ਆਸਟਰੇਲੀਆ ’ਚ 1920 ਵਿੱਚ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅਖੰਡ ਪਾਠ, ਇਤਿਹਾਸਕ ਘੋੜਾ-ਬੱਘੀ ਵੀ ਮਿਲੀ

ਆਸਟਰੇਲੀਆ ’ਚ 1920 ਵਿੱਚ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅਖੰਡ ਪਾਠ, ਇਤਿਹਾਸਕ ਘੋੜਾ-ਬੱਘੀ ਵੀ ਮਿਲੀ

ਆਸਟਰੇਲੀਆ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਵਨ ਸਰੂਪ ਸਾਲ 1920 ਵਿੱਚ ਲਿਆਂਦਾ ਗਿਆ ਸੀ ਅਤੇ ਇਸੇ ਸਾਲ ਵਿਕਟੋਰੀਆ ਦੇ ਪੇਂਡੂ ਖੇਤਰ ਵਿੱਚ ਪਹਿਲਾ ਅਖੰਡ ਪਾਠ ਹੋਇਆ ਸੀ। ਆਸਟਰੇਲੀਆ ਦੇ ਦੋ ਇਤਿਹਾਸਕਾਰਾਂ ਲੈਨ ਕੈਨਾ (Len Kenna) ਅਤੇ ਕ੍ਰਿਸਟਲ ਜੌਰਡਨ (Crystal Jordan) ਨੇ 15 ਸਾਲਾਂ ਤੋਂ ਵੱਧ ਸਮੇਂ ਦੀ ਖੋਜ ਮਗਰੋਂ ਇਸ ਇਤਿਹਾਸ ਨਾਲ ਜੁੜੇ ਅਸਥਾਨਾਂ ਅਤੇ ਉਸ ਘੋੜਾ-ਬੱਘੀ ਦਾ ਵੀ ਪਤਾ ਲਗਾਇਆ ਹੈ, ਜਿਸ ਵਿੱਚ ਪਾਵਨ ਸਰੂਪ ਨੂੰ ਸਤਿਕਾਰ ਸਹਿਤ ਲਿਜਾਇਆ ਜਾਂਦਾ ਸੀ।

85 ਸਾਲਾ ਲੈਨ ਕੈਨਾ ਅਤੇ 80 ਸਾਲਾ ਕ੍ਰਿਸਟਲ ਜੌਰਡਨ ਨੇ ਆਸਟਰੇਲੀਆ ਵਿੱਚ ਸਿੱਖਾਂ ਅਤੇ ਹੋਰ ਭਾਰਤੀਆਂ ਦੇ ਇਤਿਹਾਸ ਨੂੰ ਦਸਤਾਵੇਜ਼ੀ ਰੂਪ ਦੇਣ ਲਈ 1985 ਤੋਂ ਖੋਜ ਕੀਤੀ ਹੈ। ਉਨ੍ਹਾਂ ਦੀ ਨਵੀਂ ਪੁਸਤਕ ‘ਸਿਵਾਸਿੰਘ ਬੇਨਾਲਾ’ (Siva Singh Benalla) ਵਿੱਚ ਇਸ ਖੋਜ ਨਾਲ ਜੁੜੇ ਵੇਰਵੇ ਦਰਜ ਹਨ। ਪੁਸਤਕ ਵਿਕਟੋਰੀਆ ਦੇ ਬੇਨਾਲਾ ਵਿੱਚ ‘ਟੂਮਾਰੋ ਟੂਡੇ ਫਾਊਂਡੇਸ਼ਨ’ ਵਿਖੇ ਜਾਰੀ ਕੀਤੀ ਗਈ।

