ਅਮਰੀਕਾ ’ਚ ਕਈ ਵੱਡੇ ਬੈਂਕਾਂ ਦੀਆਂ ਆਨਲਾਈਨ ਸੇਵਾਵਾਂ ਠੱਪ, ਹਜ਼ਾਰਾਂ ਗਾਹਕ ਪ੍ਰਭਾਵਿਤ
- ਅੰਤਰਰਾਸ਼ਟਰੀ
- (Asia/Kolkata)
ਅਮਰੀਕਾ ਵਿੱਚ ਕਈ ਵੱਡੇ ਬੈਂਕਾਂ ਦੀਆਂ ਸੇਵਾਵਾਂ ਵਿੱਚ ਸੋਮਵਾਰ ਨੂੰ ਵਿਘਨ ਪੈਣ ਕਾਰਨ ਹਜ਼ਾਰਾਂ ਗਾਹਕ ਪ੍ਰਭਾਵਿਤ ਹੋਏ। ਜੇਪੀ ਮੋਰਗਨ ਚੇਜ਼, ਬੈਂਕ ਆਫ ਅਮਰੀਕਾ, ਵੇਲਜ਼ ਫਾਰਗੋ ਅਤੇ ਯੂਐੱਸ ਬੈਂਕ ਦੇ ਗਾਹਕਾਂ ਨੇ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆਉਣ ਦੀਆਂ ਸ਼ਿਕਾਇਤਾਂ ਕੀਤੀਆਂ।
ਗਾਹਕਾਂ ਨੇ ਖ਼ਾਸ ਤੌਰ ’ਤੇ ਆਨਲਾਈਨ ਬੈਂਕਿੰਗ ਅਤੇ ਮੋਬਾਈਲ ਐਪ ਨਾਲ ਜੁੜੀਆਂ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ। ਚੇਜ਼ ਬੈਂਕ ਦੇ ਗਾਹਕਾਂ ਨੂੰ ਖਾਤਿਆਂ ਵਿੱਚ ਲੌਗਇਨ ਕਰਨ, ਬਕਾਇਆ ਰਾਸ਼ੀ ਦੇਖਣ, ਲੈਣ-ਦੇਣ ਦਾ ਵੇਰਵਾ ਹਾਸਲ ਕਰਨ ਅਤੇ ਪੈਸੇ ਟਰਾਂਸਫਰ ਕਰਨ ਵਿੱਚ ਦਿੱਕਤ ਆਈ।
ਚੇਜ਼ ਬੈਂਕ ਨੇ ਆਨਲਾਈਨ ਬੈਂਕਿੰਗ ਵਿੱਚ ਸਮੱਸਿਆ ਆਉਣ ਦੀ ਪੁਸ਼ਟੀ ਕੀਤੀ ਹੈ। ਇੱਕ ਗਾਹਕ ਨੂੰ ਦਿੱਤੇ ਜਵਾਬ ਵਿੱਚ ਬੈਂਕ ਨੇ ਕਿਹਾ ਕਿ ਉਹ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੰਮ ਕਰ ਰਿਹਾ ਹੈ। ਨਾਲ ਹੀ ਗਾਹਕਾਂ ਨੂੰ ਕੁਝ ਸਮੇਂ ਬਾਅਦ ਮੁੜ ਕੋਸ਼ਿਸ਼ ਕਰਨ ਦੀ ਸਲਾਹ ਦਿੱਤੀ ਗਈ।
ਆਨਲਾਈਨ ਸੇਵਾਵਾਂ ਵਿੱਚ ਵਿਘਨ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ ਡਾਊਨਡਿਟੈਕਟਰ (Downdetector) ਅਨੁਸਾਰ, ਸੋਮਵਾਰ ਸਵੇਰੇ ਚੇਜ਼ ਬੈਂਕ ਸਬੰਧੀ ਸ਼ਿਕਾਇਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਸਵੇਰੇ 10 ਵਜੇ ਤੋਂ ਕੁਝ ਸਮੇਂ ਬਾਅਦ ਹੀ 3,400 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।
ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਦਾ ਕਾਰਨ ਸਪੱਸ਼ਟ ਨਹੀਂ
ਬੈਂਕ ਆਫ ਅਮਰੀਕਾ ਅਤੇ ਵੇਲਜ਼ ਫਾਰਗੋ ਦੇ ਗਾਹਕਾਂ ਨੇ ਵੀ ਸੇਵਾਵਾਂ ਵਿੱਚ ਵਿਘਨ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਹਾਲਾਂਕਿ, ਇਨ੍ਹਾਂ ਬੈਂਕਾਂ ਅਤੇ ਯੂਐੱਸ ਬੈਂਕ ਵਿੱਚ ਆਈ ਸਮੱਸਿਆ ਦੀ ਅਸਲ ਹੱਦ ਅਤੇ ਇਸ ਨਾਲ ਪ੍ਰਭਾਵਿਤ ਹੋਏ ਗਾਹਕਾਂ ਦੀ ਗਿਣਤੀ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।
ਬੈਂਕਿੰਗ ਸੇਵਾਵਾਂ ਵਿੱਚ ਵਿਘਨ ਪੈਣ ਦਾ ਕਾਰਨ ਵੀ ਅਜੇ ਸਪੱਸ਼ਟ ਨਹੀਂ ਹੋਇਆ ਹੈ। ਗਾਹਕ ਸਬੰਧਤ ਬੈਂਕਾਂ ਵੱਲੋਂ ਇਸ ਬਾਰੇ ਅਗਲੀ ਜਾਣਕਾਰੀ ਦੀ ਉਡੀਕ ਕਰ ਰਹੇ ਹਨ।