ਮੋਗਾ ਦੀ ‘ਆਪ’ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਪਰਿਵਾਰ ਦੀ ਬੇਨਾਮੀ ਜਾਇਦਾਦ ਦੇ ਸਬੂਤ ਮਿਲਣ ਦਾ ED ਦਾ ਦਾਅਵਾ

ਮੋਗਾ ਦੀ ‘ਆਪ’ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਪਰਿਵਾਰ ਦੀ ਬੇਨਾਮੀ ਜਾਇਦਾਦ ਦੇ ਸਬੂਤ ਮਿਲਣ ਦਾ ED ਦਾ ਦਾਅਵਾ

ਮੋਗਾ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅਰੋੜਾ ਪਰਿਵਾਰ ਦੀਆਂ ਬੇਨਾਮੀ ਜਾਇਦਾਦਾਂ ਨਾਲ ਸਬੰਧਤ ਸਬੂਤ ਮਿਲਣ ਦਾ ਦਾਅਵਾ ਕੀਤਾ ਹੈ। ਏਜੰਸੀ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ 4 ਨਵੰਬਰ ਨੂੰ ਵਿਧਾਇਕਾ ਅਤੇ ਉਨ੍ਹਾਂ ਦੇ ਕਰੀਬੀਆਂ ਨਾਲ ਜੁੜੇ 7 ਟਿਕਾਣਿਆਂ ’ਤੇ ਤਲਾਸ਼ੀ ਲਈ ਗਈ ਸੀ। ਇਨ੍ਹਾਂ ਵਿੱਚ ਇੱਕ ਹਸਪਤਾਲ-ਕਮ-ਨਸ਼ਾ ਛੁਡਾਊ ਕੇਂਦਰ ਵੀ ਸ਼ਾਮਲ ਸੀ। ਦੂਜੇ ਪਾਸੇ, ‘ਆਪ’ ਨੇ ਦਾਅਵਾ ਕੀਤਾ ਹੈ ਕਿ 48 ਘੰਟਿਆਂ ਦੀ ਛਾਪੇਮਾਰੀ ਦੌਰਾਨ ED ਨੂੰ ਕੁਝ ਵੀ ਹੱਥ ਨਹੀਂ ਲੱਗਿਆ।

ED ਅਨੁਸਾਰ ਤਲਾਸ਼ੀ ਦੌਰਾਨ ਸ਼ੱਕੀ ਦਸਤਾਵੇਜ਼, ਇਲੈਕਟ੍ਰਾਨਿਕ ਉਪਕਰਨ, ਬੈਂਕ ਖਾਤਿਆਂ ਦੇ ਵੇਰਵੇ ਅਤੇ ਬੇਨਾਮੀ ਜਾਇਦਾਦਾਂ ਨਾਲ ਸਬੰਧਤ ਕਾਗਜ਼ਾਤ ਜ਼ਬਤ ਕੀਤੇ ਗਏ ਹਨ। ਏਜੰਸੀ ਨੇ ਦੋਸ਼ ਲਾਇਆ ਕਿ ਕੌਮੀ ਸ਼ਾਹਰਾਹ ਲਈ ਐਕੁਆਇਰ ਕੀਤੀ ਜ਼ਮੀਨ ਦੇ ਬਦਲੇ ਮਿਲਣ ਵਾਲੇ 1.01 ਕਰੋੜ ਰੁਪਏ ਦੇ ਸਰਕਾਰੀ ਮੁਆਵਜ਼ੇ ਨੂੰ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਹਾਸਲ ਕੀਤਾ ਗਿਆ।

1.01 ਕਰੋੜ ਰੁਪਏ ਦੇ ਮੁਆਵਜ਼ੇ ਵਿੱਚ ਹੇਰਾਫੇਰੀ ਦਾ ਦੋਸ਼

ED ਨੇ ਦੱਸਿਆ ਕਿ ਮੁਹਾਲੀ ਦੀ ਫੋਰੈਂਸਿਕ ਲੈਬ ਵਿੱਚ ਇੰਤਕਾਲ ’ਤੇ ਕੀਤੇ ਗਏ ਦਸਤਖ਼ਤ ਜਾਅਲੀ ਹੋਣ ਦੀ ਪੁਸ਼ਟੀ ਹੋਈ ਹੈ। ਇਹ ਮੁਆਵਜ਼ੇ ਦੀ ਰਾਸ਼ੀ ਦਿਲਖੁਸ਼ ਕੁਮਾਰੀ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਗਈ ਸੀ, ਜਿਸ ਨੂੰ ਬਾਅਦ ਵਿੱਚ ਜਾਮ ਕਰ ਦਿੱਤਾ ਗਿਆ।