ਸਿਵਾ ਸਿੰਘ ਬੇਨਾਲਾ ਦੀ ਧਾਰਮਿਕ ਸੇਵਾ ਦਾ ਜ਼ਿਕਰ

ਕ੍ਰਿਸਟਲ ਜੌਰਡਨ ਨੇ ‘ਟ੍ਰਿਬਿਊਨ’ ਨਾਲ ਈਮੇਲ ਰਾਹੀਂ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਆਸਟਰੇਲੀਆ ਵਿੱਚ ਪਹਿਲਾ ਅਖੰਡ ਪਾਠ 1920 ਵਿੱਚ ਵਿਕਟੋਰੀਆ ਦੇ ਪੇਂਡੂ ਖੇਤਰ ਵਿੱਚ ਹੋਇਆ ਸੀ। ਇਸ ਸਮਾਗਮ ਨਾਲ ਸਬੰਧਤ ਇੱਕ ਤਸਵੀਰ ਵੀ ਸੁਰੱਖਿਅਤ ਹੈ।

ਇਹ ਪੁਸਤਕ ਸਿਵਾ ਸਿੰਘ ਬੇਨਾਲਾ ਦੇ ਜੀਵਨ ’ਤੇ ਆਧਾਰਿਤ ਹੈ। ਉਹ ਇੱਕ ਫੇਰੀਵਾਲੇ ਅਤੇ ਕਿਸਾਨ ਸਨ, ਜੋ ਲਗਭਗ 1897 ਤੋਂ 1955 ਵਿੱਚ ਆਪਣੇ ਅਕਾਲ ਚਲਾਣੇ ਤੱਕ ਬੇਨਾਲਾ ਜ਼ਿਲ੍ਹੇ ਵਿੱਚ ਰਹੇ। ਉਹ ਇਲਾਕੇ ਦੇ ਸਿੱਖ ਭਾਈਚਾਰੇ ਲਈ ਧਾਰਮਿਕ ਆਗੂ ਵਜੋਂ ਸੇਵਾ ਨਿਭਾਉਂਦੇ ਸਨ। ਉਹ ਅਰਦਾਸਾਂ ਕਰਵਾਉਂਦੇ ਅਤੇ ਉੱਤਰ-ਪੂਰਬੀ ਵਿਕਟੋਰੀਆ ਵਿੱਚ ਸਸਕਾਰ ਦੀਆਂ ਰਸਮਾਂ ਪੂਰੀਆਂ ਕਰਦੇ ਸਨ।

ਸਿਵਾ ਸਿੰਘ ਬੇਨਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਪਣੀ ਘੋੜਾ-ਬੱਘੀ ਵਿੱਚ ਪੂਰੇ ਅਦਬ ਨਾਲ ਲੈ ਕੇ ਜਾਂਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਇੱਕ ਸਥਾਨਕ ਕਿਸਾਨ ਨੇ ਇਸ ਬੱਘੀ ਨੂੰ ਸੰਭਾਲ ਕੇ ਰੱਖਿਆ। ਕ੍ਰਿਸਟਲ ਜੌਰਡਨ ਅਨੁਸਾਰ ਹੁਣ ਇਸ ਪਵਿੱਤਰ ਬੱਘੀ ਦੀ ਸੰਭਾਲ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਬੇਨਾਲਾ ਵਿੱਚ ਪੱਕੀ ਨੁਮਾਇਸ਼ ਲਈ ਰੱਖਿਆ ਜਾਵੇਗਾ।

ਬੇਨਾਲਾ ਕੌਂਸਲ ਨੇ ਸਿਵਾ ਸਿੰਘ ਦੇ ਸਨਮਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਠ ਦੀ ਯਾਦ ਵਿੱਚ ਇੱਕ ਕੇਂਦਰੀ ਪਾਰਕ ਵਿੱਚ ਯਾਦਗਾਰ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਹੈ।

