ਪਟਿਆਲਾ ਤੋਂ ਚੱਲਦੇ ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀਆਂ ਨਾਲ 261 ਕਰੋੜ ਦੀ ਠੱਗੀ; ED ਨੇ 4 ਹੋਰ ਕੀਤੇ ਗ੍ਰਿਫ਼ਤਾਰ

ਪਟਿਆਲਾ ਤੋਂ ਚੱਲਦੇ ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀਆਂ ਨਾਲ 261 ਕਰੋੜ ਦੀ ਠੱਗੀ; ED ਨੇ 4 ਹੋਰ ਕੀਤੇ ਗ੍ਰਿਫ਼ਤਾਰ

ਪਟਿਆਲਾ ਤੋਂ ਚੱਲਦੇ ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀਆਂ ਨਾਲ 261 ਕਰੋੜ ਦੀ ਠੱਗੀ; ED ਨੇ 4 ਹੋਰ ਕੀਤੇ ਗ੍ਰਿਫ਼ਤਾਰ

ਪਟਿਆਲਾ ਤੋਂ ਚੱਲ ਰਹੇ ਫਰਜ਼ੀ ਕਾਲ ਸੈਂਟਰਾਂ ਰਾਹੀਂ ਅਮਰੀਕੀ ਨਾਗਰਿਕਾਂ ਨਾਲ ਕਥਿਤ ਧੋਖਾਧੜੀ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਮੁਤਾਬਕ ਇਸ ਮਾਮਲੇ ਵਿੱਚ ਅਪਰਾਧ ਤੋਂ ਹੋਈ ਕੁੱਲ ਕਮਾਈ 261 ਕਰੋੜ ਰੁਪਏ ਦੱਸੀ ਗਈ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਸ਼ਿਲ ਨਯਨਭਾਈ ਰਾਵਲ, ਜਸਵੰਤ ਸਿੰਘ, ਚੇਤਨ ਮੁੰਜਾਲ ਅਤੇ ਪ੍ਰਣਵ ਪਿਠਾੜੀਆ ਵਜੋਂ ਹੋਈ ਹੈ। ਇਨ੍ਹਾਂ ਨੂੰ ਬੁੱਧਵਾਰ ਨੂੰ ਪਟਿਆਲਾ ਦੇ ਦੋ ਟਿਕਾਣਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ ਸਥਾਨਕ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਨ ਮਗਰੋਂ ED ਉਨ੍ਹਾਂ ਨੂੰ ਹੈਦਰਾਬਾਦ ਲੈ ਗਈ।

ਜਾਂਚ ਮੁਤਾਬਕ ਇਹ ਗਿਰੋਹ ਪਹਿਲਾਂ ਤਿਲੰਗਾਨਾ ਦੇ ਹੈਦਰਾਬਾਦ ਵਿੱਚ ਮਾਧਾਪੁਰ ਇਲਾਕੇ ਤੋਂ ਧੋਖਾਧੜੀ ਵਾਲਾ ਕਾਲ ਸੈਂਟਰ ਚਲਾ ਰਿਹਾ ਸੀ। ਪੁਲੀਸ ਦੀ ਛਾਪੇਮਾਰੀ ਤੋਂ ਬਾਅਦ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਆਪਣਾ ਕੰਮਕਾਜ ਪਟਿਆਲਾ ਵਿੱਚ ਤਬਦੀਲ ਕਰ ਲਿਆ ਸੀ। ਇਹ ਨੈੱਟਵਰਕ ਪਟਿਆਲਾ, ਚੰਡੀਗੜ੍ਹ/ਮੁਹਾਲੀ ਅਤੇ ਹੈਦਰਾਬਾਦ ਤੋਂ ਚੱਲ ਰਿਹਾ ਸੀ।

PMLA ਤਹਿਤ ਕੀਤੀ ਗਈ ਗ੍ਰਿਫ਼ਤਾਰੀ, ਕੁੱਲ ਗਿਣਤੀ 7 ਹੋਈ

ED ਨੇ ਚਾਰਾਂ ਨੂੰ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ, ਉਨ੍ਹਾਂ ਨਾਲ ਧੋਖਾਧੜੀ ਕਰਨ ਅਤੇ ਅਪਰਾਧ ਤੋਂ ਕਮਾਈ ਗਈ ਰਕਮ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਹੇਠ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA), 2002 ਦੀ ਧਾਰਾ 19(1) ਤਹਿਤ ਗ੍ਰਿਫ਼ਤਾਰ ਕੀਤਾ ਹੈ।

ਇਸ ਤੋਂ ਪਹਿਲਾਂ ਵਿਕਾਸ ਨਿਮਾਰ ਨੂੰ 27 ਜੁਲਾਈ, ਤਾਰਾਚੰਦ ਨਿਮਾਰ ਨੂੰ 5 ਅਗਸਤ ਅਤੇ ਇਮਰਾਨ ਅਸਗਰੀ ਨੂੰ 10 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤਾਜ਼ਾ ਗ੍ਰਿਫ਼ਤਾਰੀਆਂ ਨਾਲ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਕੁੱਲ ਗਿਣਤੀ ਸੱਤ ਹੋ ਗਈ ਹੈ।

