IPL 2027: ਹਾਰਦਿਕ ਪੰਡਿਆ ਪੰਜਾਬ ਕਿੰਗਜ਼ ਅਤੇ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ
- ਖੇਡ ਸੰਸਾਰ
- (Asia/Kolkata)
IPL 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖਿਡਾਰੀਆਂ ਦੀ ਵੱਡੀ ਅਦਲਾ-ਬਦਲੀ ਹੋਣ ਜਾ ਰਹੀ ਹੈ। ਇਸ ਸਮਝੌਤੇ ਤਹਿਤ ਭਾਰਤੀ ਆਲਰਾਊਂਡਰ ਹਾਰਦਿਕ ਪੰਡਿਆ ਪੰਜਾਬ ਕਿੰਗਜ਼ ਵਿੱਚ ਸ਼ਾਮਲ ਹੋਣਗੇ, ਜਦਕਿ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ।
ਹਾਲਾਂਕਿ ਇਸ ਸੌਦੇ ਨੂੰ ਅਧਿਕਾਰਤ ਬਣਾਉਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਮਨਜ਼ੂਰੀ ਅਤੇ ਲੋੜੀਂਦੀਆਂ ਰਸਮੀ ਕਾਰਵਾਈਆਂ ਅਜੇ ਬਾਕੀ ਹਨ। ਰਿਪੋਰਟਾਂ ਮੁਤਾਬਕ ਦੋਵਾਂ ਖਿਡਾਰੀਆਂ ਦੀ ਸਹਿਮਤੀ ਅਤੇ ਅੰਤਿਮ ਕਾਗਜ਼ੀ ਕਾਰਵਾਈ ਵੀ ਪੂਰੀ ਹੋਣੀ ਹੈ।
ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਖੇਡਣਗੇ ਹਾਰਦਿਕ ਪੰਡਿਆ
ਇਸ ਅਦਲਾ-ਬਦਲੀ ਨਾਲ ਹਾਰਦਿਕ ਪੰਡਿਆ ਦਾ ਮੁੰਬਈ ਇੰਡੀਅਨਜ਼ ਨਾਲ ਦੂਜਾ ਕਾਰਜਕਾਲ ਖ਼ਤਮ ਹੋ ਜਾਵੇਗਾ। ਉਹ 2024 ਵਿੱਚ ਗੁਜਰਾਤ ਟਾਈਟਨਜ਼ ਤੋਂ ਮੁੰਬਈ ਦੀ ਟੀਮ ਵਿੱਚ ਵਾਪਸ ਆਏ ਸਨ। ਇਸ ਦੌਰਾਨ ਉਨ੍ਹਾਂ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਟੀਮ ਦੀ ਕਪਤਾਨੀ ਸੌਂਪੀ ਗਈ ਸੀ।
ਹਾਲਾਂਕਿ ਹਾਰਦਿਕ ਦੀ ਅਗਵਾਈ ਹੇਠ ਮੁੰਬਈ ਦੀ ਟੀਮ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ। ਪਿਛਲੇ ਤਿੰਨ ਸੀਜ਼ਨਾਂ ਵਿੱਚ ਟੀਮ ਦੋ ਵਾਰ ਪਲੇਅ-ਆਫ਼ ਵਿੱਚ ਜਗ੍ਹਾ ਬਣਾਉਣ ਵਿੱਚ ਅਸਫ਼ਲ ਰਹੀ।
ਹੁਣ ਹਾਰਦਿਕ ਪੰਜਾਬ ਕਿੰਗਜ਼ ਵਿੱਚ ਖਿਡਾਰੀ ਵਜੋਂ ਸ਼ਾਮਲ ਹੋਣਗੇ ਅਤੇ ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਖੇਡਣਗੇ। ਆਈਪੀਐੱਲ ਨਾਲ ਜੁੜੇ ਸੂਤਰ ਮੁਤਾਬਕ ਹਾਰਦਿਕ ਸ਼੍ਰੇਅਸ ਅਈਅਰ ਦੀ ਅਗਵਾਈ ਹੇਠ ਖੇਡਣ ਲਈ ਤਿਆਰ ਹਨ। ਪੰਜਾਬ ਕਿੰਗਜ਼ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਆਉਣ ਨਾਲ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ਵਿੱਚ ਟੀਮ ਨੂੰ ਮਜ਼ਬੂਤੀ ਮਿਲੇਗੀ।
