British Columbia Elections: ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਦਰਜ ਕੀਤੀ ਜਿੱਤ, ਸਰੀ ਦੀਆਂ ਸਾਰੀਆਂ 10 ਸੀਟਾਂ ਕੰਜ਼ਰਵੇਟਿਵਾਂ ਦੇ ਹਿੱਸੇ
- ਅੰਤਰਰਾਸ਼ਟਰੀ
- (Asia/Kolkata)
ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ, ਇਨ੍ਹਾਂ ਵਿੱਚੋਂ 12 ਉਮੀਦਵਾਰ ਕੰਜ਼ਰਵੇਟਿਵ ਪਾਰਟੀ ਅਤੇ 3 ਐੱਨ.ਡੀ.ਪੀ. (NDP) ਨਾਲ ਸਬੰਧਤ ਹਨ। ਕੰਜ਼ਰਵੇਟਿਵ ਪਾਰਟੀ ਨੇ ਸਰੀ ਦੀਆਂ ਸਾਰੀਆਂ 10 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ‘ਸਰੀ ਨਾਓ-ਲੀਡਰ’ ਦੀ ਰਿਪੋਰਟ ਅਨੁਸਾਰ, ਸਰੀ ਅਤੇ ਵ੍ਹਾਈਟ ਰੌਕ ਵਿੱਚ ਅਧਿਕਾਰਤ ਤੌਰ ’ਤੇ ਨੀਲੀ ਲਹਿਰ ਛਾ ਗਈ ਹੈ।
ਸਰੀ ਦੀਆਂ ਸੀਟਾਂ ’ਤੇ ਇਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ
ਮਨਦੀਪ ਸਿੰਘ ਧਾਲੀਵਾਲ ਨੇ ਸਰੀ ਨੌਰਥ ਤੋਂ ਆਪਣੀ ਸੀਟ ਬਰਕਰਾਰ ਰੱਖੀ। ਉਨ੍ਹਾਂ ਨੇ 2024 ਵਿੱਚ ਐੱਨ.ਡੀ.ਪੀ. ਦੀ ਮੰਤਰੀ ਰਚਨਾ ਸਿੰਘ ਨੂੰ ਹਰਾ ਕੇ ਇਹ ਸੀਟ ਜਿੱਤੀ ਸੀ। ਡਾ. ਹਰਜੀਤ ਧਾਲੀਵਾਲ ਨੇ ਸਰੀ-ਨਿਊਟਨ ਤੋਂ ਐੱਨ.ਡੀ.ਪੀ. ਦੀ ਜੈਸੀ ਸੁੰਨੜ ਨੂੰ ਹਰਾਇਆ।
ਗੈਰੀ ਪੁਰੇਵਾਲ ਨੇ ਸਰੀ-ਫਲੀਟਵੁੱਡ ਤੋਂ ਐੱਨ.ਡੀ.ਪੀ. ਦੇ ਮੌਜੂਦਾ ਵਿਧਾਇਕ ਜਗਰੂਪ ਬਰਾੜ ਨੂੰ ਹਰਾਇਆ। ਜਗਰੂਪ ਬਰਾੜ 2004 ਤੋਂ ਇਸ ਸੀਟ ’ਤੇ ਕਾਬਜ਼ ਸਨ। ਗੈਰੀ ਥਿੰਦ ਨੇ ਸਰੀ-ਗਿਲਡਫੋਰਡ ਤੋਂ ਐੱਨ.ਡੀ.ਪੀ. ਦੇ ਮੌਜੂਦਾ ਵਿਧਾਇਕ ਗੈਰੀ ਬੈੱਗ ਨੂੰ ਹਰਾਇਆ। ਥਿੰਦ ਨੇ ਇਸ ਤੋਂ ਇੱਕ ਹਫ਼ਤਾ ਪਹਿਲਾਂ ਸਰੀ ਦੀਆਂ ਨਗਰ ਨਿਗਮ ਚੋਣਾਂ ਵਿੱਚ ਸਕੂਲ ਟਰੱਸਟੀ ਦੀ ਸੀਟ ਵੀ ਜਿੱਤੀ ਸੀ।
