ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਸਕੇਲ ’ਤੇ ਤੀਬਰਤਾ 5.7; ਸੁਨਾਮੀ ਦਾ ਖ਼ਤਰਾ ਨਹੀਂ
- ਅੰਤਰਰਾਸ਼ਟਰੀ
- (Asia/Kolkata)
ਜਾਪਾਨ ਦੇ ਮੱਧ ਹਿੱਸੇ ਵਿੱਚ ਐਤਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.7 ਦਰਜ ਕੀਤੀ ਗਈ, ਜਦਕਿ ਆਈਚੀ ਸੂਬੇ ਵਿੱਚ ਜਾਪਾਨ ਦੇ ਭੂਚਾਲ ਮਾਪਣ ਵਾਲੇ ਪੈਮਾਨੇ ’ਤੇ ਇਸ ਦੀ ਤੀਬਰਤਾ 5 ਤੋਂ ਵੱਧ ਰਹੀ। ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਨੇ ਸਪੱਸ਼ਟ ਕੀਤਾ ਕਿ ਇਸ ਭੂਚਾਲ ਕਾਰਨ ਸੁਨਾਮੀ ਆਉਣ ਦਾ ਕੋਈ ਖ਼ਤਰਾ ਨਹੀਂ ਹੈ।
ਸ਼ਿਜ਼ੂਓਕਾ ਸੂਬੇ ਵਿੱਚ ਸੀ ਭੂਚਾਲ ਦਾ ਕੇਂਦਰ
ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਐਤਵਾਰ ਤੜਕੇ ਲਗਭਗ 1 ਵੱਜ ਕੇ 4 ਮਿੰਟ ’ਤੇ ਆਇਆ। ਇਸ ਦਾ ਕੇਂਦਰ ਪੱਛਮੀ ਸ਼ਿਜ਼ੂਓਕਾ ਸੂਬੇ ਵਿੱਚ ਸੀ।
ਪ੍ਰਧਾਨ ਮੰਤਰੀ ਤਾਕਾਈਚੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਆਂਢੀ ਆਈਚੀ ਸੂਬੇ ਦੇ ਚਿਤਾ ਸ਼ਹਿਰ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਲਿਖਿਆ, "ਅੱਜ ਤੜਕੇ ਪੱਛਮੀ ਸ਼ਿਜ਼ੂਓਕਾ ਸੂਬੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।"
ਜਾਪਾਨ ਸਰਕਾਰ ਨੇ ਐਮਰਜੈਂਸੀ ਪ੍ਰਬੰਧ ਕੀਤੇ ਸਰਗਰਮ
ਭੂਚਾਲ ਤੋਂ ਤੁਰੰਤ ਬਾਅਦ ਜਾਪਾਨ ਸਰਕਾਰ ਨੇ ਐਮਰਜੈਂਸੀ ਪ੍ਰਬੰਧ ਸਰਗਰਮ ਕਰ ਦਿੱਤੇ। ਸਥਿਤੀ ’ਤੇ ਨਜ਼ਰ ਰੱਖਣ ਲਈ ਪ੍ਰਧਾਨ ਮੰਤਰੀ ਦਫ਼ਤਰ ਦੇ ਸੰਕਟ ਪ੍ਰਬੰਧਨ ਕੇਂਦਰ ਵਿੱਚ ਵਿਸ਼ੇਸ਼ ਸੰਪਰਕ ਦਫ਼ਤਰ ਸਥਾਪਤ ਕੀਤਾ ਗਿਆ।
ਤਾਕਾਈਚੀ ਨੇ ਦੱਸਿਆ ਕਿ ਭੂਚਾਲ ਆਉਣ ਤੋਂ ਤੁਰੰਤ ਬਾਅਦ ਇਹ ਦਫ਼ਤਰ ਸਥਾਪਤ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੂੰ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਲੋਕਾਂ ਨੂੰ ਮੁੜ ਭੂਚਾਲ ਆਉਣ ਪ੍ਰਤੀ ਚੌਕਸ ਰਹਿਣ ਦੀ ਅਪੀਲ
ਅਧਿਕਾਰੀਆਂ ਨੇ ਭੂਚਾਲ ਪ੍ਰਭਾਵਿਤ ਸੂਬਿਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੜ ਇਸੇ ਤੀਬਰਤਾ ਦੇ ਭੂਚਾਲ ਦੇ ਝਟਕੇ ਆਉਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਿਆ ਜਾਵੇ।
ਪ੍ਰਧਾਨ ਮੰਤਰੀ ਤਾਕਾਈਚੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਇਲਾਕਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ, ਉੱਥੋਂ ਦੇ ਵਸਨੀਕ ਕਿਸੇ ਹੋਰ ਭੂਚਾਲ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਚੌਕਸ ਰਹਿਣ ਅਤੇ ਸਥਿਤੀ ’ਤੇ ਨਜ਼ਰ ਰੱਖਣ।