ਮਾਨਸਾ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਮਗਰੋਂ ਤਣਾਅ, ਲੱਖਾ ਸਿਧਾਣਾ, ਭਾਨਾ ਸਿੱਧੂ ਤੇ ਮੋਹਨਜੀਤ ਸ਼ੇਰੋਂ ਪੁਲਿਸ ਹਿਰਾਸਤ ’ਚ
- ਪੰਜਾਬ
- (Asia/Kolkata)
ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿੱਚ ਨੌਜਵਾਨ ਦਲਜੀਤ ਸਿੰਘ (32) ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਮੌਤ ਤੋਂ ਬਾਅਦ ਰੋਸ ਵਧ ਗਿਆ। ਮ੍ਰਿਤਕ ਦੀ ਲਾਸ਼ ਨੂੰ ਮਾਨਸਾ ਵਿੱਚ ਪਰਵਿੰਦਰ ਝੋਟਾ ਦੇ ਇਨਸਾਫ਼ ਲਈ ਚੱਲ ਰਹੇ ਧਰਨੇ ਵਾਲੀ ਥਾਂ ’ਤੇ ਲਿਜਾਣ ਨੂੰ ਲੈ ਕੇ ਪੁਲਿਸ ਅਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਪੁਲਿਸ ਨੇ ਲੱਖਾ ਸਿਧਾਣਾ, ਭਾਨਾ ਸਿੱਧੂ, ਮੋਹਨਜੀਤ ਸ਼ੇਰੋਂ ਅਤੇ ਹੋਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਨੇ ਦਲਜੀਤ ਸਿੰਘ ਨੂੰ ਗੱਡੀ ਵਿੱਚੋਂ ਬਾਹਰ ਸੁੱਟਣ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਲਾਸ਼ ਧਰਨੇ ਵਿੱਚ ਲਿਜਾਣ ਨੂੰ ਲੈ ਕੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅ
ਜਾਣਕਾਰੀ ਅਨੁਸਾਰ, ਮੰਗਲਵਾਰ ਦੁਪਹਿਰ ਪਿੰਡ ਭੰਮੇ ਕਲਾਂ ਵਿੱਚ ਦਲਜੀਤ ਸਿੰਘ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਲਾਸ਼ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਰੱਖ ਕੇ ਧਰਨਾ ਲਗਾ ਦਿੱਤਾ। ਇਸ ਦੌਰਾਨ ਪਰਵਿੰਦਰ ਝੋਟਾ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਵਿੱਚ ਚੱਲ ਰਹੇ ਧਰਨੇ ਤੋਂ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਅਤੇ ਹੋਰ ਜਥੇਬੰਦੀਆਂ ਦੇ ਆਗੂ ਵੀ ਉੱਥੇ ਪਹੁੰਚ ਗਏ।
ਜਥੇਬੰਦਕ ਆਗੂ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਮਾਨਸਾ ਧਰਨੇ ਵਾਲੀ ਥਾਂ ’ਤੇ ਲਿਜਾਣਾ ਚਾਹੁੰਦੇ ਸਨ। ਇਸ ਨੂੰ ਰੋਕਣ ਲਈ ਪੁਲਿਸ ਨੇ ਸਿਰਸਾ ਰੋਡ ਅਤੇ ਰਮਦਿੱਤੇਵਾਲਾ ਚੌਕ ਵਿੱਚ ਟਰੱਕ ਖੜ੍ਹੇ ਕਰ ਕੇ ਰਸਤੇ ਬੰਦ ਕਰ ਦਿੱਤੇ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ।
ਰਮਦਿੱਤੇਵਾਲਾ ਚੌਕ ਵਿਖੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਅਤੇ ਧੱਕਾ-ਮੁੱਕੀ ਹੋਈ। ਰਿਪੋਰਟਾਂ ਅਨੁਸਾਰ, ਪੁਲਿਸ ਨੇ ਨਿਹੰਗ ਸਿੰਘਾਂ ’ਤੇ ਲਾਠੀਚਾਰਜ ਕੀਤਾ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਵਾਲੀ ਥਾਂ ਤੋਂ ਹਟਾ ਕੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ। ਦੇਰ ਸ਼ਾਮ ਤੱਕ ਲਾਸ਼ ਨੂੰ ਲੈ ਕੇ ਪੁਲਿਸ ਅਤੇ ਲੋਕਾਂ ਵਿਚਾਲੇ ਤਣਾਅ ਬਣਿਆ ਰਿਹਾ।
ਦਲਜੀਤ ਸਿੰਘ ਦੀ ਮੌਤ ਕਿਵੇਂ ਹੋਈ?