ਜ਼ੀਸ਼ਾਨ ਵਾਹਲਾ ਨੇ ਸਰੀ ਸਿਟੀ ਸੈਂਟਰ ਤੋਂ ਐੱਨ.ਡੀ.ਪੀ. ਦੀ ਆਮਨਾ ਸ਼ਾਹ ਨੂੰ ਸਖ਼ਤ ਮੁਕਾਬਲੇ ਵਿੱਚ ਹਰਾਇਆ, ਜਦਕਿ ਜੈਸੀ ਸਹੋਤਾ ਨੇ ਸਰੀ-ਸਰਪੈਂਟਾਈਨ ਰਿਵਰ ਤੋਂ ਜਿੱਤ ਦਰਜ ਕੀਤੀ।
ਕੰਜ਼ਰਵੇਟਿਵ ਅਤੇ ਐੱਨ.ਡੀ.ਪੀ. ਦੇ ਹੋਰ ਜੇਤੂ
ਹੋਰ ਕੰਜ਼ਰਵੇਟਿਵ ਜੇਤੂਆਂ ਵਿੱਚ ਹਰਮਨ ਭੰਗੂ, ਜੋਡੀ ਤੂਰ, ਸਟੀਵ ਕੂਨਰ, ਮੋਨਿਕਾ ਮੋਹਨ, ਪਵਨੀਤ ਸਿੰਘ ਅਤੇ ਦੀਪ ਸੰਧੂ ਸ਼ਾਮਲ ਹਨ। ਐੱਨ.ਡੀ.ਪੀ. ਵੱਲੋਂ ਰਾਜ ਚੌਹਾਨ, ਨਿੱਕੀ ਸ਼ਰਮਾ ਅਤੇ ਰੋਹਿਣੀ ਅਰੋੜਾ ਜੇਤੂ ਰਹੇ ਹਨ। ਹਾਲਾਂਕਿ, ਕੈਨੇਡੀਅਨ ਮੁੱਖ ਧਾਰਾ ਦੇ ਮੀਡੀਆ ਨੇ ਅਜੇ ਇਨ੍ਹਾਂ ਨੌਂ ਨਾਵਾਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਕੰਜ਼ਰਵੇਟਿਵਾਂ ਨੂੰ ਬਹੁਮਤ, ਡੇਵਿਡ ਈਬੀ ਨੇ ਦਿੱਤਾ ਅਸਤੀਫ਼ਾ
24 ਅਕਤੂਬਰ ਨੂੰ ਹੋਈਆਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ 93 ਸੀਟਾਂ ਲਈ ਚੋਣਾਂ ਵਿੱਚ 99 ਫ਼ੀਸਦੀ ਵੋਟਾਂ ਦੀ ਗਿਣਤੀ ਮਗਰੋਂ ਕੰਜ਼ਰਵੇਟਿਵ ਪਾਰਟੀ ਨੇ 64, ਐੱਨ.ਡੀ.ਪੀ. ਨੇ 27 ਅਤੇ ਗ੍ਰੀਨਜ਼ ਨੇ 2 ਸੀਟਾਂ ਜਿੱਤੀਆਂ ਹਨ। 1928 ਤੋਂ ਬਾਅਦ ਇਹ ਕੰਜ਼ਰਵੇਟਿਵਾਂ ਦੀ ਪਹਿਲੀ ਬਹੁਮਤ ਵਾਲੀ ਸਰਕਾਰ ਹੈ।
ਐੱਨ.ਡੀ.ਪੀ. ਆਗੂ ਡੇਵਿਡ ਈਬੀ ਨੇ ਚੋਣਾਂ ਵਿੱਚ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਦਿੱਤਾ ਹੈ। ਨਵੇਂ ਬਣਨ ਜਾ ਰਹੇ ਪ੍ਰੀਮੀਅਰ ਲੋਰਨ ਡੋਰਕਸਨ ਨੇ ਕਿਹਾ, “ਬੀ.ਸੀ. ਯਕੀਨੀ ਤੌਰ ’ਤੇ ਨੀਲਾ ਹੈ।” ਨਵੰਬਰ ਦੇ ਸ਼ੁਰੂ ਵਿੱਚ ਅੰਤਿਮ ਨਤੀਜੇ ਆਉਣ ਦੀ ਉਮੀਦ ਹੈ, ਜਿਸ ਤੋਂ ਬਾਅਦ ਅੰਕੜਿਆਂ ਵਿੱਚ ਬਦਲਾਅ ਹੋ ਸਕਦਾ ਹੈ।