ਏਜੰਸੀ ਨੇ ਵਿਧਾਇਕਾ ਅਤੇ ਉਨ੍ਹਾਂ ਦੇ ਪਤੀ ’ਤੇ ਇਸ ਰਕਮ ਨੂੰ ਹੋਰ ਪਾਸੇ ਤਬਦੀਲ ਕਰਨ ਵਿੱਚ ਸ਼ਾਮਲ ਹੋਣ ਦਾ ਵੀ ਦੋਸ਼ ਲਾਇਆ ਹੈ। ED ਨੇ ਥਾਣਾ ਧਰਮਕੋਟ ਵਿੱਚ 16 ਜੂਨ 2024 ਨੂੰ ਦਰਜ ਐੱਫਆਈਆਰ ਨੰਬਰ 84 ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਹੈ।

ਸਰਕਾਰੀ ਜਾਇਦਾਦਾਂ ਧੋਖਾਧੜੀ ਨਾਲ ਹਾਸਲ ਕਰਨ ਦਾ ਦੋਸ਼

ED ਮੁਤਾਬਕ ਮੋਗਾ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ, ਮਾਰਕੀਟ ਕਮੇਟੀ, ਨਗਰ ਨਿਗਮ ਅਤੇ ‘ਯੂਨਾਈਟਿਡ ਚਰਚ ਆਫ ਨਾਰਦਰਨ ਇੰਡੀਆ ਟਰੱਸਟ ਐਸੋਸੀਏਸ਼ਨ’ ਦੀਆਂ ਜਾਇਦਾਦਾਂ ਕਥਿਤ ਤੌਰ ’ਤੇ ਧੋਖਾਧੜੀ ਨਾਲ ਹਾਸਲ ਕਰਕੇ ਅੱਗੇ ਤਬਦੀਲ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਰਿਹਾਇਸ਼ੀ ਜਾਇਦਾਦ ਦੀ ਖ਼ਰੀਦ ਲਈ ਬੇਹਿਸਾਬ ਨਕਦੀ ਵਰਤੇ ਜਾਣ ਦੀ ਗੱਲ ਵੀ ਜਾਂਚ ਏਜੰਸੀ ਨੇ ਕਹੀ ਹੈ।

ਇਸ ਮਾਮਲੇ ਵਿੱਚ ਵਿਧਾਇਕਾ ਦੇ ਪਤੀ ਡਾ. ਰਾਕੇਸ਼ ਅਰੋੜਾ ਨੂੰ ਵੀ ਧਿਰ ਬਣਾਇਆ ਗਿਆ ਹੈ, ਜਦਕਿ ਪਟਵਾਰੀ ਨਵਦੀਪ ਸਿੰਘ ਨੂੰ ਮੁੱਖ ਮੁਲਜ਼ਮ ਦੱਸਿਆ ਗਿਆ ਹੈ।

‘ਆਪ’ ਨੇ ਲਾਏ ਭਾਜਪਾ ’ਚ ਸ਼ਾਮਲ ਹੋਣ ਲਈ ਦਬਾਅ ਬਣਾਉਣ ਦੇ ਦੋਸ਼

ਦੂਜੇ ਪਾਸੇ, ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਮਹਿਲਾ ਵਿਧਾਇਕਾ, ਉਨ੍ਹਾਂ ਦੇ ਪਰਿਵਾਰ ਅਤੇ ਬੱਚਿਆਂ ਸਮੇਤ 7 ਰਿਸ਼ਤੇਦਾਰਾਂ ਨੂੰ 48 ਘੰਟਿਆਂ ਤੱਕ ਘਰਾਂ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਛਾਪੇਮਾਰੀ ਦੌਰਾਨ ਕੁਝ ਵੀ ਬਰਾਮਦ ਨਹੀਂ ਹੋਇਆ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕਰੀਬ 50 ਵਾਰ ਭਾਜਪਾ ਵਿੱਚ ਸ਼ਾਮਲ ਹੋਣ ਅਤੇ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਗਈ।

ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀਆਂ ਡਾ. ਬਲਜੀਤ ਕੌਰ, ਹਰਭਜਨ ਸਿੰਘ ਈਟੀਓ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਭਾਜਪਾ ਸਿਆਸੀ ਮੁਕਾਬਲਾ ਕਰਨ ਵਿੱਚ ਅਸਮਰੱਥ ਹੋ ਕੇ ਜਾਂਚ ਏਜੰਸੀਆਂ ਦਾ ਸਹਾਰਾ ਲੈ ਰਹੀ ਹੈ।