PM ਮੋਦੀ ਮਨਪ੍ਰੀਤ ਬਾਦਲ ਦੀ ਧੀ ਰੀਆ ਦੇ ਰਿਸੈਪਸ਼ਨ ਸਮਾਗਮ ’ਚ ਪਹੁੰਚੇ, ਸੁਖਬੀਰ ਤੇ ਹਰਸਿਮਰਤ ਵੀ ਰਹੇ ਮੌਜੂਦ

PM ਮੋਦੀ ਮਨਪ੍ਰੀਤ ਬਾਦਲ ਦੀ ਧੀ ਰੀਆ ਦੇ ਰਿਸੈਪਸ਼ਨ ਸਮਾਗਮ ’ਚ ਪਹੁੰਚੇ, ਸੁਖਬੀਰ ਤੇ ਹਰਸਿਮਰਤ ਵੀ ਰਹੇ ਮੌਜੂਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦੇ ਵਿਆਹ ਦੇ ਰਿਸੈਪਸ਼ਨ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੇ।

ਰੀਆ ਬਾਦਲ ਦਾ ਵਿਆਹ ਕਾਂਗਰਸ ਦੇ ਦਿੱਗਜ ਆਗੂ ਕਰਨ ਸਿੰਘ ਦੇ ਪੋਤੇ ਆਰ. ਕੇ. ਮਾਰਤੰਡ ਸਿੰਘ ਨਾਲ ਹੋਇਆ ਹੈ। ਦਿਨ ਵੇਲੇ ਹੋਏ ਵਿਆਹ ਤੋਂ ਤੁਰੰਤ ਬਾਅਦ ਰਿਸੈਪਸ਼ਨ ਸਮਾਗਮ ਰੱਖਿਆ ਗਿਆ ਸੀ। ਇਸ ਦੌਰਾਨ ਲਾੜਾ ਅਤੇ ਉਨ੍ਹਾਂ ਦੇ ਪਿਤਾ ਸ਼ਾਹੀ ਪਹਿਰਾਵੇ ਵਿੱਚ ਨਜ਼ਰ ਆਏ।

ਕਈ ਸੀਨੀਅਰ ਆਗੂਆਂ ਅਤੇ ਸ਼ਾਹੀ ਘਰਾਣਿਆਂ ਨੇ ਕੀਤੀ ਸ਼ਿਰਕਤ

ਸਮਾਗਮ ਵਿੱਚ ਭਾਜਪਾ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਕਈ ਹਾਈ-ਪ੍ਰੋਫਾਈਲ ਸ਼ਖ਼ਸੀਅਤਾਂ ਅਤੇ ਸੀਨੀਅਰ ਮੰਤਰੀ ਸ਼ਾਮਲ ਹੋਏ। ਮਹਿਮਾਨਾਂ ਦੀ ਸੂਚੀ ਵਿੱਚ ਹਿਮਾਚਲ, ਸਿੰਧੀਆ ਅਤੇ ਜੰਮੂ ਦੇ ਸ਼ਾਹੀ ਘਰਾਣਿਆਂ ਦੇ ਮੈਂਬਰ ਵੀ ਮੌਜੂਦ ਸਨ।

ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ, ਮੰਤਰੀ ਜਯੋਤਿਰਆਦਿੱਤਿਆ ਸਿੰਧੀਆ ਅਤੇ ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਸਮਾਗਮ ਵਿੱਚ ਹਾਜ਼ਰ ਰਹੇ।

ਜੈ ਇੰਦਰ ਕੌਰ ਦੀ ਨਿੱਜੀ ਰਿਹਾਇਸ਼ ’ਤੇ ਹੋਇਆ ਰਿਸੈਪਸ਼ਨ

ਇਹ ਰਿਸੈਪਸ਼ਨ ਲੁਟੀਅਨਜ਼ ਦਿੱਲੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਦੀ ਨਿੱਜੀ ਰਿਹਾਇਸ਼ ’ਤੇ ਕਰਵਾਇਆ ਗਿਆ ਸੀ। ਜੈ ਇੰਦਰ ਕੌਰ ਦੇ ਪੁੱਤਰ ਨਿਰਵਾਨ ਸਿੰਘ ਦਾ ਵਿਆਹ ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਸਿੰਘ ਨਾਲ ਹੋਇਆ ਹੈ।

ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਉੱਧਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ ਵਿੱਚ ਪਹਿਲਾਂ ਤੋਂ ਨਿਰਧਾਰਤ ਰੁਝੇਵਿਆਂ ਕਾਰਨ ਸਮਾਗਮ ਵਿੱਚ ਨਹੀਂ ਪਹੁੰਚ ਸਕੇ।

```