ਪਟਿਆਲਾ, ਪੁਣੇ ਅਤੇ ਚੰਡੀਗੜ੍ਹ ਵਿੱਚ ਕੀਤੀ ਗਈ ਸੀ ਛਾਪੇਮਾਰੀ

ED ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਏਜੰਸੀ ਨੇ 15 ਸਤੰਬਰ ਨੂੰ PMLA ਦੀ ਧਾਰਾ 17 ਤਹਿਤ ਪਟਿਆਲਾ, ਪੁਣੇ ਅਤੇ ਚੰਡੀਗੜ੍ਹ ਵਿੱਚ ਚਾਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਪਟਿਆਲਾ ਵਿੱਚ ਦੋ ਅਤੇ ਪੁਣੇ ਵਿੱਚ ਇੱਕ ਕਾਲ ਸੈਂਟਰ ਚੱਲਦਾ ਮਿਲਿਆ, ਜਿੱਥੇ ਲਗਪਗ 220 ਵਿਅਕਤੀ ਕੰਮ ਕਰ ਰਹੇ ਸਨ।

ਜਾਂਚ ਵਿੱਚ ਸਾਹਮਣੇ ਆਇਆ ਕਿ ਗਿਰੋਹ ਨੇ ਕਥਿਤ ਤੌਰ ’ਤੇ ਅਪਰਾਧ ਤੋਂ ਕਮਾਏ ਪੈਸੇ ਨੂੰ ਰੀਅਲ ਅਸਟੇਟ, ਸੋਨੇ, ਵਾਹਨਾਂ ਅਤੇ ਵੱਖ-ਵੱਖ ਕਾਰੋਬਾਰਾਂ ਵਿੱਚ ਨਿਵੇਸ਼ ਕੀਤਾ। ਕੁੱਲ ਅਪਰਾਧਕ ਕਮਾਈ 261 ਕਰੋੜ ਰੁਪਏ ਦੱਸੀ ਗਈ ਹੈ। ਇਸ ਰਕਮ ਦਾ ਇੱਕ ਹਿੱਸਾ ਚੰਡੀਗੜ੍ਹ ਦੇ ਆਲੇ-ਦੁਆਲੇ ਰੀਅਲ ਅਸਟੇਟ ਵਿੱਚ ਲਗਾਇਆ ਗਿਆ ਦੱਸਿਆ ਗਿਆ ਹੈ।

20 ਲੱਖ ਅਮਰੀਕੀ ਫੋਨ ਨੰਬਰ ਖਰੀਦ ਕੇ ਬਣਾਇਆ ਨਿਸ਼ਾਨਾ

ਜਾਂਚ ਦੌਰਾਨ ED ਨੇ 79 ਡਿਜੀਟਲ ਉਪਕਰਨਾਂ ਦੀ ਫੋਰੈਂਸਿਕ ਜਾਂਚ ਕੀਤੀ। ਇਨ੍ਹਾਂ ਵਿੱਚੋਂ ਕਾਲ ਸੈਂਟਰ ਦੀਆਂ ਚੈਟਾਂ, ਲੇਜ਼ਰ, ਕਾਲ ਡਾਟਾ, ਪੀੜਤਾਂ ਦੇ ਵੇਰਵੇ ਅਤੇ ਕ੍ਰਿਪਟੋਕਰੰਸੀ ਵਾਲਿਟ ਬਰਾਮਦ ਕੀਤੇ ਗਏ। ਛਾਪੇਮਾਰੀ ਦੌਰਾਨ ਪਟਿਆਲਾ ਤੋਂ ਜਾਅਲੀ ਸਰਕਾਰੀ ਦਸਤਾਵੇਜ਼ ਅਤੇ ਜਾਅਲੀ ਸ਼ਨਾਖਤੀ ਕਾਰਡ ਵੀ ਜ਼ਬਤ ਕੀਤੇ ਗਏ।

ED ਅਧਿਕਾਰੀਆਂ ਮੁਤਾਬਕ ਗਿਰੋਹ ਨੇ ਕਥਿਤ ਤੌਰ ’ਤੇ ਵਿਅਕਤੀਆਂ ਦੇ ਨਾਂ, ਪਤੇ ਅਤੇ ਉਮਰ ਸਮੇਤ ਲਗਭਗ 20 ਲੱਖ ਅਮਰੀਕੀ ਟੈਲੀਫ਼ੋਨ ਨੰਬਰ ਖਰੀਦੇ ਸਨ। ਇਨ੍ਹਾਂ ਵਿੱਚੋਂ ਕਈ ਨਿਸ਼ਾਨਾ ਬਣਾਏ ਗਏ ਵਿਅਕਤੀ ਬਜ਼ੁਰਗ ਨਾਗਰਿਕ ਸਨ। ਇਹ ਡਾਟਾ ਜਰਮਨੀ ਅਤੇ ਫਿਨਲੈਂਡ ਦੇ ਸਰਵਰਾਂ ’ਤੇ ਹੋਸਟ ਕੀਤੇ ਆਟੋ-ਡਾਇਲਰਾਂ ’ਤੇ ਅਪਲੋਡ ਕੀਤਾ ਗਿਆ ਸੀ।

ਹੁਣ ਤੱਕ ਜਾਂਚਕਰਤਾਵਾਂ ਨੇ 549 ਪੀੜਤਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚੋਂ ਕਈ ਵਿਅਕਤੀ 1940 ਦੇ ਦਹਾਕੇ ਵਿੱਚ ਪੈਦਾ ਹੋਏ ਸਨ। ED ਮੁਤਾਬਕ 6,463 ਅਮਰੀਕੀ ਟੈਲੀਫ਼ੋਨ ਨੰਬਰਾਂ ’ਤੇ ਕਥਿਤ ਤੌਰ ’ਤੇ ਕਾਲਾਂ ਜਾਂ ਸੁਨੇਹੇ ਭੇਜੇ ਗਏ ਸਨ।

ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।