ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ, ਨਾਮ ਬਦਲਣ ਦੀ ਕੋਈ ਜਰੂਰਤ ਨਹੀਂ - ਐਡਵੋਕੇਟ ਰਾਜਿੰਦਰ ਪਾਲ ਆਨੰਦ।

ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ, ਨਾਮ ਬਦਲਣ ਦੀ  ਕੋਈ ਜਰੂਰਤ ਨਹੀਂ - ਐਡਵੋਕੇਟ ਰਾਜਿੰਦਰ ਪਾਲ ਆਨੰਦ।

ਪਟਿਆਲਾ ਅੱਜ ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ, ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ, ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਹਰਿਆਣਾ ਕਾਂਗਰਸ ਦੇ ਸੰਸਦ ਮੈਂਬਰ ਦੀਪਿਏਦਰ ਹੁੱਡਾ ਦੀ ਪੰਜਾਬ ਯੂਨੀਵਰਸਿਟੀ ਦਾ ਨਾਂ ਬਦਲ ਕੇ ਚੰਡੀਗੜ੍ਹ ਰੱਖਣ ਦੀ ਮੰਗ ਇੱਕ ਬੇਬੁਨਿਆਦ ਮੰਗ ਹੈ। ਜੋ ਕਿ ਪੰਜਾਬ ਅਤੇ ਪੰਜਾਬੀਆਂ ਦੀ ਵਿਰਾਸਤ ਅਤੇ ਪਛਾਣ ਤੇ ਹਮਲਾ ਹੈ ।ਸ੍ਰੀ ਰਾਜਿੰਦਰ ਪਾਲ ਆਨੰਦ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਅਤੇ ਪੰਜਾਬੀਆਂ ਦੀ ਸੱਭਿਆਚਾਰਕ ਤੇ ਇਤਿਹਾਸਿਕ ਵਿਰਾਸਤ ਹੈ, ਅਤੇ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਗਏ ਸ਼ਹਿਰ ਚੰਡੀਗੜ੍ਹ ਵਿੱਚ ਬਣੀ ਹੋਈ ਹੈ। ਹਰਿਆਣਾ ਦੇ ਕਾਂਗਸੀ ਆਗੂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹੋ ਜਿਹੇ ਮੁੱਦੇ ਖੜੇ ਕਰ ਰਹੇ ਹਨ। ਉਹਨਾਂ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਇਸਦਾ ਮਕਸਦ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਬਜਾਏ ਬੇਲੋੜਾ ਵਿਵਾਦ ਪੈਦਾ ਕਰਨਾ ਹੈ। ਅਮਨ ਸ਼ਾਂਤੀ ਅਤੇ ਭਾਈਚਾਰੇ ਨੂੰ ਕਾਇਮ ਰੱਖਣ ਲਈ ਇਹੋ ਜਿਹੇ ਬੇਬੁਨਿਆਦ ਮੁੱਦਿਆਂ ਤੋਂ ਬਚਣਾ ਚਾਹੀਦਾ ਹੈ। ਜੇਕਰ ਫਿਰ ਵੀ ਪੰਜਾਬ ਨਾਲ ਧੱਕਾ ਕੀਤਾ ਗਿਆ ਤਾਂ ਅਸੀਂ ਇਸ ਮਾਮਲੇ ਵਿੱਚ ਕਿਸੇ ਦੀ ਵੀ ਦਖਲ ਅੰਦਾਜੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਜੇਕਰ ਜਰੂਰੀ ਹੋਇਆ ਤਾਂ ਇਸ ਸਬੰਧੀ ਇਸ ਦੇ ਵਿਰੋਧ ਵਿੱਚ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਏਗਾ। ਹਰਿਆਣਾ ਦੇ ਕੁਝ ਰਾਜਨੀਤਿਕ ਲੀਡਰ ਇਸ ਸਬੰਧੀ ਬੇਲੋੜਾ ਵਿਵਾਦ ਪੈਦਾ ਕਰਨਾ ਚਾਹੁੰਦੇ ਹਨ ਜਦੋਂ ਕਿ ਹਰਿਆਣਾ ਦੇ ਕਾਲਜਾਂ ਨੇ 1973 ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਅਗਵਾਈ ਵਿੱਚ ਸਵੈ ਇੱਛਾ ਨਾਲ ਆਪਣੇ ਆਪ ਨੂੰ ਪੰਜਾਬ ਯੂਨੀਵਰਸਿਟੀ ਤੋਂ ਵੱਖ ਕਰ ਲਿਆ ਸੀ। ਕਰੀਬ 50 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਹਰਿਆਣੇ ਦਾ ਪੰਜਾਬ ਯੂਨੀਵਰਸਿਟੀ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਹਰਿਆਣਾ ਦੇ ਉਹਨਾਂ ਲੋਕਾਂ ਨੂੰ ਜੋ ਇਹ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿਸ ਆਧਾਰ ਤੇ ਪੰਜਾਬ ਯੂਨੀਵਰਸਿਟੀ ਦੀ ਮਾਲਕੀ ਦਾ ਦਾਅਵਾ ਕਰਦੇ ਹਨ ਜਾਂ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਕਰਦੇ ਹਨ ।ਜੇਕਰ ਹਰਿਆਣੇ ਦੇ ਕੁਝ ਲੀਡਰਾਂ ਨੂੰ ਚੰਡੀਗੜ੍ਹ ਨਾਮ ਦੀ ਕੋਈ ਨਵੀਂ ਯੂਨੀਵਰਸਿਟੀ ਚਾਹੀਦੀ ਹੈ ਤਾਂ ਪੰਜਾਬ ਯੂਨੀਵਰਸਿਟੀ ਤੇ ਨਜ਼ਰ ਰੱਖਣ ਦੀ ਬਜਾਏ ਹਰਿਆਣਾ ਨੂੰ ਆਪਣੀ ਵੱਖਰੀ ਯੂਨੀਵਰਸਿਟੀ ਸਥਾਪਤ ਕਰਨੀ ਚਾਹੀਦੀ ਹੈ। ਪੰਜਾਬ ਯੂਨੀਵਰਸਿਟੀ ਸਿਰਫ ਪੰਜਾਬ ਦੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਵਿੱਚ ਅਸੀਂ ਕਦੇ ਵੀ ਕਿਸੇ ਵੀ ਬਾਹਰੀ ਦਖਲ ਅੰਦਾਜੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਨਾ ਹੀ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦਿਆਂਗੇ ਨਾ ਹੀ ਇਸਦੀ ਪਛਾਣ ਨੂੰ ਕਮਜ਼ੋਰ ਕਰਨ ਦੇਵਾਂਗੇ। ਜੇਕਰ ਜਰੂਰਤ ਪਈ ਤਾਂ ਸੜਕਾਂ ਤੇ ਉਤਰ ਕੇ ਇਸ ਦਾ ਸਮੂਹਿਕ ਤੌਰ ਤੇ ਵਿਰੋਧ ਕੀਤਾ ਜਾਏਗਾ।