ਪੰਜਾਬ ਸਟੇਟ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੋਨ ਤਗ਼ਮਾ ਜੇਤੂ ਗਤਕਾ ਖਿਡਾਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ; ਸਿੰਘ ਸਾਹਿਬ ਗਿਆਨੀ ਟੇਕ ਸਿੰਘ ਵੱਲੋਂ ਵਿਸ਼ੇਸ਼ ਸਨਮਾਨ
- ਪੰਥਕ ਮਸਲੇ ਅਤੇ ਖ਼ਬਰਾਂ
- (Asia/Kolkata)
ਤਲਵੰਡੀ ਸਾਬੋ, 01 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਮਾਰਸ਼ਲ ਆਰਟ ਗਤਕੇ ਦੇ ਮੈਦਾਨ ਵਿੱਚ ਪਿੰਡ ਮੱਲਵਾਲਾ ਦੇ ਹੋਣਹਾਰ ਭੁਜੰਗੀਆਂ ਅਤੇ ਬੱਚੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਅਤੇ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਵਿੱਚੋਂ ਸਿਲਵਰ ਤਗ਼ਮਾ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਪੱਧਰ ’ਤੇ ਗਤਕਾ ਮੁਕਾਬਲਿਆਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਵਾਲੇ ਪਿੰਡ ਮੱਲਵਾਲਾ ਦੇ ਲੜਕੇ ਅਤੇ ਲੜਕੀਆਂ ਅੱਜ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੂਰਨ ਸ਼ਰਧਾ ਸਹਿਤ ਨਤਮਸਤਕ ਹੋਏ। ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਗਤਕੇ ਦੇ ਇਨ੍ਹਾਂ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਿੰਘ ਸਾਹਿਬ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਗਤਕਾ ਸਿਰਫ਼ ਇੱਕ ਖੇਡ ਨਹੀਂ, ਸਗੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਕੀਤੀ ਗਈ ਮੀਰੀ-ਪੀਰੀ ਦੀ ਅਨਮੋਲ ਵਿਰਾਸਤ ਅਤੇ ਜੰਗਜੂ ਕਲਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ, ਖ਼ਾਸ ਕਰਕੇ ਲੜਕੀਆਂ ਵੱਲੋਂ ਸ਼ਸਤਰ ਵਿੱਦਿਆ ਗਤਕੇ ਵੱਲ ਪ੍ਰੇਰਿਤ ਹੋਣਾ ਬੇਹੱਦ ਫ਼ਖ਼ਰ ਵਾਲੀ ਗੱਲ ਹੈ। ਇਹ ਕਲਾ ਜਿੱਥੇ ਆਤਮ-ਰੱਖਿਆ ਅਤੇ ਅਨੁਸ਼ਾਸਨ ਸਿਖਾਉਂਦੀ ਹੈ, ਉੱਥੇ ਹੀ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜ ਕੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਵੀ ਦੂਰ ਰੱਖਦੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਪੱਧਰ ’ਤੇ ਸੋਨ ਤਗ਼ਮਾ ਜਿੱਤਣ ਉਪਰੰਤ ਇਹ ਹੋਣਹਾਰ ਗਤਕਾ ਖਿਡਾਰੀ ਹੁਣ ਅਗਲੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਜੌਹਰ ਦਿਖਾਉਣ ਲਈ ਜਾ ਰਹੇ ਹਨ। ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਖਿਡਾਰੀਆਂ, ਉਨ੍ਹਾਂ ਦੇ ਗਤਕਾ ਉਸਤਾਦਾਂ (ਕੋਚ ਸਾਹਿਬਾਨ) ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਉਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਵੀ ਮੋਹਰੀ ਰਹਿ ਕੇ ਜਿੱਤਾਂ ਦਰਜ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜੇਤੂ ਗਤਕਾ ਦਲ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨੇ ਤਖ਼ਤ ਸਾਹਿਬ ਵਿਖੇ ਮਿਲੇ ਸਤਿਕਾਰ ਲਈ ਸਿੰਘ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਪੰਥਕ ਵਿਰਾਸਤ ਨੂੰ ਖੇਡ ਜਗਤ ਵਿੱਚ ਉੱਚਾ ਚੁੱਕਣ ਦਾ ਅਹਿਦ ਲਿਆ। ਇਸ ਮੌਕੇ ਸ. ਨਰਿੰਦਰਜੀਤ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਸ. ਭੋਲਾ ਸਿੰਘ ਇੰਚਾਰ ਸਬ ਆਫਿਸ ਧਰਮ ਪ੍ਰਚਾਰ ਕਮੇਟੀ, ਗਿਆਨੀ ਗੁਰਜੰਟ ਸਿੰਘ, ਸ. ਮੱਘਰ ਸਿੰਘ, ਸ. ਨਾਇਬ ਸਿੰਘ, ਸ. ਚਾਨਣ ਸਿੰਘ, ਸ. ਬੋਗਾ ਸਿੰਘ, ਸ. ਬਲਵਿੰਦਰ ਸਿੰਘ ਅਤੇ ਸ. ਪ੍ਰਗਟ ਸਿੰਘ ਹਾਜ਼ਰ ਸਨ।