ਜਾਣਕਾਰੀ ਅਨੁਸਾਰ, ਪਿੰਡ ਭੰਮੇ ਕਲਾਂ ਦਾ ਰਹਿਣ ਵਾਲਾ ਦਲਜੀਤ ਸਿੰਘ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਮੰਗਲਵਾਰ ਸਵੇਰੇ ਉਸ ਨੇ ਆਪਣੀ ਧੀ ਨੂੰ ਪਿੰਡ ਦੇ ਬੱਸ ਅੱਡੇ ਤੋਂ ਸਕੂਲ ਵੈਨ ਵਿੱਚ ਬਿਠਾਇਆ ਅਤੇ ਇਸ ਤੋਂ ਬਾਅਦ ਕੁਝ ਵਿਅਕਤੀਆਂ ਨਾਲ ਕਿਤੇ ਚਲਾ ਗਿਆ।
ਕਥਿਤ ਤੌਰ ’ਤੇ ਦਲਜੀਤ ਸਿੰਘ ਨੇ ਉਨ੍ਹਾਂ ਵਿਅਕਤੀਆਂ ਨਾਲ ਨਸ਼ਾ ਕੀਤਾ। ਉਸ ਦੀ ਹਾਲਤ ਵਿਗੜਨ ਮਗਰੋਂ ਉਹ ਵਿਅਕਤੀ ਉਸ ਨੂੰ ਪਿੰਡ ਭੰਮੇ ਕਲਾਂ ਦੇ ਬੱਸ ਅੱਡੇ ਨੇੜੇ ਸੜਕ ’ਤੇ ਸੁੱਟ ਕੇ ਚਲੇ ਗਏ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਥੇਬੰਦਕ ਆਗੂਆਂ ਦਾ ਦੋਸ਼ ਹੈ ਕਿ ਇਲਾਕੇ ਵਿੱਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ ਅਤੇ ਦਲਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਦਲਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਬੱਬੂ ਨਾਮ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।
ਪੁਲਿਸ ਵੱਲੋਂ ਜਾਂਚ ਅਤੇ ਛਾਪੇਮਾਰੀ
ਥਾਣਾ ਝੁਨੀਰ ਦੇ ਮੁਖੀ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦਲਜੀਤ ਸਿੰਘ ਦੇ ਨਾਲ ਗਏ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮਾਹੌਲ ਖ਼ਰਾਬ ਕਰਨ ਜਾਂ ਕਾਨੂੰਨ-ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ
ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੇ ਕਿਹਾ ਕਿ ਝੋਟਾ ਦੇ ਕਤਲ ਤੋਂ ਬਾਅਦ ਵੀ ਨਸ਼ਿਆਂ ਦਾ ਪ੍ਰਚਲਨ ਨਹੀਂ ਰੁਕਿਆ। ਉਨ੍ਹਾਂ ਦਲਜੀਤ ਸਿੰਘ ਦੀ ਮੌਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਸ਼ਿਆਂ ਬਾਰੇ ਜ਼ਮੀਨੀ ਹਕੀਕਤ ਪੰਜਾਬ ਸਰਕਾਰ ਦੇ ਦਾਅਵਿਆਂ ਤੋਂ ਵੱਖਰੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਦਲਜੀਤ ਸਿੰਘ ਦੀ ਲਾਸ਼ ਨੂੰ ਮਾਨਸਾ ਧਰਨੇ ਵਿੱਚ ਲਿਜਾਣ ਤੋਂ ਰੋਕਣ ਲਈ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਨੇ ਪੂਰਾ ਜ਼ੋਰ ਲਾਇਆ ਹੈ, ਤਾਂ ਜੋ ਲੋਕਾਂ ਦਾ ਰੋਸ ਨਾ ਵਧੇ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਹੋਈਆਂ ਮੌਤਾਂ ਦੇ ਮਾਮਲਿਆਂ ਨੂੰ ਧੱਕੇਸ਼ਾਹੀ ਨਾਲ ਦਬਾਇਆ ਨਹੀਂ ਜਾ ਸਕਦਾ।
```