1985 ਵਿੱਚ ਸ਼ੁਰੂ ਕੀਤੀ ਸੀ ਇਤਿਹਾਸ ਦੀ ਖੋਜ

ਕ੍ਰਿਸਟਲ ਜੌਰਡਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ 1985 ਵਿੱਚ ਖੋਜ ਦਾ ਕੰਮ ਸ਼ੁਰੂ ਕੀਤਾ ਸੀ, ਉਸ ਸਮੇਂ ਆਸਟਰੇਲੀਆ ਵਿੱਚ ਭਾਰਤੀਆਂ ਦੇ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਸੀ। ਲੈਨ ਕੈਨਾ ਨੂੰ ਇਸ ਕੰਮ ਦੀ ਪ੍ਰੇਰਨਾ ਬਚਪਨ ਵਿੱਚ ਮਿਲੀ ਸੀ। ਹੈਮਿਲਟਨ, ਵਿਕਟੋਰੀਆ ਵਿੱਚ ਉਨ੍ਹਾਂ ਦੇ ਘਰ ਇੱਕ ਸਿੱਖ ਫੇਰੀਵਾਲਾ ਅਕਸਰ ਆਉਂਦਾ ਸੀ। ਲੈਨ ਦੀ ਮਾਂ ਉਸ ਕੋਲੋਂ ਸਾਮਾਨ ਖ਼ਰੀਦਦੀ ਅਤੇ ਉਸ ਦੀਆਂ ਦਸਤਾਰਾਂ ਧੋਂਦੀ ਸੀ। ਇਸ ਦੇ ਬਦਲੇ ਉਹ ਬਜ਼ੁਰਗ ਪਰਿਵਾਰ ਲਈ ਸ਼ਾਮ ਦਾ ਖਾਣਾ ਬਣਾਉਂਦਾ ਅਤੇ ਭਾਰਤ ਦੀਆਂ ਕਹਾਣੀਆਂ ਸੁਣਾਉਂਦਾ ਸੀ।

ਦੂਜੇ ਪਾਸੇ, ਕ੍ਰਿਸਟਲ ਜੌਰਡਨ ਦੇ ਪਿਤਾ ਦਾ ਜਨਮ 1912 ਵਿੱਚ ਬਰੇਲੀ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਸਮੇਂ ਉਨ੍ਹਾਂ ਦੇ ਦਾਦਾ ਬ੍ਰਿਟਿਸ਼ ਫ਼ੌਜ ਵਿੱਚ ਤਾਇਨਾਤ ਸਨ।

ਖੋਜ ਦੇ ਸ਼ੁਰੂਆਤੀ ਦੌਰ ਵਿੱਚ ਇੰਟਰਨੈੱਟ ਅਤੇ ਮੋਬਾਈਲ ਫ਼ੋਨਾਂ ਦੀ ਸਹੂਲਤ ਤੋਂ ਬਿਨਾਂ ਲੈਨ ਕੈਨਾ ਨੇ ਟਾਈਪਰਾਈਟਰ ’ਤੇ ਕੰਮ ਕਰਦਿਆਂ ਆਸਟਰੇਲੀਆਈ ਪੁਰਾਲੇਖਾਂ ਅਤੇ ਲੰਡਨ ਸਥਿਤ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਈਸਟ ਇੰਡੀਆ ਕੰਪਨੀ ਦੇ ਰਿਕਾਰਡਾਂ ਦੀ ਜਾਂਚ ਕੀਤੀ। ਸਾਲ 2000 ਵਿੱਚ ਵਿਕਟੋਰੀਆ ਸਰਕਾਰ ਨੇ ਉਨ੍ਹਾਂ ਨੂੰ ਇਹ ਇਤਿਹਾਸ ਲਿਖਣ ਦੀ ਜ਼ਿੰਮੇਵਾਰੀ ਸੌਂਪੀ ਸੀ, ਤਾਂ ਜੋ ਨਸਲਵਾਦ ਘਟਾਇਆ ਜਾ ਸਕੇ।

ਆਸਟਰੇਲੀਆਈ-ਭਾਰਤੀ ਇਤਿਹਾਸ ਨੂੰ ਦਸਤਾਵੇਜ਼ੀ ਰੂਪ ਦੇਣ ਦੇ ਯਤਨ

ਸਾਲ 2012 ਵਿੱਚ ਚਾਰ ਗੁਰਦੁਆਰਿਆਂ ਦੇ ਸਹਿਯੋਗ ਨਾਲ ‘ਆਸਟਰੇਲੀਅਨ ਇੰਡੀਅਨ ਹਿਸਟੋਰੀਕਲ ਸੁਸਾਇਟੀ’ ਬਣਾਈ ਗਈ। ਲੈਨ ਕੈਨਾ ਅਤੇ ਕ੍ਰਿਸਟਲ ਜੌਰਡਨ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿੱਚ ਪੰਜ ਜਿਲਦਾਂ ਵਾਲੀ ਲੜੀ ਅਤੇ 2019 ਵਿੱਚ ਅੰਗਰੇਜ਼ੀ ਤੇ ਪੰਜਾਬੀ ਵਿੱਚ ਛਪੀ ‘ਸਿੱਖ ਹਿਸਟਰੀ ਇਨ ਆਸਟਰੇਲੀਆ’ ਵੀ ਸ਼ਾਮਲ ਹੈ।

