Delhi Accident: ਤੇਜ਼ ਰਫ਼ਤਾਰ SUV ਨੇ ਆਟੋ-ਰਿਕਸ਼ਾ ਨੂੰ ਮਾਰੀ ਟੱਕਰ, ਦੋ ਦੀ ਮੌਤ ਤੇ ਛੇ ਜ਼ਖ਼ਮੀ

Delhi Accident: ਤੇਜ਼ ਰਫ਼ਤਾਰ SUV ਨੇ ਆਟੋ-ਰਿਕਸ਼ਾ ਨੂੰ ਮਾਰੀ ਟੱਕਰ, ਦੋ ਦੀ ਮੌਤ ਤੇ ਛੇ ਜ਼ਖ਼ਮੀ

Delhi Accident: ਉੱਤਰੀ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਵਿੱਚ ਤੇਜ਼ ਰਫ਼ਤਾਰ SUV ਦੀ ਆਟੋ-ਰਿਕਸ਼ਾ ਨਾਲ ਟੱਕਰ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਹਾਦਸੇ ਸਬੰਧੀ ਜਾਣਕਾਰੀ ਦਿੱਤੀ।

ਇਹ ਹਾਦਸਾ 17 ਅਤੇ 18 ਨਵੰਬਰ ਦੀ ਦਰਮਿਆਨੀ ਰਾਤ ਨੂੰ ਯੁਧਿਸ਼ਠਿਰ ਸੇਤੂ (ਪੁਲ) ’ਤੇ ਵਾਪਰਿਆ। ਇਹ ਇਲਾਕਾ ਕਸ਼ਮੀਰੀ ਗੇਟ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।

ਦਿੱਲੀ ਪੁਲਿਸ ਅਨੁਸਾਰ, ਤੇਜ਼ ਰਫ਼ਤਾਰ ਚਿੱਟੇ ਰੰਗ ਦੀ SUV ਨੇ ਤਿੰਨ ਸੀਟਾਂ ਵਾਲੇ ਆਟੋ-ਰਿਕਸ਼ਾ (TSR) ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਆਟੋ ਵਿੱਚ ਸਵਾਰ ਲੋਕਾਂ ਸਮੇਤ ਕੁੱਲ ਅੱਠ ਵਿਅਕਤੀ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿੱਚੋਂ ਕੁਝ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦੋ ਦੀ ਮੌਤ

ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਸੀ ਅਤੇ ਉਨ੍ਹਾਂ ਨੂੰ ਅਗਲੇਰੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਬੁੱਧਵਾਰ ਨੂੰ ਦੋਵਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਫਿਲਹਾਲ ਉਨ੍ਹਾਂ ਦੀ ਪਛਾਣ ਅਧਿਕਾਰਤ ਤੌਰ ’ਤੇ ਜਨਤਕ ਨਹੀਂ ਕੀਤੀ ਗਈ ਹੈ।

ਸ਼ੁਰੂਆਤ ਵਿੱਚ ਪੁਲਿਸ ਨੇ ਇਸ ਹਾਦਸੇ ਸਬੰਧੀ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 281 ਅਤੇ 125A ਤਹਿਤ ਐੱਫ.ਆਈ.ਆਰ. ਦਰਜ ਕੀਤੀ ਸੀ।

ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਐੱਫ.ਆਈ.ਆਰ. ਵਿੱਚ BNS ਦੀ ਧਾਰਾ 105 ਵੀ ਜੋੜ ਦਿੱਤੀ ਗਈ ਹੈ। ਇਹ ਧਾਰਾ ਗੈਰ-ਇਰਾਦਾਤਨ ਹੱਤਿਆ ਨਾਲ ਸਬੰਧਤ ਹੈ, ਜੋ ਕਤਲ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੀ।

ਪੁਲਿਸ ਵੱਲੋਂ ਹਾਦਸੇ ਵਿੱਚ ਸ਼ਾਮਲ SUV ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਟੱਕਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।