਾਪਾ ਮਾਰਿਆ ਅਤੇ ਹਥਿਆਰਾਂ ਤੇ ਵਿਸਫੋਟਕਾਂ ਦੀ ਖੇਪ ਸਮੇਤ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ## ਐਨਕ੍ਰਿਪਟਡ ਪਲੇਟਫਾਰਮਾਂ ਦੀ ਵਰਤੋਂ ਦੀ ਜਾਂਚ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦੇਸ਼ ਵਿੱਚ ਬੈਠਾ ਤਸਕਰ ਪੁਲਿਸ ਦੀ ਪਛਾਣ ਤੋਂ ਬਚਣ ਅਤੇ ਆਪਣੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲੀਕ ਹੋਣ ਤੋਂ ਰੋਕਣ ਲਈ ਐਨਕ੍ਰਿਪਟਡ ਸੰਚਾਰ ਪਲੇਟਫਾਰਮਾਂ ਦੀ ਵਰਤੋਂ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਨ, ਇਸ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ##

ਮਾਮਲੇ ਵਿੱਚ ਐਫਆਈਆਰ ਦਰਜ

ਇਸ ਮਾਮਲੇ ਵਿੱਚ ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (SSOC), ਅੰਮ੍ਰਿਤਸਰ ਵਿਖੇ 15-10-2026 ਨੂੰ ਐਫਆਈਆਰ ਨੰਬਰ 66 ਦਰਜ ਕੀਤੀ ਗਈ ਹੈ। ਐਫਆਈਆਰ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25(1)-ਏ, ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4 ਅਤੇ 5 ਅਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 61(2) ਤਹਿਤ ਦਰਜ ਕੀਤੀ ਗਈ ਹੈ।