ਕੈਨੇਡਾ: ਸਰੀ ਵਾਲਮਾਰਟ ਪਾਰਕਿੰਗ ਗੋਲੀਬਾਰੀ ’ਚ ਮਾਰੇ ਗਏ 24 ਸਾਲਾ ਨੌਜਵਾਨ ਦੀ ਪਛਾਣ, ਪ੍ਰੇਮਿਕਾ ਦੀ ਪਛਾਣ ਅਜੇ ਬਾਕੀ
- ਅੰਤਰਰਾਸ਼ਟਰੀ
- (Asia/Kolkata)
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਉੱਤਰ-ਪੱਛਮੀ ਸਰੀ ਵਿੱਚ ਐਤਵਾਰ ਰਾਤ ਨੂੰ ਵਾਲਮਾਰਟ ਦੀ ਪਾਰਕਿੰਗ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ 24 ਸਾਲਾ ਨੌਜਵਾਨ ਦੀ ਪਛਾਣ ਡੈਲਟਾ ਦੇ ਗੈਰੀ ਰੇਹਲ ਵਜੋਂ ਹੋਈ ਹੈ। ਇਸ ਘਟਨਾ ਵਿੱਚ ਉਸ ਦੀ 23 ਸਾਲਾ ਪ੍ਰੇਮਿਕਾ ਦੀ ਵੀ ਮੌਤ ਹੋ ਗਈ, ਪਰ ਉਸ ਦੀ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਹੈ।
ਵੀਡੀਓਜ਼ ਵਿੱਚ ਰੇਹਲ ਹੱਥਕੜੀਆਂ ਲੱਗੀਆਂ ਹੋਈਆਂ ਦਿਖਾਈ ਦਿੱਤਾ ਸੀ। ਉਹ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਕਾਰਨ ਪੁਲੀਸ ਦੇ ਰਿਕਾਰਡ ਵਿੱਚ ਸੀ ਅਤੇ ਇਨ੍ਹਾਂ ਮਾਮਲਿਆਂ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ।
ਪੁਲੀਸ ਅਨੁਸਾਰ ਰੇਹਲ ਨੂੰ ਸਪੱਸ਼ਟ ਤੌਰ ’ਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਮਾਰਿਆ ਗਿਆ। ਇਸ ਹਮਲੇ ਦੇ ਸੰਗਠਿਤ ਅਪਰਾਧ ਨਾਲ ਜੁੜੇ ਹੋਣ ਦਾ ਸ਼ੱਕ ਹੈ। ਪੁਲੀਸ ਸੰਭਾਵੀ ਸੰਗਠਿਤ ਅਪਰਾਧਿਕ ਸਬੰਧਾਂ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਕਿਸੇ ਵੀ ਗੈਂਗ ਨਾਲ ਸਬੰਧ ਦੀ ਅਜੇ ਪੁਸ਼ਟੀ ਨਹੀਂ ਹੋਈ। ਇੱਕ ਸਥਾਨਕ ਵਿਰੋਧੀ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਪੁਲੀਸ ਨੂੰ ਐਤਵਾਰ ਰਾਤ 10:38 ਵਜੇ 88 ਐਵੇਨਿਊ ਅਤੇ 124ਵੀਂ ਸਟਰੀਟ ਨੇੜੇ ਵਾਲਮਾਰਟ ਦੀ ਪਾਰਕਿੰਗ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਦੋਵਾਂ ਪੀੜਤਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਘਟਨਾ ਸਥਾਨ ਤੋਂ ਗੋਲੀਆਂ ਦੇ ਨਿਸ਼ਾਨਾਂ ਵਾਲੀ ਲਾਲ ਰੰਗ ਦੀ ਫੋਰਡ ਮਸਟੈਂਗ ਕਾਰ ਮਿਲੀ। ਇਸ ਤੋਂ 13 ਮਿੰਟ ਬਾਅਦ ਪ੍ਰਿੰਸੈਸ ਡਰਾਈਵ ’ਤੇ ਇੱਕ ਚਿੱਟੀ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ।
ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਦੀ ਸਾਰਜੈਂਟ ਫਰੀਦਾ ਫੌਂਗ ਨੇ ਸੋਮਵਾਰ ਨੂੰ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ, “ਇਸ ਘਟਨਾ ਵਿੱਚ ਸੰਗਠਿਤ ਅਪਰਾਧ ਦੇ ਲੱਛਣ ਸਾਫ਼ ਦਿਖਾਈ ਦਿੰਦੇ ਹਨ।” ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਵਾਂ ਪੀੜਤਾਂ ਨੂੰ ਖਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ।
ਸਰੀ ਪੁਲੀਸ ਸਰਵਿਸ ਨੇ ਦੱਸਿਆ ਕਿ ਹਸਪਤਾਲ ਲਿਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਦੇਣ ਵਾਲੇ ਕਰਮਚਾਰੀਆਂ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਸਪਤਾਲ ਪਹੁੰਚਣ ’ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।