ਸਾਲ 2010 ਵਿੱਚ ਇਸ ਜੋੜੇ ਨੇ ਵਾਰਨਾਮਬੂਲ ਵਿੱਚੋਂ ਪੂਰਨ ਸਿੰਘ ਦੀਆਂ ਅਸਥੀਆਂ ਲੱਭੀਆਂ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਉੱਪਲ ਭੂਪਾ ਲਿਆਂਦਾ। ਇਸ ਤੋਂ ਬਾਅਦ ਅਸਥੀਆਂ ਨੂੰ ਹਰਿਦੁਆਰ ਲਿਜਾ ਕੇ ਗੰਗਾ ਵਿੱਚ ਜਲ-ਪ੍ਰਵਾਹ ਕੀਤਾ ਗਿਆ।

ਇਸ ਜੋੜੇ ਨੇ ਆਪਣੀ ਪੈਨਸ਼ਨ ਦੇ ਪੈਸਿਆਂ ਨਾਲ ਪਹਿਲੇ ਵਿਸ਼ਵ ਯੁੱਧ ਵਿੱਚ ਸੇਵਾ ਨਿਭਾਉਣ ਵਾਲੇ ਭਾਰਤੀ-ਆਸਟਰੇਲੀਆਈ ਫ਼ੌਜੀ ਪ੍ਰਾਈਵੇਟ ਗਣੇਸ਼ਾ ਸਿੰਘ ਦੇ ਤਗ਼ਮੇ ਖ਼ਰੀਦੇ ਅਤੇ ਉਨ੍ਹਾਂ ਨੂੰ ਵਾਪਸ ਦੇਸ਼ ਲਿਆਂਦਾ। ਉਨ੍ਹਾਂ ਨੇ ਕਈ ਪ੍ਰਚਲਿਤ ਧਾਰਨਾਵਾਂ ਨੂੰ ਵੀ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪਹਿਲੇ ਸਿੱਖ 1844 ਵਿੱਚ ਦਾਬੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੇ ਰੂਪ ਵਿੱਚ ਕੁਈਨਜ਼ਲੈਂਡ ਪਹੁੰਚੇ ਸਨ। ਉਨ੍ਹਾਂ ਇਹ ਵੀ ਸਾਬਤ ਕਰਨ ਦਾ ਦਾਅਵਾ ਕੀਤਾ ਕਿ ਆਸਟਰੇਲੀਆ ਦੇ ਸ਼ੁਰੂਆਤੀ ਵਿਕਾਸ ਵਿੱਚ ਭਾਰਤ ਦਾ ਯੋਗਦਾਨ ਬਰਤਾਨੀਆ ਦੇ ਬਰਾਬਰ ਰਿਹਾ ਹੈ।

ਇਸ ਬਜ਼ੁਰਗ ਖੋਜੀ ਜੋੜੇ ਨੂੰ ਉਮੀਦ ਹੈ ਕਿ ਉਨ੍ਹਾਂ ਵੱਲੋਂ ਇਕੱਠਾ ਕੀਤਾ ਗਿਆ ਵਿਸ਼ਾਲ ਇਤਿਹਾਸਕ ਸੰਗ੍ਰਹਿ ਜਲਦੀ ਹੀ ਵਿਕਟੋਰੀਆ ਦੇ ਕਿਸੇ ਅਜਾਇਬ ਘਰ ਵਿੱਚ ਸਥਾਈ ਤੌਰ ’ਤੇ ਸੰਭਾਲਿਆ ਜਾਵੇਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਸਾਂਝੇ ਵਿਰਸੇ ਬਾਰੇ ਜਾਣ ਸਕਣ।