ਅਰਸ਼ਦੀਪ ਸਿੰਘ ਦੇ ਜਾਣ ਨਾਲ ਪੰਜਾਬ ਕਿੰਗਜ਼ ਨੂੰ ਝਟਕਾ
ਦੂਜੇ ਪਾਸੇ ਅਰਸ਼ਦੀਪ ਸਿੰਘ ਦਾ ਪੰਜਾਬ ਕਿੰਗਜ਼ ਨਾਲ ਲੰਮਾ ਸਫ਼ਰ ਖ਼ਤਮ ਹੋਣ ਜਾ ਰਿਹਾ ਹੈ। ਉਹ 2019 ਵਿੱਚ ਆਈਪੀਐੱਲ ਦੀ ਸ਼ੁਰੂਆਤ ਤੋਂ ਹੀ ਪੰਜਾਬ ਦੀ ਟੀਮ ਨਾਲ ਜੁੜੇ ਹੋਏ ਸਨ। ਇਸ ਟੀਮ ਵੱਲੋਂ ਖੇਡਦਿਆਂ ਉਨ੍ਹਾਂ ਨੇ ਆਪਣੀ ਪਛਾਣ ਬਣਾਈ ਅਤੇ ਭਾਰਤੀ ਕੌਮੀ ਟੀਮ ਵਿੱਚ ਜਗ੍ਹਾ ਹਾਸਲ ਕੀਤੀ।
ਅਰਸ਼ਦੀਪ ਸਿੰਘ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਭਾਰਤ ਦੇ ਸਭ ਤੋਂ ਸਫ਼ਲ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਦੇ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋਣ ਨਾਲ ਟੀਮ ਦੀ ਤੇਜ਼ ਗੇਂਦਬਾਜ਼ੀ ਮਜ਼ਬੂਤ ਹੋਵੇਗੀ। ਉਹ ਜਸਪ੍ਰੀਤ ਬੁਮਰਾਹ ਨਾਲ ਮਿਲ ਕੇ ਨਵੀਂ ਗੇਂਦ ਅਤੇ ਪਾਰੀ ਦੇ ਆਖ਼ਰੀ ਓਵਰਾਂ ਵਿੱਚ ਵਿਰੋਧੀ ਟੀਮਾਂ ਲਈ ਚੁਣੌਤੀ ਬਣ ਸਕਦੇ ਹਨ।
ਮੁੰਬਈ ਇੰਡੀਅਨਜ਼ ਨੂੰ ਪਿਛਲੇ ਸੀਜ਼ਨ ਵਿੱਚ ਗੇਂਦਬਾਜ਼ੀ ਦੇ ਮੋਰਚੇ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਅਰਸ਼ਦੀਪ ਦੇ ਆਉਣ ਨਾਲ ਟੀਮ ਨੂੰ ਇਸ ਵਿਭਾਗ ਵਿੱਚ ਮਜ਼ਬੂਤੀ ਮਿਲਣ ਦੀ ਉਮੀਦ ਹੈ।
IPL 2027 ਤੋਂ ਪਹਿਲਾਂ ਦੋਵਾਂ ਟੀਮਾਂ ਦੀ ਰਣਨੀਤੀ ਵਿੱਚ ਬਦਲਾਅ
IPL 2026 ਵਿੱਚ ਮੁੰਬਈ ਇੰਡੀਅਨਜ਼ 10 ਟੀਮਾਂ ਵਿੱਚੋਂ ਨੌਵੇਂ ਸਥਾਨ 'ਤੇ ਰਹੀ ਸੀ, ਜਦਕਿ ਪੰਜਾਬ ਕਿੰਗਜ਼ 15 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਰਹਿ ਕੇ ਪਲੇਅ-ਆਫ਼ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ। ਹੁਣ ਦੋਵੇਂ ਟੀਮਾਂ ਅਗਲੇ ਸੀਜ਼ਨ ਲਈ ਆਪਣੀ ਰਣਨੀਤੀ ਵਿੱਚ ਬਦਲਾਅ ਕਰ ਰਹੀਆਂ ਹਨ।
ਆਈਪੀਐੱਲ ਦਾ ਅਗਲਾ ਮਿੰਨੀ ਨਿਲਾਮੀ ਸਮਾਗਮ 16 ਦਸੰਬਰ ਨੂੰ ਗੋਆ ਵਿੱਚ ਹੋਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਆਖ਼ਰੀ ਤਰੀਕ 17 ਨਵੰਬਰ ਤੱਕ ਵਧਾਈ ਗਈ ਹੈ।